ਸੰਜੇ ਮਿਸ਼ਰ, ਨਵੀਂ ਦਿੱਲੀ : ਪੰਜਾਬ ਵਿਚ ਸੰਗਠਨ ਦੇ ਨਾਲ-ਨਾਲ ਸਰਕਾਰ ਦਾ ਚਿਹਰਾ ਬਦਲਣ ਦੇ ਬਾਅਦ ਵੀ ਕਾਂਗਰਸ ਦੀ ਸਿਆਸੀ ਸਰਦਰਦੀ ਫਿਲਹਾਲ ਖ਼ਤਮ ਹੁੰਦੀ ਨਜ਼ਰ ਨਹੀਂ ਆ ਰਹੀ ਹੈ। ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਨਵਜੋਤ ਸਿੰਘ ਸਿੱਧੂ ਨੂੰ ਚੋਣ ਚਿਹਰਾ ਦੱਸੇ ਜਾਣ ਨੂੰ ਲੈ ਕੇ ਪਾਰਟੀ ਦੇ ਇੰਚਾਰਜ ਜਨਰਲ ਸਕੱਤਰ ਹਰੀਸ਼ ਰਾਵਤ ’ਤੇ ਸੋਮਵਾਰ ਨੂੰ ਜਿਸ ਤਰ੍ਹਾਂ ਨਿਸ਼ਾਨਾ ਵਿੰਨਿ੍ਹਆ ਉਸ ਤੋਂ ਸਾਫ ਹੈ ਕਿ ਗੁਟਾਂ ਵਿਚ ਵੰਡੀ ਪੰਜਾਬ ਕਾਂਗਰਸ ਵਿਚ ਸਭ ਕੁਝ ਠੀਕ ਨਹੀਂ ਹੈ। ਜਾਖੜ ਦੇ ਇਨ੍ਹਾਂ ਤੇਵਰਾਂ ਦਾ ਸਹੀ ਅਸਰ ਰਿਹਾ ਕਿ ਕਾਂਗਰਸ ਲੀਡਰਸ਼ਿਪ ਨੂੰ ਸਫਾਈ ਦੇਣੀ ਪਈ ਕਿ ਅਗਲੀ ਚੋਣ ਵਿਚ ਪਾਰਟੀ ਦਾ ਚਿਹਰਾ ਸਿੱਧੂ ਦੇ ਨਾਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਹੋਣਗੇ। ਕਾਂਗਰਸ ਦੀ ਚਿੰਤਾ ਇੰਨੀ ਹੀ ਨਹੀਂ ਹੈ ਸਗੋਂ ਮੁੱਖ ਮੰਤਰੀ ਅਹੁਦੇ ਤੋਂ ਹਟਾਏ ਗਏ ਕੈਪਟਨ ਅਮਰਿੰਦਰ ਸਿੰਘ ਦੇ ਅਗਲੇ ਰਾਜਨੀਤਕ ਕਦਮ ਨੂੰ ਲੈ ਕੇ ਵੀ ਉਹ ਸ਼ੱਕੀ ਹਨ।

ਪੰਜਾਬ ਦੇ ਮੁੱਖ ਮੰਤਰੀ ਦੇ ਸਹੁੰ ਚੁੱਕ ਪ੍ਰੋਗਰਾਮ ਦੇ ਦਿਨ ਰਾਹੁਲ ਗਾਂਧੀ ਦੀ ਚੰਡੀਗੜ੍ਹ ਵਿਚ ਮੌਜੂਦਗੀ ਦੌਰਾਨ ਸੁਨੀਲ ਜਾਖੜ ਨੇ ਹਰੀਸ਼ ਰਾਵਤ ਦੇ ਬਿਆਨ ਨੂੰ ਜਿਸ ਅੰਦਾਜ਼ ਨਾਲ ਖਾਰਜ ਕਰ ਦਿੱਤਾ ਉਸ ਤੋਂ ਸਾਫ ਹੈ ਕਿ ਅਗਲੀ ਚੋਣ ਦੀ ਲੀਡਰਸ਼ਿਪ ਨੂੰ ਲੈ ਕੇ ਸੂਬਾ ਕਾਂਗਰਸ ਦਾ ਝਗੜਾ ਸਿਰਫ ਕੈਪਟਨ ਤਕ ਹੀ ਸੀਮਤ ਨਹੀਂ ਰਿਹਾ। ਮੁੱਖ ਮੰਤਰੀ ਅਹੁਦੇ ਦੀ ਦੌੜ ਵਿਚ ਪਿਛੜ ਗਏ ਜਾਖੜ ਦੇ ਤੇਵਰਾਂ ਦਾ ਸਿਆਸੀ ਸੁਨੇਹਾ ਇਹ ਵੀ ਹੈ ਕਿ ਭਾਵੇਂ ਕਾਂਗਰਸ ਹਾਈਕਮਾਨ ਸਿੱਧੂ ਨੂੰ ਅਗਲੇ ਮੁੱਖ ਮੰਤਰੀ ਵਜੋਂ ਦੇਖ ਰਹੀ ਹੋਵੇ ਪਰ ਸੂਬਾ ਕਾਂਗਰਸ ਦੇ ਪੁਰਾਣੇ ਦਿਗਜ ਇੰਨੀ ਸਹਿਜਤਾ ਨਾਲ ਸਾਬਕਾ ਕ੍ਰਿਕਟਰ ਨੂੰ ਸਵੀਕਾਰ ਕਰਨ ਨੂੰ ਤਿਆਰ ਨਹੀਂ ਹਨ।

ਕਾਂਗਰਸ ਹਾਈਕਮਾਨ ਨੇ ਰਾਵਤ ਦੇ ਬਿਆਨ ’ਤੇ ਸਫਾਈ ਜਾਰੀ ਕੀਤੀ

ਜਾਖੜ ਦੇ ਇਸ ਬਿਆਨ ਦੇ ਸਿਆਸੀ ਸੁਨੇਹੇ ਵਿਚ ਭਵਿੱਖ ਦੀ ਚਿੰਤਾ ਭਾਂਪਦੇ ਹੋਏ ਹੀ ਕਾਂਗਰਸ ਹਾਈਕਮਾਨ ਨੇ ਰਾਵਤ ਦੇ ਬਿਆਨ ’ਤੇ ਸਫਾਈ ਜਾਰੀ ਕੀਤੀ। ਕਾਂਗਰਸ ਮੀਡੀਆ ਵਿਭਾਗ ਦੇ ਪ੍ਰਮੁੱਖ ਰਣਦੀਪ ਸਿੰਘ ਸੁਰਜੇਵਾਲਾ ਨੇ ਕਿਹਾ ਕਿ ਰਾਵਤ ਦੇ ਬਿਆਨ ਨੂੰ ਸਹੀ ਤਰੀਕੇ ਨਾਲ ਨਹੀਂ ਲਿਆ ਗਿਆ। ਉਨ੍ਹਾਂ ਦੇ ਕਹਿਣ ਦਾ ਮਤਲਬ ਇਹ ਸੀ ਕਿ ਪਾਰਟੀ ਸਿੱਧੂ ਨਾਲ ਮੁੱਖ ਮੰਤਰੀ ਚੰਨੀ ਦੀ ਅਗਵਾਈ ਵਿਚ ਚੋਣ ਲੜੇਗੀ।

ਚੋਣ ਨੇੜੇ ਆਉਣ ’ਤੇ ਕਾਂਗਰਸ ਦੀਆਂ ਚੁਣੌਤੀਆਂ ਹੋਰ ਵਧਣਗੀਆਂ

ਪੰਜਾਬ ਸਰਕਾਰ ਤੇ ਸੰਗਠਨ ਦੇ ਨਵੇਂ ਚਿਹਰੇ ਨੂੰ ਸੰਭਾਲਣ ਦੀ ਕਸਰਤ ਵਿਚ ਜੁੜੇ ਪਾਰਟੀ ਇਸ ਸ਼ੱਕ ਨਾਲ ਵੀ ਚਿੰਤਤ ਹੈ ਕਿ ਜਿਸ ਤਰ੍ਹਾਂ ਸਿਆਸੀ ਆਪ੍ਰੇਸ਼ਨ ’ਤੇ ਅਮਰਿੰਦਰ ਦੀ ਵਿਦਾਈ ਦੀ ਰਾਹ ਕੱਢੀ ਗਈ ਉਸ ਤੋਂ ਦੁਖੀ ਕੈਪਟਨ ਪਲਟਵਾਰ ਵੀ ਕਰ ਸਕਦੇ ਹਨ। ਇਸ ਲਈ ਕਾਂਗਰਸ ਲੀਡਰਸ਼ਿਪ ਇਸ ਗੱਲ ਦੀ ਪੂਰੀ ਕੋਸ਼ਿਸ਼ ਕਰਦੀ ਦਿਖਾਈ ਦੇ ਰਹੀ ਹੈ ਕਿ ਅਜਿਹੇ ਰਾਜਨੀਤਕ ਫੈਸਲਿਆਂ ਤੋਂ ਬਚਿਆ ਜਾਵੇ ਜਿਸ ਨਾਲ ਕੈਪਟਨ ਨੂੰ ਜ਼ਖ਼ਮੀ ਸ਼ੇਰ ਵਜੋਂ ਮੈਦਾਨ ਵਿਚ ਆਉਣ ਦਾ ਮੌਕਾ ਮਿਲੇ। ਇਹੀ ਵਜ੍ਹਾ ਹੈ ਕਿ ਸਿੱਧੂ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਕਾਂਗਰਸ ਹਾਈਕਮਾਨ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਨਹੀਂ ਬਣਾਇਆ। ਕੈਪਟਨ ਨੇ ਅਸਤੀਫਾ ਦੇਣ ਤੋਂ ਬਾਅਦ ਸਾਫ ਐਲਾਨ ਕਰ ਦਿੱਤਾ ਸੀ ਕਿ ਸਿੱਧੂ ਨੂੰ ਜੇਕਰ ਕਮਾਨ ਦਿੱਤੀ ਗਈ ਤਾਂ ਉਹ ਇਸਦਾ ਖੁੱਲ੍ਹ ਕੇ ਵਿਰੋਧ ਕਰਨਗੇ। ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਕਾਂਗਰਸ ਨੇ ਕੈਪਟਨ ਨੂੰ ਇਹ ਮੌਕਾ ਤਾਂ ਨਹੀਂ ਦਿੱਤਾ, ਪਰ ਇਸਦੇ ਬਾਵਜੂਦ ਪਾਰਟੀ ਦੇ ਮੁੱਢਲੇ ਸਿਆਸੀ ਗਲਿਆਰਿਆਂ ਵਿਚ ਇਸ ਅਸ਼ੰਕਾ ਤੋਂ ਨਾਂਹ ਨਹੀਂ ਕੀਤੀ ਜਾ ਰਹੀ ਕਿ ਅਮਰਿੰਦਰ ਨੇ ਪਾਰਟੀ ਤੋਂ ਵੱਖਰੇ ਹੋਣ ਦੀ ਰਾਹ ਫੜੀ ਤਾਂ ਚੋਣ ਨੇੜੇ ਆਉਣ ’ਤੇ ਚੁਣੌਤੀਆਂ ਹੋਰ ਵਧਣਗੀਆਂ।

Posted By: Jatinder Singh