ਸਟੇਟ ਬਿਊਰੋ, ਜੰਮੂ : ਦੱਖਣੀ ਕਸ਼ਮੀਰ ਦੇ ਤ੍ਰਾਲ 'ਚ ਬੱਸ ਅੱਡੇ ਕੋਲ ਅੱਤਵਾਦੀਆਂ ਨੇ ਐਤਵਾਰ ਨੂੰ ਗ੍ਨੇਡ ਹਮਲਾ ਕਰ ਕੇ ਮੁੜ ਤੋਂ ਦਹਿਸ਼ਤ ਫੈਲਾਉਣ ਦੀ ਸਾਜ਼ਿਸ਼ ਕੀਤੀ। ਇਸ ਹਮਲੇ 'ਚ ਸੀਆਰਪੀਐੱਫ ਦਾ ਸਹਾਇਕ ਸਬ-ਇੰਸਪੈਕਟਰ (ਏਐੱਸਆਈ) ਜ਼ਖ਼ਮੀ ਹੋ ਗਿਆ। ਸੀਆਰਪੀਐੱਫ ਦੇ ਜਵਾਨਾਂ ਦਾ ਇਕ ਦਸਤਾ ਦੁਪਹਿਰ ਨੂੰ ਤ੍ਰਾਲ 'ਚ ਬੱਸ ਅੱਡੇ ਕੋਲ ਨਿਯਮਿਤ ਗਸ਼ਤ 'ਤੇ ਸੀ। ਇਸੇ ਦੌਰਾਨ ਅੱਤਵਾਦੀਆਂ ਨੇ ਘਾਤ ਲਾ ਕੇ ਹਮਲਾ ਕੀਤਾ। ਅੱਤਵਾਦੀਆਂ ਨੇ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾ ਕੇ ਗ੍ਨੇਡ ਸੁੱਟਿਆ, ਜਿਹੜਾ ਜਵਾਨਾਂ ਦੇ ਕੋਲ ਹੀ ਡਿੱਗਿਆ। ਇਸ ਵਿਚ ਸੀਆਰਪੀਐੱਫ ਦੇ ਸਹਾਇਕ ਸਬ-ਇੰਸਪੈਕਟਰ ਅਸੀਮ ਅਲੀ ਜ਼ਖ਼ਮੀ ਹੋ ਗਏ। ਹੋਰਨਾਂ ਜਵਾਨਾਂ ਨੇ ਉਨ੍ਹਾਂ ਨੂੰ ਉਥੋਂ ਸੁਰੱਖਿਅਤ ਕੱਢਦੇ ਹੋਏ ਤੁਰੰਤ ਹਸਪਤਾਲ 'ਚ ਪਹੁੰਚਾਇਆ।