ਜਾਗਰਣ ਬਿਊਰੋ, ਨਵੀਂ ਦਿੱਲੀ : ਸਰਕਾਰ ਵਿਦੇਸ਼ ਤੋਂ ਮੈਡੀਕਲ ਦੀ ਪੜ੍ਹਾਈ ਕਰਨ ਵਾਲੇ ਡਾਕਟਰਾਂ ਨੂੰ ਭਾਰਤ ਵਿਚ ਪ੍ਰੈਕਟਿਸ ਸ਼ੁਰੂ ਕਰਨ ਵਿਚ ਆ ਰਹੀਆਂ ਦਿੱਕਤਾਂ ਨੂੰ ਦੂਰ ਕਰਨ ਵਿਚ ਮਦਦ ਕਰਨ ਦੀ ਤਿਆਰੀ ਵਿਚ ਲੱਗੀ ਹੈ।

ਇਸ ਲਈ ਇਨ੍ਹਾਂ ਡਾਕਟਰਾਂ ਨੂੰ ਵਿਸ਼ੇਸ਼ ਟ੍ਰੇਨਿੰਗ ਦਿੱਤੀ ਜਾਏਗੀ। ਵਿਦੇਸ਼ ਵਿਚ ਪੜ੍ਹਾਈ ਕਰਨ ਵਾਲੇ ਡਾਕਟਰਾਂ ਨੂੰ ਭਾਰਤ ਵਿਚ ਪ੍ਰਰੈਕਟਿਸ ਸ਼ੁਰੂ ਕਰਨ ਲਈ ਇਕ ਵਿਸ਼ੇਸ਼ ਪ੍ਰੀਖਿਆ ਦੇਣੀ ਹੁੰਦੀ ਹੈ ਪ੍ਰੰਤੂ ਇਸ ਵਿਚ ਜ਼ਿਆਦਾਤਰ ਡਾਕਟਰ ਫੇਲ੍ਹ ਹੋ ਜਾਂਦੇ ਹਨ।

ਸਿਹਤ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ 2014 ਤੋਂ 2018 ਵਿਚਕਾਰ ਵਿਦੇਸ਼ ਤੋਂ ਮੈਡੀਕਲ ਦੀ ਪੜ੍ਹਾਈ ਕਰਨ ਵਾਲੇ 74,202 ਡਾਕਟਰਾਂ ਨੇ ਪ੍ਰੈਕਟਿਸ ਸ਼ੁਰੂ ਕਰਨ ਲਈ ਹੋਣ ਵਾਲੀ ਲਾਜ਼ਮੀ ਫਾਰੇਨ ਮੈਡੀਕਲ ਗ੍ਰੈਜੂਏਟ ਪ੍ਰੀਖਿਆ ਦਿੱਤੀ ਸੀ। ਇਨ੍ਹਾਂ ਵਿਚੋਂ ਕੇਵਲ 10,400 ਡਾਕਟਰ ਹੀ ਇਸ ਪ੍ਰੀਖਿਆ ਵਿਚ ਸਫਲ ਹੋ ਸਕੇ।

ਹੁਣ ਸਿਹਤ ਮੰਤਰਾਲਾ ਵਿਦੇਸ਼ ਤੋਂ ਪੜ੍ਹ ਕੇ ਆਉਣ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਟ੍ਰੇਨਿੰਗ ਦੇਣ ਦੀ ਤਿਆਰੀ ਵਿਚ ਲੱਗਾ ਹੈ ਤਾਂਕਿ ਉਨ੍ਹਾਂ ਨੂੰ ਭਾਰਤ ਵਿਚ ਪੜ੍ਹਾਈ ਕਰਨ ਵਾਲੇ ਡਾਕਟਰਾਂ ਦੇ ਸਮਾਨ ਗੁਣਵਤਾ ਤਕ ਲਿਆਇਆ ਜਾ ਸਕੇ। ਇਸ ਤਹਿਤ ਕਈ ਓਪਨ ਆਨਲਾਈਨ ਕੋਰਸ ਦੇ ਨਾਲ-ਨਾਲ ਉਨ੍ਹਾਂ ਨੂੰ ਕਲੀਨਿਕਲ ਸਕਿਲ ਲੈਬ ਦੀ ਸਹੂਲਤ ਮੁਹੱਈਆ ਕਰਵਾਈ ਜਾਏਗੀ।

ਵਿਦੇਸ਼ ਤੋਂ ਮੈਡੀਕਲ ਦੀ ਪੜ੍ਹਾਈ ਕਰ ਕੇ ਵਾਪਸ ਆਉਣ ਵਾਲੇ ਡਾਕਟਰਾਂ ਦਾ ਦੋਸ਼ ਹੈ ਕਿ ਫਾਰੇਨ ਮੈਡੀਕਲ ਗ੍ਰੈਜੂਏਟ ਪ੍ਰੀਖਿਆ ਵਿਚ ਭਾਰਤੀ ਡਾਕਟਰਾਂ ਦੇ ਮੁਕਾਬਲੇ ਜਾਣ ਬੁੱਝ ਕੇ ਔਖੇ ਸਵਾਲ ਪੁੱਛੇ ਜਾਂਦੇ ਹਨ। ਇਸੇ ਕਾਰਨ ਸਿਰਫ਼ 10 ਫ਼ੀਸਦੀ ਡਾਕਟਰ ਇਸ ਨੂੰ ਪਾਸ ਕਰ ਪਾਉਂਦੇ ਹਨ। ਇਹ ਪ੍ਰੀਖਿਆ ਜੂਨ ਅਤੇ ਦਸੰਬਰ ਵਿਚ ਸਾਲ ਵਿਚ ਦੋ ਵਾਰ ਲਈ ਜਾਂਦੀ ਹੈ।

ਸਿਹਤ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਆਉਣ ਵਾਲੇ ਇਕ-ਦੋ ਸਾਲਾਂ ਵਿਚ ਵਿਦੇਸ਼ ਵਿਚ ਪੜ੍ਹਾਈ ਕਰ ਕੇ ਆਉਣ ਵਾਲੇ ਵਿਦਿਆਰਥੀਆਂ ਲਈ ਨਵੀਂ ਪ੍ਰੀਖਿਆ ਦੀ ਲੋੜ ਹੀ ਖ਼ਤਮ ਹੋ ਜਾਏਗੀ।

ਉਨ੍ਹਾਂ ਕਿਹਾ ਕਿ 1956 ਦੇ ਐੱਮਸੀਆਈ ਕਾਨੂੰਨ ਦੀ ਧਾਰਾ 13 (4ਏ) ਤਹਿਤ ਵਿਦੇਸ਼ੀ ਡਾਕਟਰਾਂ ਲਈ ਵਿਸ਼ੇਸ਼ ਪ੍ਰੀਖਿਆ ਪਾਸ ਕਰਨਾ ਲਾਜ਼ਮੀ ਸੀ ਪ੍ਰੰਤੂ ਹੁਣ ਐੱਮਸੀਆਈ ਨੂੰ ਰੱਦ ਕਰ ਕੇ ਸਰਕਾਰ ਰਾਸ਼ਟਰੀ ਆਯੁਰ ਵਿਗਿਆਨ ਆਯੋਗ ਦਾ ਗਠਨ ਕਰਨ ਜਾ ਰਹੀ ਹੈ। ਇਸ ਨਾਲ ਸਬੰਧਿਤ ਕਾਨੂੰਨ ਸੰਸਦ ਦੇ ਪਿਛਲੇ ਮੌਨਸੂਨ ਇਜਲਾਸ ਵਿਚ ਪਾਸ ਹੋ ਚੁੱਕਾ ਹੈ।

ਨਵੇਂ ਕਾਨੂੰਨ ਵਿਚ ਵਿਦੇਸ਼ ਵਿਚ ਪੜ੍ਹਾਈ ਕਰਨ ਵਾਲੇ ਡਾਕਟਰਾਂ ਨੂੰ ਵੀ ਭਾਰਤੀ ਡਾਕਟਰਾਂ ਦੇ ਨਾਲ ਇਕ ਹੀ ਐਗਜ਼ਿਟ ਪ੍ਰੀਖਿਆ ਦੇਣੀ ਹੋਵੇਗੀ। ਦਰਅਸਲ ਐੱਮਬੀਬੀਐੱਸ ਦੀ ਅੰਤਿਮ ਸਾਲ ਦੀ ਪ੍ਰੀਖਿਆ ਨੂੰ ਐਗਜ਼ਿਟ ਪ੍ਰੀਖਿਆ ਵਿਚ ਬਦਲ ਦਿੱਤਾ ਗਿਆ ਹੈ ਜੋ ਪੂਰੇ ਦੇਸ਼ ਵਿਚ ਇਕ ਸਮਾਨ ਹੋਵੇਗੀ। ਇਸ ਨਾਲ ਐੱਮਬੀਬੀਐੱਸ ਡਾਕਟਰਾਂ ਦੀ ਗੁਣਵਤਾ ਵਿਚ ਸਮਾਨਤਾ ਲਿਆਉਣ ਵਿਚ ਮਦਦ ਮਿਲੇਗੀ।