ਨਵੀਂ ਦਿੱਲੀ (ਪੀਟੀਆਈ) : ਬੰਗਾਲ ਦੀ ਖਾੜੀ 'ਚ ਬਣੇ ਹੇਠਲੇ ਦਰਜੇ ਦੇ ਦਬਾਅ ਨਾਲ ਪੈਦਾ ਹੋਇਆ 'ਨਿਵਾਰ' ਚੱਕਰਵਾਤ ਭਿਆਨਕ ਰੂਪ ਲੈ ਰਿਹਾ ਹੈ। ਬੁੱਧਵਾਰ ਸ਼ਾਮ ਤਕ ਇਹ ਤਾਮਿਲਨਾਡੂ-ਪੁਡੂਚੇਰੀ ਦੇ ਤਟ ਨਾਲ ਟਕਰਾ ਸਕਦਾ ਹੈ ਤੇ ਉਸ ਸਮੇਂ ਇਸ ਦੀ ਰਫ਼ਤਾਰ 120-130 ਕਿਲੋਮੀਟਰ ਪ੍ਰਤੀ ਘੰਟੇ ਹੋ ਸਕਦੀ ਹੈ। ਇਸ ਨਾਲ ਭਾਰੀ ਤਬਾਹੀ ਦੇ ਖ਼ਦਸ਼ੇ ਨੂੰ ਦੇਖਦਿਆਂ ਕੌਮੀ ਆਫ਼ਤ ਬਚਾਅ ਦਲ (ਐੱਨਡੀਆਰਐੱਫ) ਨੇ ਬਚਾਅ ਕੰਮ ਲਈ ਤਾਮਿਲਨਾਡੂ, ਪੁਡੂਚੇਰੀ ਤੇ ਆਂਧਰ ਪ੍ਰਦੇਸ਼ 'ਚ 1,200 ਜਵਾਨ ਤਾਇਨਾਤ ਕਰ ਦਿੱਤੇ ਹਨ ਤੇ 800 ਜਵਾਨਾਂ ਨੂੰ ਰਿਜ਼ਰਵ 'ਚ ਰੱਖਿਆ ਹੈ।

ਭਾਰਤੀ ਮੌਸਮ ਵਿਭਾਗ (ਆਈਐੱਮਡੀ) ਦੇ ਜਨਰਲ ਡਾਇਰੈਕਟਰ ਮਿ੍ਤੂਜੈ ਮਹਾਪਾਤਰ ਨੇ ਕਿਹਾ, 'ਸਾਡਾ ਅੰਦਾਜ਼ਾ ਹੈ ਕਿ ਇਹ (ਨਿਵਾਰ) ਮੰਗਲਵਾਰ ਰਾਤ ਤਕ ਬਹੁਤ ਹੀ ਭਿਆਨਕ ਤੂਫ਼ਾਨ 'ਚ ਬਦਲ ਜਾਵੇਗਾ। ਇਹ ਬੁੱਧਵਾਰ ਦੇਰ ਸ਼ਾਮ ਤਾਮਿਲਨਾਡੂ ਤੇ ਪੁਡੂਚੇਰੀ ਦੇ ਤੱਟੀ ਇਲਾਕੇ 'ਚ ਕਰਾਈਕਲ ਤੇ ਮਾਮਲਾਪੁਰਮ ਵਿਚਾਲੇ ਟਕਰਾਏਗਾ। ਉਸ ਸਮੇਂ ਇਸ ਦੀ ਰਫ਼ਤਾਰ 120-130 ਕਿਲੋਮੀਟਰ ਪ੍ਰਤੀ ਘੰਟਾ ਹੋ ਸਕਦੀ ਹੈ, ਜੋ ਵਧ ਕੇ 145 ਕਿਲੋਮੀਟਰ ਪ੍ਰਤੀ ਘੰਟੇ ਤਕ ਜਾ ਸਕਦੀ ਹੈ।