ਜਾਗਰਣ ਬਿਊਰੋ, ਨਵੀਂ ਦਿੱਲੀ : ਰੱਖਿਆ ਮੰਤਰਾਲੇ ਨੇ ਸੁਪਰੀਮ ਕੋਰਟ ਨੂੰ ਦੱਸਿਆ ਹੈ ਕਿ ਔਰਤਾਂ ਨੂੰ ਐੱਨਡੀਏ ਦਾਖ਼ਲਾ ਪ੍ਰੀਖਿਆ ’ਚ ਸ਼ਾਮਲ ਹੋਣ ਦੀ ਇਜਾਜ਼ਤ ਦੇਣ ਵਾਲੀ ਨੋਟੀਫਿਕੇਸ਼ਨ ਅਗਲੇ ਸਾਲ ਮਈ ’ਚ ਜਾਰੀ ਹੋਵੇਗੀ। ਉਦੋਂ ਤਕ ਜ਼ਰੂਰੀ ਸਿਸਟਮ ਤਿਆਰ ਕਰ ਲਿਆ ਜਾਵੇਗਾ। ਸਰਕਾਰ ਨੇ ਕਿਹਾ ਹੈ ਕਿ ਔਰਤਾਂ ਨੂੰ ਐੱਨਡੀਏ ਰਾਹੀਂ ਹਥਿਆਰਬੰਦ ਫ਼ੌਜ ’ਚ ਸ਼ਾਮਲ ਕਰਨ ਦੀ ਟਾਈਮ ਲਾਈਨ ਦੇਖਦੇ ਹੋਏ ਯੋਜਨਾਬੱਧ ਤੇ ਸਾਵਧਾਨੀਪੂਰਨ ਤਰੀਕੇ ਨਾਲ ਤਿਆਰੀਆਂ ਕੀਤੀਆਂ ਜਾ ਰਹੀਆ ਹਨ।

ਰੱਖਿਆ ਮੰਤਰਾਲੇ ਨੇ ਇਹ ਗੱਲ ਸੁਪਰੀਮ ਕੋਰਟ ’ਚ ਦਾਖ਼ਲ ਕੀਤੇ ਗਏ ਹਲਫ਼ਨਾਮੇ ’ਚ ਕੀਤੀ ਹੈ। ਮਾਮਲੇ ’ਤੇ ਅਦਾਲਤ ਬੁੱਧਵਾਰ ਨੂੰ ਸੁਣਵਾਈ ਕਰੇਗੀ। ਔਰਤਾਂ ਨੂੰ ਐੱਨਡੀਏ ਪ੍ਰੀਖਿਆ ’ਚ ਸ਼ਾਮਲ ਕਰਨ ਬਾਰੇ ਸੁਪਰੀਮ ਕੋਰਟ ਦੇ ਨਿਰਦੇਸ਼ ਦਿੱਤੇ ਜਾਣ ਤੋਂ ਬਾਅਦ ਕੇਂਦਰ ਸਰਕਾਰ ਨੇ ਵੇਰਵਾ ਪੇਸ਼ ਕਰਨ ਲਈ ਅਦਾਲਤ ਤੋਂ ਸਮਾਂ ਮੰਗ ਲਿਆ ਸੀ। ਦਾਖ਼ਲ ਹਲਫ਼ਨਾਮੇ ’ਚ ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਐੱਨਡੀਏ ਰਾਹੀਂ ਔਰਤਾਂ ਨੂੰ ਹਥਿਆਰਬੰਦ ਫ਼ੌਜ ’ਚ ਸ਼ਾਮਲ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਐੱਨਡੀਏ ਦਾਖ਼ਲਾ ਪ੍ਰੀਖਿਆ ਸਾਲ ’ਚ ਦੋ ਵਾਰ ਕਰਵਾਈ ਜਾਂਦੀ ਹੈ। ਮਈ 2022 ’ਚ ਯੂਪੀਐੱਸਸੀ ਉਸ ਸਾਲ ਦੀ ਐੱਨਡੀਏ ਪ੍ਰੀਖਿਆ ਦਾ ਪਹਿਲਾ ਨੋਟੀਫਿਕੇਸ਼ਨ ਜਾਰੀ ਕਰੇਗਾ। ਉਦੋਂ ਤਕ ਜ਼ਰੂਰੀ ਸਿਸਟਮ ਤਿਆਰ ਕਰ ਲਿਆ ਜਾਵੇਗਾ। ਤਿਆਰੀਆਂ ਤਹਿਤ ਹਥਿਆਰਬੰਦ ਫ਼ੌਜ ਮੈਡੀਕਲ ਸੇਵਾ ਡਾਇਰੈਕਟੋਰੇਟ ਤੇ ਮਾਹਿਰਾਂ ਦੀ ਬਾਡੀ ਤਿੰਨੋਂ ਰੱਖਿਆ ਸੇਵਾਵਾਂ ਲਈ ਮਹਿਲਾ ਉਮੀਦਵਾਰਾਂ ਲਈ ਡਾਕਟਰੀ ਦੇ ਮਾਨਕਾਂ ਨੂੰ ਤਿਆਰ ਕਰੇਗੀ। ਜਿਸ ’ਚ ਉਨ੍ਹਾਂ ਦੀ ਉਮਰ, ਸਿਖਲਾਈ ਤੇ ਕੁਦਰਤ ਦੇ ਨਾਲ-ਨਾਲ ਫ਼ੌਜ, ਨੇਵੀ ਤੇ ਹਵਾਈ ਫ਼ੌਜ ਦੀਆਂ ਜ਼ਰੂਰਤਾਂ ਦੇ ਵੱਖ-ਵੱਖ ਪਹਿਲੂਆਂ ਨੂੰ ਧਿਆਨ ’ਚ ਰੱਖਿਆ ਜਾਵੇਗਾ।

ਹਲਫ਼ਨਾਮੇ ’ਚ ਕਿਹਾ ਗਿਆ ਕਿ ਹਾਲੇ ਮਹਿਲਾ ਉਮੀਦਵਾਰਾਂ ਦੀ ਸਿਖਲਾਈ ਲਈ ਕੋਈ ਸਮਾਨਾਂਤਰ ਮਾਪਦੰਡ ਮੌਜੂਦ ਨਹੀਂ ਹਨ, ਅਜਿਹੇ ’ਚ ਆਊਟਡੋਰ ਟ੍ਰੇਨਿੰਗ ਲਈ ਸਿਲੇਬਸ ਪੈਰਾਮੀਟਰ ਤੈਅ ਕਰਨੇ ਹੋਣਗੇ ਜਿਸ ’ਚ ਡਰਿੱਲ, ਘੁੜਸਵਾਰੀ, ਤੈਰਾਕੀ, ਖੇਡ ਆਦਿ ਵੀ ਹਨ। ਕਿਹਾ ਗਿਆ ਹੈ ਕਿ ਕਿਸੇ ਵੀ ਤਰ੍ਹਾਂ ਦੀ ਸਰੀਰਕ ਸਿਖਲਾਈ ਤੇ ਸੇਵਾ ਵਿਸ਼ੇ ਨੂੰ ਕਮਜ਼ੋਰ ਕਰਨ ਨਾਲ ਹਥਿਆਰਬੰਦ ਬਲਾਂ ਦੀ ਜੰਗੀ ਯੋਗਤਾ ’ਤੇ ਉਲਟਾ ਅਸਰ ਪਵੇਗਾ।

ਢਾਂਚਾਗਤ ਵਸੀਲੇ ਵਧਾਉਣ ਬਾਰੇ ਹਲਫ਼ਨਾਮੇ ’ਚ ਕਿਹਾ ਗਿਆ ਕਿ ਪ੍ਰੀ ਕਮਿਸ਼ਨਿੰਗ ਟ੍ਰੇਨਿੰਗ ਅਕੈਡਮੀਆਂ ਦੇ ਅਨੁਭਵ ਤੇ ਇਨਪੁਟ ਦੇ ਆਧਾਰ ’ਤੇ ਮਹਿਲਾ ਕੈਡੇਟਾਂ ਲਈ ਵੱਖ ਤੋਂ ਹੋਸਟਲ ਦਾ ਵਿਸਥਾਰ ਕੀਤਾ ਜਾਵੇਗਾ। ਮਹਿਲਾ ਤੇ ਪੁਰਸ਼ ਹੋਸਟਲ ਏਰੀਆ ਵੱਖ-ਵੱਖ ਹੋਣਗੇ। ਪ੍ਰਸ਼ਾਸਨਿਕ ਤੇ ਮੈਡੀਕਲ ਸਹੂਲਤਾਂ ਨੂੰ ਵੀ ਵਧਾਇਆ ਜਾਵੇਗਾ। ਇਕ ਸਟੱਡੀ ਗਰੁੱਪ ਦਾ ਗਠਨ ਕੀਤਾ ਗਿਆ ਹੈ ਜੋ ਐੱਨਡੀਏ ’ਚ ਔਰਤਾਂ ਲਈ ਸਮੁੱਚਾ ਸਿਲੇਬਸ ਤਿਆਰ ਕਰੇਗਾ।

Posted By: Jatinder Singh