ਨਵੀਂ ਦਿੱਲੀ (ਏਐੱਨਆਈ) : ਕਾਂਗਰਸੀ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਕਸ਼ਮੀਰ 'ਤੇ ਯੂਐੱਨ ਮਤਾ ਲਾਗੂ ਕਰਨ ਦੀ ਮੰਗ ਦਾ ਵਿਰੋਧ ਕੀਤਾ ਹੈ। ਕਾਂਗਰਸ ਸੰਸਦ ਮੈਂਬਰ ਨੇ ਕਿਹਾ ਹੈ ਕਿ 72 ਸਾਲ ਅਤੇ ਚਾਰ ਜੰਗਾਂ ਅਤੇ ਗ਼ੁਲਾਮ ਕਸ਼ਮੀਰ ਵਿਚ ਆਬਾਦੀ ਅਤੇ ਖੇਤਰੀ ਸਰਹੱਦ ਵਿਚ ਹੋਏ ਬਦਲਾਅ ਤੋਂ ਬਾਅਦ ਯੂਐੱਨ ਮਤੇ ਨੂੰ ਜ਼ਿੰਦਾ ਕਰਨਾ ਮੂਰਖਤਾਪੂਰਨ ਗੱਲ ਹੈ।

ਥਰੂਰ ਨੇ ਟਵੀਟ ਕੀਤਾ ਹੈ, 'ਭਾਵੇਂ ਪਾਕਿਸਤਾਨ ਜਾਂ ਬਰਤਾਨੀਆ ਦੇ ਜਿਹੜੇ ਲੋਕ ਕਸ਼ਮੀਰ 'ਤੇ ਯੂਐੱਨ ਮਤਾ ਲਾਗੂ ਕਰਨ ਦੀ ਮੰਗ ਕਰ ਰਹੇ ਹਨ, ਉਹ 1948 ਦੇ ਹਾਲਾਤ ਦੀ ਅਸਲ ਜ਼ਰੂਰਤ ਨੂੰ ਦੇਖ ਲੈਣ। ਇਸ ਨੂੰ ਪੂਰੀ ਤਰ੍ਹਾਂ ਨਹੀਂ ਪੈਰਾ ਦਰ ਪੈਰਾ ਅਪਣਾਉਣ ਦੀ ਜ਼ਰੂਰਤ ਸੀ। ਐਲਾਨ ਕੀਤਾ ਗਿਆ ਸੀ ਕਿ ਸਮੇਂਬੱਧ ਜਵਾਬਦੇਹੀ ਕ੍ਰਮ ਤੋਂ ਲਾਗੂ ਹੋਵੇਗੀ।' ਇਕ ਹੋਰ ਟਵੀਟ ਵਿਚ ਥਰੂਰ ਨੇ ਕਿਹਾ ਹੈ, 'ਪਹਿਲਾਂ ਪਾਕਿਸਤਾਨ ਨੂੰ ਸਾਰੇ ਕਬਾਇਲੀ ਅਤੇ ਪਾਕਿਸਤਾਨੀ ਨਾਗਰਿਕਾਂ ਨੂੰ ਵਾਪਸ ਲੈਣਾ ਸੀ। ਉਸ ਨੇ ਕਿਹਾ ਸੀ ਕਿ ਉਸ ਦੀ ਫ਼ੌਜ ਸ਼ਾਮਲ ਨਹੀਂ ਸੀ। ਦੂਜਾ, ਭਾਰਤ ਗ਼ੁਲਾਮ ਕਸ਼ਮੀਰ ਵਿਚ ਅੱਗੇ ਵਧੇਗਾ ਅਤੇ ਜੰਮੂ-ਕਸ਼ਮੀਰ ਵਿਚ ਆਪਣੀ ਫ਼ੌਜ ਘੱਟ ਕਰੇਗਾ।'

ਥਰੂਰ ਨੇ ਕਿਹਾ ਕਿ ਭਾਰਤ ਨੇ ਨਹੀਂ ਬਲਕਿ ਪਾਕਿਸਤਾਨ ਨੇ ਹੀ ਆਪਣੀ ਪਹਿਲੀ ਸ਼ਰਤ ਪੂਰੀ ਨਹੀਂ ਕੀਤੀ। ਇਸ ਤੋਂ ਬਾਅਦ ਵੀ ਉਹ ਚਾਰ ਜੰਗਾਂ ਅਤੇ 72 ਸਾਲ ਬੀਤ ਜਾਣ ਦੇ ਬਾਅਦ ਮਤਾ ਲਾਗੂ ਕਰਨ ਦੀ ਮੂਰਖਤਾਪੂਰਨ ਮੰਗ ਕਰ ਰਿਹਾ ਹੈ।