10 ਰੁਪਏ ਦੀ ਮਾਮੂਲੀ ਫੀਸ ਦੇ ਕੇ ਕਰਾ ਸਕੋਗੇ ਓਪੀਡੀ 'ਚ ਇਲਾਜ

ਦਾਖ਼ਲ ਹੋਣ 'ਤੇ ਵੀ ਮਿਲੇਗੀ ਫੀਸ 'ਚ ਛੋਟ, ਦਵਾਈਆਂ ਮਿਲਣਗੀਆਂ ਸਸਤੀਆਂ

ਨਵੀਂ ਦਿੱਲੀ (ਏਜੰਸੀ) : ਲੋਕਾਂ ਨੂੰ ਬਿਹਤਰ ਇਲਾਜ ਮੁਹੱਈਆ ਕਰਵਾਉਣ ਦੀ ਦਿਸ਼ਾ 'ਚ ਕੇਂਦਰ ਸਰਕਾਰ ਨੇ ਆਯੁਸ਼ਮਾਨ ਭਾਰਤ ਤੋਂ ਬਾਅਦ ਇਕ ਹੋਰ ਵੱਡੀ ਪਹਿਲ ਕੀਤੀ ਹੈ। ਕਿਰਤ ਮੰਤਰਾਲੇ ਨੇ ਰਾਜ ਕਰਮਚਾਰੀ ਬੀਮਾ ਨਿਗਮ (ਈਐੱਸਆਈਸੀ) ਦੇ ਹਸਪਤਾਲਾਂ ਨੂੰ ਆਮ ਲੋਕਾਂ ਲਈ ਵੀ ਖੋਲ੍ਹਣ ਦਾ ਐਲਾਨ ਕੀਤਾ ਹੈ। ਹੁਣ ਇਨ੍ਹਾਂ ਹਸਪਤਾਲਾਂ 'ਚ ਉਨ੍ਹਾਂ ਲੋਕਾਂ ਨੂੰ ਵੀ ਸਸਤਾ ਇਲਾਜ ਮਿਲ ਸਕੇਗਾ, ਜਿਹੜਾ ਈਐੱਸਆਈ ਦੇ ਘੇਰੇ 'ਚ ਨਹੀਂ ਆਉਂਦੇ। ਕਿਰਤ ਮੰਤਰੀ ਸੰਤੋਸ਼ ਕੁਮਾਰ ਗੰਗਵਾਰ ਦੀ ਪ੍ਰਧਾਨਗੀ 'ਚ ਪੰਜ ਦਸੰਬਰ ਨੂੰ ਹੋਈ ਈਐੱਸਆਈਸੀ ਦੀ 176ਵੀਂ ਬੈਠਕ 'ਚ ਇਸ ਸਬੰਧੀ ਫ਼ੈਸਲਾ ਲਿਆ ਗਿਆ। ਈਐੱਸਆਈਸੀ ਹਸਪਤਾਲਾਂ ਨੂੰ ਸਮਰਥਾ ਦਾ ਇਸਤੇਮਾਲ ਯਕੀਨੀ ਬਣਾਉਣ ਲਈ ਸਰਕਾਰ ਨੇ ਇਹ ਕਦਮ ਚੁੱਕਿਆ ਹੈ। ਫੈਸਲੇ ਤਹਿਤ ਗ਼ੈਰ-ਬੀਮਿਤ ਵਿਅਕਤੀ 10 ਰੁਪਏ ਦੀ ਫੀਸ ਦੇ ਕੇ ਈਐੱਸਆਈ ਹਸਪਤਾਲ ਦੇ ਓਪੀਡੀ 'ਚ ਇਲਾਜ ਕਰਵਾ ਸਕੇਗਾ। ਇਹੀ ਨਹੀਂ, ਹਸਪਤਾਲ 'ਚ ਦਾਖ਼ਲ ਹੋਣ ਦੀ ਸਥਿਤੀ 'ਚ ਲੋਕਾਂ ਲਈ ਇਹ ਸਸਤਾ ਬਦਲ ਰਹੇਗਾ। ਦਾਖ਼ਲ ਹੋਣ ਵਾਲੇ ਮਰੀਜ਼ਾਂ ਤੋਂ ਕੇਂਦਰ ਸਰਕਾਰ ਦੀ ਸਿਹਤ ਸੇਵਾਵਾਂ (ਸੀਜੀਐੱਚਐੱਸ) ਤਹਿਤ ਤੈਅ ਦਰਾਂ ਦੇ 25 ਫ਼ੀਸਦੀ ਦੇ ਬਰਾਬਰ ਫੀਸ ਲਈ ਜਾਵੇਗਾ। ਪਾਇਲਟ ਪ੍ਰਾਜੈਕਟ ਦੇ ਤੌਰ 'ਤੇ ਈਐੱਸਆਈਸੀ ਨੇ ਸਾਲ ਭਰ ਤੱਕ ਦਵਾਈਆਂ ਵੀ ਉਨ੍ਹਾਂ ਦੀ ਮੂਲ ਕੀਮਤ 'ਤੇ ਹੀ ਦੇਣ ਦੀ ਗੱਲ ਕਹੀ ਹੈ। ਇਸ ਨਾਲ ਲੋਕਾਂ ਨੂੰ ਸਸਤੀਆਂ ਦਰਾਂ 'ਤੇ ਦਵਾਈਆਂ ਵੀ ਉਪਲਬਧ ਹੋ ਸਕਣਗੀਆਂ। ਬੈਠਕ 'ਚ ਕਿਰਤ ਤੇ ਰੁਜ਼ਗਾਰ ਸਕੱਤਰ ਹੀਰਾ ਲਾਲ ਸਾਮਰੀਆ, ਈਐੱਸਆਈ ਡਾਇਰੈਕਟਰ ਜਨਰਲ ਰਾਜ ਕੁਮਾਰ ਤੇ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹੇ।

ਛੋਟ ਦੀ ਹੱਦ ਵੀ ਵਧਾਈ

ਮੁਲਾਜ਼ਮਾਂ ਲਈ ਰਾਹਤ ਦੀ ਇਕ ਹੋਰ ਖ਼ਬਰ ਵੀ ਹੈ। ਹੁਣ 176 ਰੁਪਏ ਤੱਕ ਦੀ ਦੈਨਿਕ ਅੌਸਤ ਆਮਦਨ ਵਾਲੇ ਮੁਲਾਜ਼ਮਾਂ ਦੀ ਤਨਖ਼ਾਹ ਨਾਲ ਈਐੱਸਆਈ ਦਾ ਪੈਸਾ ਨਹੀਂ ਕੱਟਿਆ ਜਾਵੇਗਾ। ਉਨ੍ਹਾਂ ਦੇ ਮਾਮਲੇ 'ਚ ਸਬੰਧਤ ਕੰਪਨੀ ਆਪਣਾ ਅੰਸ਼ਦਾਨ ਦਿੰਦੀ ਰਹੇਗੀ। ਪਹਿਲਾਂ ਇਹ ਛੋਟ 137 ਰੁਪਏ ਤੱਕ ਦੀ ਦੈਨਿਕ ਆਮਦਨ ਹਾਸਲ ਕਰਨ ਵਾਲੇ ਮੁਲਾਜ਼ਮਾਂ ਲਈ ਸੀ। ਰਾਸ਼ਟਰੀ ਪੱਧਰ 'ਤੇ ਘੱਟੋ-ਘੱਟ ਤਨਖ਼ਾਹ 176 ਰੁਪਏ ਰੋਜ਼ਾਨਾ ਕੀਤੇ ਜਾਣ ਤੋਂ ਬਾਅਦ ਮੰਤਰਾਲੇ ਨੇ ਇਹ ਫ਼ੈਸਲਾ ਲਿਆ ਹੈ।

ਈਐੱਸਆਈ ਕੋਲ ਹਨ 150 ਤੋਂ ਵੱਧ ਹਸਪਤਾਲ

ਈਐੱਸਆਈ ਕੋਲ 150 ਤੋਂ ਵੱਧ ਹਸਪਤਾਲ ਤੇ ਕਰੀਬ 17000 ਬੈੱਡ ਹਨ। ਕਈ ਹਸਪਤਾਲਾਂ ਦੀ ਪੂਰੀ ਸਮਰੱਥਾ ਦਾ ਇਸਤੇਮਾਲ ਨਹੀਂ ਹੁੰਦਾ। ਕੁਝ ਹਸਪਤਾਲਾਂ 'ਚ ਮਾਹਰ ਡਾਕਟਰਾਂ ਦੀ ਕਮੀ ਪੂਰੀ ਕਰਨ ਲਈ ਈਐੱਸਆਈਸੀ ਨੇ ਠੇਕੇ ਦੇ ਆਧਾਰ 'ਤੇ ਨਿਯੁਕਤੀ ਦੀ ਤਜਵੀਜ਼ ਨੂੰ ਮਨਜ਼ੂਰੀ ਦਿੱਤੀ ਹੈ।

5200 ਤੋਂ ਵੱਧ ਲੋਕਾਂ ਦੀ ਹੋਵੇਗੀ ਨਿਯੁਕਤੀ

ਮੰਤਰਾਲੇ ਨੇ ਦੱਸਿਆ ਕਿ ਈਐੱਸਆਈਸੀ 'ਚ ਸਮਾਜਿਕ ਸੁਰੱਖਿਆ ਅਧਿਕਾਰੀ, ਬੀਮਾ ਮੈਡੀਕਲ ਅਧਿਕਾਰੀ ਗ੍ਰੇਡ-ਦੋ, ਜੂਨੀਅਰ ਇੰਜੀਨੀਅਰ, ਅਧਿਆਪਕ, ਪੈਰਾਮੈਡੀਕਲ ਤੇ ਨਰਸਿੰਗ ਕੈਡਰ, ਯੂਡੀਸੀ (ਅਪਰ ਡਿਵੀਜ਼ਨ ਕਲਰਕ) ਤੇ ਸਟੈਨੋਗ੍ਰਾਫਰ ਸਮੇਤ ਹੋਰ ਅਹੁਦਿਆਂ 'ਤੇ ਕੁਲ 5200 ਲੋਕਾਂ ਨੂੰ ਭਰਤੀ ਕਰਨ ਦੀ ਪ੍ਰਕਿਰਿਆ ਜਾਰੀ ਹੈ।