ਜਾਗਰਣ ਬਿਊਰੋ, ਨਵੀਂ ਦਿੱਲੀ : ਇੰਟਰਨੈਸ਼ਨਲ ਰੋਡ ਫੈੱਡਰੇਸ਼ਨ (ਆਈਆਰਐੱਫ) ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਤੋਂ ਦੋਪਹੀਆ ਵਾਹਨ ਸਵਾਰਾਂ ਵੱਲੋਂ ਪਹਿਨੇ ਜਾਣ ਵਾਲੇ ਹੈੱਲਮੇਟ ’ਤੇ ਜੀਐੱਸਟੀ ਖਤਮ ਕਰਨ ਦੀ ਮੰਗ ਕੀਤੀ ਹੈ। ਫੈੱਡਰੇਸ਼ਨ ਦੇ ਪ੍ਰਧਾਨ (ਐਮੀਰੇਟਸ) ਕੇਕੇ ਕਪਿਲਾ ਨੇ ਬਾਸ਼ ਰਿਪੋਰਟ ਦਾ ਜ਼ਿਕਰ ਕਰਦੇ ਹੋਏ ਵਿੱਤ ਮੰਤਰੀ ਨੂੰ ਪੱਤਰ ਲਿਖਿਆ ਹੈ ਕਿ ਵਧੇਰੇ ਦੋਪਹੀਆ ਵਾਹਨ ਚਾਲਕ ਆਰਥਿਕ ਤੌਰ ’ਤੇ ਕਮਜ਼ੋਰ ਵਰਗ ਜਾਂ ਹੇਠਲੇ ਆਮਦਨ ਵਰਗ ਨਾਲ ਸਬੰਧਤ ਹੁੰਦੇ ਹਨ। ਹੈੱਲਮੇਟ ’ਤੇ 18 ਫੀਸਦੀ ਜੀਐੱਸਟੀ ਲੱਗਦਾ ਹੈ, ਜਿਸ ਨਾਲ ਉਨ੍ਹਾਂ ਦਾ ਮੁੱਲ ਵੱਧ ਜਾਂਦਾ ਹੈ। ਸੜਕ ਸੁਰੱਖਿਆ ਦੇ ਲਿਹਾਜ਼ ਨਾਲ ਇਹ ਜ਼ਰੂਰੀ ਹੈ ਕਿ ਦੋਪਹੀਆ ਵਾਹਨਾਂ ’ਤੇ ਸਵਾਰੀ ਕਰਨ ਵਾਲੇ ਲੋਕ ਨਿਯਮਾਂ ਦੇ ਅਨੁਸਾਰ ਜ਼ਰੂਰੀ ਤੌਰ ’ਤੇ ਹੈੱਲਮੇਟ ਪਾਉਣ। ਜੀਵਨ ਬਚਾਉਣ ਵਾਲੇ ਯੰਤਰ ’ਤੇ 18 ਫੀਸਦੀ ਜੀਐੱਸਟੀ ਉਚਿਤ ਨਹੀਂ ਹੈ। ਕਪਿਲਾ ਮੁਤਾਬਕ ਇਸ ਕਾਰਨ ਲੋਕ ਘੱਟ ਗੁਣਵੱਤਾ ਵਾਲੇ ਹੈੱਲਮੇਟ ਨਹੀਂ ਖਰੀਦਣਗੇ। ਇਸ ਨਾਲ ਸੜਕ ਹਾਦਸਿਆਂ ’ਚ ਜਾਨਾਂ ਗੁਆਉਣ ਵਾਲਿਆਂ ਦੀ ਗਿਣਤੀ ’ਚ ਕਮੀ ਆਵੇਗੀ ਅਤੇ ਦੂਜਾ ਹਾਦਸਿਆਂ ਕਾਰਨ ਹੋਣ ਵਾਲੇ ਆਰਥਿਕ ਨੁਕਸਾਨ ਨੂੰ ਘਟਾਉਣ ’ਚ ਮਦਦ ਮਿਲੇਗੀ। ਬਾਸ਼ ਦੀ ਰਿਪੋਰਟ ਮੁਤਾਬਕ ਸੜਕ ਹਾਦਸਿਆਂ ਕਾਰਨ ਭਾਰਤ ਦੀ ਅਰਥਵਿਵਸਥਾ ਨੂੰ 15 ਤੋਂ 38 ਅਰਬ ਡਾਲਰ ਦਾ ਨੁਕਸਾਨ ਹੁੰਦਾ ਹੈ। ਸੜਕੀ ਆਵਾਜਾਈ ਮੰਤਰਾਲੇ ਦੇ ਟਰਾਂਸਪੋਰਟ ਰਿਸਰਚ ਵਿੰਗ ਦੇ ਅਨੁਸਾਰ, 2019 ’ਚ ਸੜਕ ਹਾਦਸਿਆਂ ’ਚ 1.5 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ। ਇਨ੍ਹਾਂ ’ਚੋਂ 31.4 ਫੀਸਦੀ ਦੋਪਹੀਆ ਵਾਹਨ ਚਾਲਕ ਸਨ। ਕਪਿਲਾ ਨੇ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੂੰ ਵੀ ਪੱਤਰ ਲਿਖ ਕੇ ਹੈੱਲਮੇਟ ’ਤੇ ਜੀਐੱਸਟੀ ਨੂੰ ਖਤਮ ਕਰਨ ਦੀ ਮੰਗ ਵਿੱਤ ਮੰਤਰੀ ਦੇ ਸਾਹਮਣੇ ਰੱਖਣ ਦੀ ਬੇਨਤੀ ਕੀਤੀ ਹੈ।
Posted By: Shubham Kumar