ਜੇਐੱਨਐੱਨ, ਨਵੀਂ ਦਿੱਲੀ: ਦੇਸ਼ 'ਚ ਕੋਰੋਨਾ ਦੇ ਕੇਸਾਂ 'ਚ ਆ ਰਹੀ ਗਿਰਾਵਟ ਹਰ ਕਿਸੇ ਲਈ ਇਕ ਚੰਗੀ ਖ਼ਬਰ ਹੈ। ਇਸ ਨੂੰ ਦੇਖਦੇ ਹੋਏ ਮੰਨਿਆ ਜਾ ਰਿਹਾ ਹੈ ਕਿ ਮਹਾਮਾਰੀ ਦੇ ਖਾਤਮੇ ਦੀ ਸ਼ੁਰੂਆਤ ਹੋ ਗਈ ਹੈ। ਇਸ ਦੇ ਬਾਵਜੂਦ ਵੀ ਕੋਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਦਾ ਅੰਕਡ਼ਾ ਦਿਲ ਦੀ ਧਡ਼ਕਣ ਤੇਜ਼ ਕਰਨ ਵਾਲਾ ਹੈ। ਹਾਲਾਂਕਿ ਰਾਸ਼ਟਰੀ ਰੋਗ ਨਿਯੰਤਰਣ ਕੇਂਦਰ(ਐੱਨਸੀਡੀਸੀ) ਦੇ ਡਾਇਰੈਕਟਰ ਡਾਕਟਰ ਐੱਸਕੇ ਸਿੰਘ ਦਾ ਕਹਿਣਾ ਹੈ ਕਿ ਇਸ ਦੌਰਾਨ ਹੋਈਆਂ ਮੌਤਾਂ 'ਚ ਉਹ ਲੋਕ ਵਧ ਹਨ ਜਿੰਨ੍ਹਾਂ ਨੂੰ ਕੋਰੋਨਾ ਰੋਕੂ ਟੀਕਾ ਨਹੀਂ ਲੱਗਿਆ ਸੀ। ਇਸ ਤੋਂ ਇਲਾਵਾ ਉਹ ਲੋਕ ਸ਼ਾਮਲ ਹਨ ਜੋ ਹੋਰ ਗੰਭੀਰ ਬਿਮਾਰੀਆਂ ਤੋਂ ਪੀਡ਼ਤ ਸਨ। ਡਾ. ਸਿੰਘ ਮੁਤਾਬਕ ਦਿੱਲੀ 'ਚ ਕਰੀਬ 64 ਫ਼ੀਸਦੀ ਮੌਤਾਂ ਅਜਿਹੇ ਹੀ ਲੋਕਾਂ ਦੀਆਂ ਹੋਈਆਂ ਹਨ।

ਆਈਸੀਐੱਸ ਆਰ ਦੇ ਡਾਇਰੈਕਟਰ ਡਾਕਟਰ ਬਲਰਾਮ ਭਾਰਗਵ ਦਾ ਕਹਿਣਾ ਹੈ ਕਿ ਇਸ ਮਹਾਮਾਰੀ ਤੋਂ ਬਚਾਅ ਲਈ ਟੀਕਾਕਰਨ ਸਭ ਤੋਂ ਮੁੱਖ ਹਥਿਆਰ ਹੈ। ਉਨ੍ਹਾਂ ਮੁਤਾਬਕ ਵੀ ਉਨ੍ਹਾਂ ਲੋਕਾਂ ਦੀ ਮੌਤ ਦਾ ਅੰਕਡ਼ਾ ਘੱਟ ਹੈ ਜਿਨ੍ਹਾਂ ਨੇ ਕੋਰੋਨਾ ਰੋਕੂ ਟੀਕਾਕਰਨ ਦੀ ਪੂਰੀ ਡੋਜ਼ ਲਗਵਾਈ ਹੋਈ ਹੈ। ਦੂਸਰੇ ਪਾਸੇ ਕੋਰੋਨਾ ਰੋਕੂ ਟੀਕਾ ਨਾ ਲਗਵਾਉਣ ਵਾਲੇ ਲੋਕਾਂ ਦੀਆਂ ਮੌਤਾਂ ਵਧ ਹੋਈਆਂ ਹਨ। ਇਸ ਲਈ ਡਾਕਟਰ ਨੇ ਅਪੀਲ ਕੀਤੀ ਕਿ ਜਿਨ੍ਹਾਂ ਲੋਕਾਂ ਨੇ ਅਜੇ ਤੱਕ ਟੀਕਾਕਰਨ ਨਹੀਂ ਕਰਵਾਇਆ ਉਹ ਜਲਦ ਤੋਂ ਜਲਦ ਕੋਰੋਨਾ ਰੋਕੂ ਟੀਕਾ ਲਗਵਾ ਲੈਣ। ਜਿਨ੍ਹਾਂ ਸੂਬਿਆਂ 'ਚ ਟੀਕਾਕਰਨ ਦੀ ਰਫ਼ਤਾਰ ਘੱਟ ਹੈ ਉਹ ਇਸ ਦੀ ਰਫ਼ਤਾਰ ਨੂੰ ਵਧਾਉਣ ਲਈ ਯਤਨ ਕਰਨ। ਗੰਭੀਰ ਬਿਮਾਰੀਆਂ ਦੇ ਸ਼ਿਕਾਰ ਲੋਕਾਂ ਨੂੰ ਭੀਡ਼-ਭਾਡ਼ ਵਾਲੀਆਂ ਥਾਵਾਂ 'ਤੇ ਜਾਣ ਤੋਂ ਬਚਣਾ ਚਾਹੀਦਾ ਹੈ।

ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਦਾ ਕਹਿਣਾ ਹੈ ਕਿ ਟੀਕਾਕਰਨ ਜ਼ਰੀਏ ਕੋਰੋਨਾ ਦੇ ਮਾਮਲਿਆਂ 'ਚ ਕਮੀ ਆਈ ਹੈ। ਦੱਸਣਯੋਗ ਹੈ ਕਿ ਕੋਰੋਨਾ ਦੀ ਦੂਸਰੀ ਲਹਿਰ ਦੌਰਾਨ ਦੇਸ਼ 'ਚ 7 ਮਈ ਨੂੰ 414188 ਨਵੇਂ ਮਾਮਲੇ ਸਾਹਮਣੇ ਆਏ ਸੀ ਤੇ 3679 ਲੋਕਾਂ ਦੀ ਮੌਤ ਹੋਈ ਸੀ। ਉੱਥੇ ਹੀ 21 ਜਨਵਰੀ 2022 ਨੂੰ ਦੇਸ਼ 'ਚ 347254 ਮਾਮਲੇ ਸਾਹਮਣੇ ਆਏ ਸਨ ਤੇ 435 ਲੋਕਾਂ ਦੀ ਮੌਤ ਹੋਈ ਸੀ। ਇਸ ਦਾ ਇਕ ਅਰਥ ਸਾਫ ਹੈ ਕਿ ਟੀਕਾਕਰਨ ਨਾਲ ਮੌਤ ਦਾ ਰਿਸਕ ਪਹਿਲਾਂ ਦੇ ਮੁਕਾਬਲੇ ਘੱਟ ਹੋਇਆ ਹੈ।

Posted By: Sarabjeet Kaur