ਨਵੀਂ ਦਿੱਲੀ, ਏਜੰਸੀ : ਸੁਸਤ ਅਰਥਵਿਵਸਥਾ ਦੇ ਮੁੱਦੇ 'ਤੇ ਲੋਕ ਸਭਾ 'ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵਿਰੋਧੀ ਧਿਰ ਦੇ ਸਵਾਲਾਂ ਦਾ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਅਸੀਂ (ਸਰਕਾਰ) ਵਿਰੋਧੀਆਂ ਦੀਆਂ ਗੱਲਾਂ ਸੁਣਨ ਲਈ ਤਿਆਰ ਹਾਂ। ਮੈਂ ਬਹੁਤ ਸੁਣਿਆ ਅਤੇ ਹੁਣ ਜਵਾਬ ਦੇਣ ਆਈ ਹਾਂ। ਮੈਂ ਭੱਜਣ ਵਾਲਿਆਂ 'ਚੋਂ ਨਹੀਂ ਹਾਂ, ਇਹ ਸਾਡੀ ਪਾਰਟੀ ਦਾ ਸੱਭਿਆਚਾਰ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਬਜਟ ਤੋਂ ਪਹਿਲਾਂ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖ਼ਰਜੀ ਅਤੇ ਸਾਬਕਾ ਪੀਐੱਮ ਡਾ. ਮਨਮੋਹਨ ਸਿੰਘ ਨਾਲ ਮੁਲਾਕਾਤ ਕੀਤੀ ਸੀ।

ਵਿਰੋਧੀਆਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਕਾਰਪੋਰੇਟ ਟੈਕਸ ਘਟਾਉਣ ਨਾਲ ਨਿਵੇਸ਼ ਵਧਾਉਣ 'ਚ ਮਦਦ ਮਿਲੇਗੀ। ਸਾਡੀ ਸਰਕਾਰ ਲਗਾਤਾਰ ਵਿੱਤੀ ਅਨੁਸ਼ਾਸਨ 'ਤੇ ਕਾਇਮ ਰਹੀ ਹੈ।

ਲੋਕ ਸਭਾ 'ਚ ਵਿੱਤ ਮੰਤਰੀ ਨਿਰਮਲਾ ਨੇ ਕਿਹਾ ਕਿ ਸਾਨੂੰ 'ਸੂਟ-ਬੂਟ ਵਾਲੀ ਸਰਕਾਰ' ਵਾਰ-ਵਾਰ ਕਿਹਾ ਜਾਂਦਾ ਹੈ। ਸਾਨੂੰ ਦੱਸਿਆ ਗਿਆ ਹੈ ਕਿ ਕਾਰਪੋਰੇਟ ਟੈਕਸ ਘੱਟ ਕਰਨ ਨਾਲ ਸਿਰਫ਼ ਅਮੀਰ ਨੂੰ ਮਦਦ ਮਿਲਦੀ ਹੈ। ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਕਾਰਪੋਰੇਟ ਟੈਕਸ ਕਟੌਤੀ ਕੰਪਨੀ ਐਕਟ ਅਨੁਸਾਰ ਰਜਿਸਟਰਡ ਸਾਰੇ ਛੋਟੇ ਅਤੇ ਵੱਡੇ ਵਪਾਰਾਂ 'ਚ ਮਦਦ ਕਰਦੀ ਹੈ।

ਦੱਸ ਦੇਈਏ ਕਿ ਅੱਜ ਸੰਸਦ ਦੇ ਸਰਦ ਰੁੱਤ ਸੈਸ਼ਨ ਦਾ 11ਵਾਂ ਦਿਨ ਹੈ। ਸਰਦ ਰੁੱਤ ਸੈਸ਼ਨ ਆਪਣੇ ਤੀਜੇ ਹਫ਼ਤੇ 'ਚ ਦਾਖਲ ਕਰ ਰਿਹਾ ਹੈ। ਅੱਜ ਸੰਸਦ 'ਚ ਹੈਦਰਾਬਾਦ ਦੀ ਘਟਨਾ 'ਤੇ ਹੰਗਾਮਾ ਹੋਇਆ। ਸੰਸਦ ਦੇ ਦੋਵਾਂ ਸਦਨਾਂ 'ਚ ਇਸ ਮੁੱਦੇ 'ਤੇ ਹੰਗਾਮਾ ਹੋ ਗਿਆ ਹੈ। ਯਾਦ ਰਹੇ ਕਿ ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਪੂਰੇ ਦੇਸ਼ 'ਚ ਗੁੱਸਾ ਹੈ, ਜਿਸ ਦੀ ਆਵਾਜ਼ ਅੱਜ ਸੰਸਦ 'ਚ ਵੀ ਗੂੰਜ ਰਹੀ ਹੈ।

Posted By: Jagjit Singh