Farmers Protest : ਪੰਜਾਬ ਤੋਂ ਮਿਲਿਆ ਦਿੱਲੀ ਪੁਲਿਸ ਨੂੰ ਸਭ ਤੋਂ ਵੱਡਾ ਚੈਲੰਜ, ਲੱਖਾ ਸਿਧਾਣਾ ਬੋਲਿਆ- ਆ ਰਿਹਾ ਹਾਂ ਕੁੰਡਲੀ ਬਾਰਡਰ
Publish Date:Fri, 09 Apr 2021 11:00 AM (IST)
ਜੇਐੱਨਐੱਨ, ਨਵੀਂ ਦਿੱਲੀ : 26 ਜਨਵਰੀ ਨੂੰ ਲਾਲ ਕਿਲ੍ਹੇ 'ਤੇ ਹੋਈ ਹਿੰਸਾ ਦਾ ਮੁਲਜ਼ਮ ਲੱਖਾ ਸਿਧਾਣਾ ਨੇ ਐਲਾਨ ਕੀਤਾ ਹੈ ਕਿ ਉਹ 10 ਅਪ੍ਰੈਲ ਨੂੰ 24 ਘੰਟੇ ਲਈ ਕੇਐੱਮਪੀ (ਕੁੰਡਲੀ-ਮਾਨੇਸਰ-ਪਲਵਲ) ਐਕਸਪ੍ਰੈੱਸ ਵੇਅ ਨੂੰ ਜਾਮ ਕਰਨ ਦੇ ਅੰਦੋਲਨ 'ਚ ਸ਼ਾਮਲ ਹੋਵੇਗਾ। ਸਿਧਾਣਾ ਤੇ ਦਿੱਲੀ ਪੁਲਿਸ ਨੇ ਇਕ ਲੱਖ ਰੁਪਏ ਦਾ ਇਨਾਮ ਐਲਾਨ ਕਰ ਰੱਖਿਆ ਹੈ। ਉਸ ਨੇ ਇੰਟਰਨੈੱਟ ਮੀਡੀਆ 'ਤੇ ਵੀਡੀਓ ਪੋਸਟ ਕਰ ਕੇ ਪੰਜਾਬ ਦੇ ਲੋਕਾਂ ਨੂੰ ਵੱਡੀ ਗਿਣਤੀ 'ਚ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਚੱਲ ਰਹੇ ਅੰਦੋਲਨ 'ਤੇ 10 ਅਪ੍ਰੈਲ ਦੇ ਰੋਡ ਜਾਮ 'ਚ ਸ਼ਾਮਲ ਹੋਣ ਦੀ ਅਪੀਲ ਕੀਤੀ।
9 ਅਪ੍ਰੈਲ ਨੂੰ ਕੁੰਡਲੀ ਬਾਰਡਰ ਲਈ ਚਲੇਗਾ ਲੱਖਾ
ਆਪਣੀ ਵੀਡੀਓ 'ਚ ਲੱਖਾ ਨੇ ਕਿਹਾ ਕਿ ਉਹ ਵੀ ਸਾਥੀਆਂ ਨਾਲ 9 ਅਪ੍ਰੈਲ ਨੂੰ ਹੀ ਸੰਗਰੂਰ ਦੇ ਮਸਤੁਆਨਾ ਸਾਹਿਬ ਗੁਰਦੁਆਰਾ ਤੋਂ ਦਿੱਲੀ (ਕੁੰਡਲੀ ਬਾਰਡਰ) ਲਈ ਚਲੇਗਾ ਤੇ ਵੱਡੀ ਗਿਣਤੀ 'ਚ ਨੌਜਵਾਨਾਂ ਨਾਲ ਅੰਦੋਲਨ 'ਚ ਸ਼ਾਮਲ ਹੋਵੇਗਾ ਤੇ ਦਬਾਅ ਬਣਾਉਣ ਲਈ ਅੰਦੋਲਨ ਤੇਜ਼ ਕਰਨਾ ਹੋਵੇਗਾ। ਲੱਖਾ ਸਿਧਾਨਾ ਦੇ ਆਉਣ ਦੀ ਸੂਚਨਾ 'ਤੇ ਪੁਲਿਸ ਪ੍ਰਸ਼ਾਸਨ ਵੀ ਐਲਰਟ ਹੋ ਗਿਆ ਹੈ।
ਪੁਲਿਸ ਨੇ ਕਿਹਾ- ਨਹੀਂ ਮਿਲਿਆ ਕੋਈ ਇਨਪੁੱਟ
ਹਾਲਾਂਕਿ, ਪੁਲਿਸ ਵੱਲੋਂ ਇਸ ਸਬੰਧ 'ਚ ਕਿਸੇ ਤਰ੍ਹਾਂ ਦੀ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਸ਼ਿਆਮ ਲਾਲ ਪੁਨੀਆ ਨੇ ਦੱਸਿਆ ਕਿ ਫਿਲਹਾਲ ਲੱਖਾ ਦੇ ਆਉਣ ਦੇ ਸਬੰਧ 'ਚ ਕੋਈ ਇਨਪੁੱਟ ਨਹੀਂ ਹੈ। ਜੇ ਪੁਲਿਸ ਦਾ ਇਨਾਮੀ ਮੁਲਜ਼ਮ ਇੱਥੇ ਆਉਂਦਾ ਹੈ ਤਾਂ ਪੁਲਿਸ ਨਿਯਮ ਮੁਤਾਬਿਕ ਕਾਰਵਾਈ ਜ਼ਰੂਰ ਕਰੇਗੀ।
Posted By: Amita Verma