ਨਵੀਂ ਦਿੱਲੀ (ਏਜੰਸੀਆਂ) : ਸੁਪਰੀਮ ਕੋਰਟ ਨੇ ਖੇਤੀ ਕਾਨੂੰਨਾਂ ਦੇ ਮਸਲੇ ’ਤੇ ਕਿਸਾਨਾਂ ਤੇ ਸਰਕਾਰ ਦਰਮਿਆਨ ਤਣਾਅ ਖ਼ਤਮ ਕਰਨ ਤੇ ਗੱਲਬਾਤ ਜ਼ਰੀਏ ਹੱਲ ਕੱਢਣ ਦੀ ਪਹਿਲ ਜ਼ਰੂਰ ਕੀਤੀ ਹੈ ਪਰ ਵਿਰੋਧ ਰੁਕਦਾ ਨਜ਼ਰ ਨਹੀਂ ਆ ਰਿਹਾ ਹੈ। ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਵਿਰੋਧ-ਪ੍ਰਦਰਸ਼ਨ ਬੁੱਧਵਾਰ ਨੂੰ 49ਵੇਂ ਦਿਨ ਵੀ ਜਾਰੀ ਰਿਹਾ। ਕਿਸਾਨ ਸੰਗਠਨਾਂ ਨੇ ਆਪਣੀ ਅਗਲੀ ਰਣਨੀਤੀ ਦੇ ਮਸਲੇ ’ਤੇ ਬੈਠਕ ਕੀਤੀ। ਬੈਠਕ ਦਰਮਿਆਨ ਕਿਸਾਨਾਂ ਨੇ ਲੋਹੜੀ ਮੌਕੇ ਨਵੇਂ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ। ਸੰਕੇਤ ਸਾਫ ਹੈ ਕਿ ਕਿਸਾਨ ਆਉਣ ਵਾਲੇ ਦਿਨਾਂ ਵਿਚ ਅੰਦੋਲਨ ਨੂੰ ਹੋਰ ਤੇਜ਼ ਕਰਨਗੇ। ਉੱਥੇ ਇਸ ਮਸਲੇ ’ਤੇ ਸਿਆਸਤ ਵੀ ਜਾਰੀ ਹੈ।

18 ਜਨਵਰੀ ਨੂੰ ਜ਼ਿਲ੍ਹਾ ਹੈੱਡਕੁਆਟਰਾਂ ’ਤੇ ਵਿਰੋਧ ਪ੍ਰਦਰਸ਼ਨ

ਕਿਸਾਨ ਨੇਤਾ ਦਰਸ਼ਨਪਾਲ ਸਿੰਘ ਨੇ ਕਿਹਾ ਕਿ ਅਸੀਂ ਤਿੰਨ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਸਰਕਾਰ ਨੂੰ ਸੁਨੇਹਾ ਦਿੱਤਾ ਹੈ ਕਿ ਇਸੇ ਤਰ੍ਹਾਂ ਇਹ ਬਿੱਲ ਇਕ ਦਿਨ ਸਾਡੇ ਗੁੱਸੇ ਦੀ ਭੇਟ ਚੜ੍ਹਨਗੇ ਤੇ ਸਰਕਾਰ ਨੂੰ ਕਾਨੂੰਨ ਵਾਪਸ ਲੈਣੇ ਪੈਣਗੇ। 18 ਤਾਰੀਖ ਨੂੰ ਔਰਤਾਂ ਪੂਰੇ ਦੇਸ਼ ਵਿਚ ਬਾਜ਼ਾਰਾਂ ਵਿਚ, ਐੱਸਡੀਐੱਮ ਦਫਤਰਾਂ, ਜ਼ਿਲ੍ਹਾ ਹੈੱਡਕੁਆਟਰਾਂ ਵਿਚ ਵਿਰੋਧ ਪ੍ਰਦਰਸ਼ਨ ਕਰਨਗੀਆਂ।

ਟਿਕੈਤ ਬੋਲੇ — ਦਿੱਲੀ ਦੀਆਂ ਸੜਕਾਂ ’ਤੇ ਦੌੜਨਗੇ 10 ਸਾਲ ਪੁਰਾਣੇ ਟਰੈਕਟਰ

ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਅੰਦੋਲਨ ਨੂੰ ਹੋਰ ਤੇਜ਼ ਕਰਨ ਦੀ ਗੱਲ ਕਹੀ। ਉਨ੍ਹਾਂ ਨੇ ਕਿਹਾ ਕਿ ਖੇਤੀ ਕਾਨੂੰਨ ਕਿਵੇਂ ਖ਼ਤਮ ਹੋਣ ਸਰਕਾਰ ਨੂੰ ਇਸ ’ਤੇ ਕੰਮ ਕਰਨਾ ਚਾਹੀਦਾ ਹੈ। ਸਰਕਾਰ ਨੇ 10 ਸਾਲ ਪੁਰਾਣੇ ਟਰੈਕਟਰਾਂ ’ਤੇ ਬੈਨ ਲਗਾਇਆ ਹੈ ਤਾਂ ਅਸੀਂ 10 ਸਾਲ ਪੁਰਾਣੇ ਟਰੈਕਟਰਾਂ ਨੂੰ ਦਿੱਲੀ ਦੀਆਂ ਸੜਕਾਂ ’ਤੇ ਚਲਾ ਕੇ ਦਿਖਾਵਾਂਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅੰਦੋਲਨ ਵਿਚ ਜੇਕਰ ਕੋਈ ਦੇਸ਼ ਵਿਰੋਧੀ ਗੱਲਾਂ ਕਰ ਰਿਹਾ ਹੈ ਤਾਂ ਸਰਕਾਰ ਨੂੰ ਉਸ ਨੂੰ ਗਿ੍ਫਤਾਰ ਕਰਨਾ ਚਾਹੀਦਾ ਹੈ।

Posted By: Susheel Khanna