ਨਵੀਂ ਦਿੱਲੀ (ਪੀਟੀਆਈ) : ਲੋਕ ਸਭਾ ਚੋਣਾਂ ਦੇ ਛੇਵੇਂ ਦੌਰ ਦੀਆਂ ਚੋਣਾਂ ਲਈ ਸ਼ੁੱਕਰਵਾਰ ਸ਼ਾਮ ਨੂੰ ਪ੍ਰਚਾਰ ਸਮਾਪਤ ਹੋ ਗਿਆ। ਇਸ ਪੜਾਅ 'ਚ ਸੱਤ ਸੂਬਿਆਂ 'ਚ 59 ਸੀਟਾਂ 'ਤੇ 12 ਮਈ ਨੂੰ ਮਤਦਾਨ ਕਰਵਾਇਆ ਜਾਵੇਗਾ। ਜਿਨ੍ਹਾਂ ਸੀਟਾਂ 'ਤੇ ਮਤਦਾਨ ਕਰਵਾਇਆ ਜਾਵੇਗਾ, ਉਨ੍ਹਾਂ 'ਚੋਂ ਉੱਤਰ ਪ੍ਰਦੇਸ਼ ਦੀਆਂ 14, ਹਰਿਆਣਾ ਦੀਆਂ 10, ਤਿੰਨ ਸੂਬਿਆਂ ਬਿਹਾਰ, ਪੱਛਮੀ ਬੰਗਾਲ ਅਤੇ ਮੱਧ ਪ੍ਰਦੇਸ਼ ਵਿਚੋਂ ਹਰ ਇਕ ਦੀਆਂ ਅੱਠ, ਦਿੱਲੀ ਦੀਆਂ ਸੱਤ ਅਤੇ ਝਾਰਖੰਡ ਦੀਆਂ ਚਾਰ ਸੀਟਾਂ ਸ਼ਾਮਲ ਹਨ।

2014 ਦੀਆਂ ਲੋਕ ਸਭਾ ਚੋਣਾਂ 'ਚ ਇਨ੍ਹਾਂ ਵਿਚੋਂ ਭਾਜਪਾ ਨੇ 45, ਤਿ੍ਣਮੂਲ ਕਾਂਗਰਸ ਨੇ ਅੱਠ, ਕਾਂਗਰਸ ਨੇ ਦੋ ਅਤੇ ਸਪਾ ਅਤੇ ਲੋਜਪਾ ਨੇ ਇਕ-ਇਕ ਸੀਟ ਜਿੱਤੀ ਸੀ। ਸ਼ੁੱਕਰਵਾਰ ਸ਼ਾਮ ਲਾਊਡ ਸਪੀਕਰਾਂ ਦਾ ਰੌਲਾ-ਰੱਪਾ ਖ਼ਤਮ ਹੋ ਗਿਆ। ਐਤਵਾਰ ਨੂੰ ਦਿੱਲੀ ਦੀਆਂ ਸਾਰੀਆਂ ਸੱਤ ਸੀਟਾਂ 'ਤੇ ਮਤਦਾਨ ਕਰਵਾਇਆ ਜਾਵੇਗਾ। ਚੋਣਾਂ 'ਚ ਕਰੀਬ 164 ਉਮੀਦਵਾਰ ਕਿਸਮਤ ਅਜ਼ਮਾ ਰਹੇ ਹਨ। ਰਾਸ਼ਟਰੀ ਰਾਜਧਾਨੀ 'ਚ ਭਾਜਪਾ, ਕਾਂਗਰਸ ਅਤੇ ਆਪ ਵਿਚਾਲੇ ਸਖ਼ਤ ਮੁਕਾਬਲੇ ਦੇ ਆਸਾਰ ਹਨ। ਇੱਥੋਂ ਕਾਂਗਰਸੀ ਨੇਤਾ ਸ਼ੀਲਾ ਦੀਕਸ਼ਿਤ, ਬਾਕਸਰ ਵਿਜੇਂਦਰ ਸਿੰਘ, ਕੇਂਦਰੀ ਮੰਤਰੀ ਹਰਸ਼ਵਰਧਨ ਤੇ ਕ੍ਰਿਕਟਰ ਗੌਤਮ ਗੰਭੀਰ ਆਦਿ ਉਮੀਦਵਾਰ ਹਨ। ਉੱਤਰ ਪ੍ਰਦੇਸ਼ 'ਚ ਸਪਾ ਪ੍ਰਧਾਨ ਅਖਿਲੇਸ਼ ਯਾਦਵ ਅਤੇ ਕੇਂਦਰੀ ਮੰਤਰੀ ਮੇਨਕਾ ਗਾਂਧੀ ਦੇ ਖੇਤਰਾਂ 'ਚ ਵੀ ਇਸੇ ਪੜਾਅ 'ਚ ਵੋਟਾਂ ਪੈਣਗੀਆਂ।