ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਦੇਸ਼ ’ਚ ਕੋਰੋਨਾ ਇਨਫੈਕਸ਼ਨ ਦੀ ਦੂਜੀ ਲਹਿਰ ਵਿਚਾਲੇ ਐਤਵਾਰ ਨੂੰ ਲੋਕਾਂ ਦੀਆਂ ਨਜ਼ਰਾਂ ਚਾਰ ਸੂਬਿਆਂ (ਬੰਗਾਲ, ਅਸਾਮ, ਤਾਮਿਲਨਾਡੂ ਤੇ ਕੇਰਲ) ਤੇ ਇਕ ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੂਚੇਰੀ ’ਚ ਹੋਈਆਂ ਚੋਣਾਂ ਦੇ ਨਤੀਜਿਆਂ ’ਤੇ ਰਹਿਣਗੀਆਂ। ਪਰ ਸਭ ਤੋਂ ਜ਼ਿਆਦਾ ਉਤਸੁਕਤਾ ਬੰਗਾਲ ਦੇ ਚੋਣ ਨਤੀਜਿਆਂ ਨੂੰ ਲੈ ਕੇ ਹੈ ਜਿੱਥੋਂ ਦੇ ਨਤੀਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸੂਬੇ ਦੀ ਮੌਜੂਦਾ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਰੁਤਬੇ ਦਾ ਸਵਾਲ ਬਣ ਗਏ ਹਨ। ਇਨ੍ਹਾਂ ਤੋਂ ਇਲਾਵਾ 13 ਸੂਬਿਆਂ ’ਚ 13 ਵਿਧਾਨ ਸਭਾ ਸੀਟਾਂ ਤੇ ਚਾਰ ਲੋਕ ਸਭਾ ਸੀਟਾਂ ’ਤੇ ਹੋਈਆਂ ਜ਼ਿਮਨੀ ਚੋਣਾਂ ਲਈ ਵੀ ਵੋਟਾਂ ਦੀ ਗਿਣਤੀ ਹੋਵੇਗੀ। ਮਹਾਮਾਰੀ ਦੌਰਾਨ ਚੋਣਾਂ ਕਰਵਾਉਣ ਲਈ ਅਦਾਲਤਾਂ ਦੀ ਝਾਡ਼ ਸੁਣ ਚੁੱਕੇ ਚੋਣ ਕਮਿਸ਼ਨ ਨੇ ਵੋਟਾਂ ਦੀ ਗਿਣਤੀ ਲਈ ਕੋਰੋਨਾ ਦਿਸ਼ਾ-ਨਿਰਦੇਸ਼ਾਂ ਮੁਤਾਬਕ ਵਿਆਪਕ ਇੰਤਜ਼ਾਮ ਕੀਤੇ ਹਨ। ਕਮਿਸ਼ਨ ਮੁਤਾਬਕ, ਇਸ ਵਾਰੀ ਕੁੱਲ 822 ਵਿਧਾਨ ਸਭਾ ਖੇਤਰਾਂ ਦੀਆਂ ਵੋਟਾਂ ਦੀ ਗਿਣਤੀ ਲਈ 2,364 ਗਿਣਤੀ ਕੇਂਦਰ ਬਣਾਏ ਗਏ ਹਨ, ਜਦਕਿ 2016 ਦੀਆਂ ਚੋਣਾਂ ’ਚ ਸਿਰਫ਼ 1,002 ਸਨ। ਹਰ ਗਿਣਤੀ ਕੇਂਦਰ ਨੂੰ ਘੱਟੋ-ਘੱਟ 15 ਵਾਰੀ ਸੈਨੇਟਾਈਜ਼ ਕੀਤਾ ਜਾਵੇਗਾ। ਸਰੀਰਕ ਦੂਰੀ ਦੀ ਪਾਲਣਾ, ਲੋਕਾਂ ਦੇ ਇਕੱਠਾ ਹੋਣ ’ਤੇ ਪਾਬੰਦੀ ਸਮੇਤ ਸਾਰੇ ਇਹਤਿਆਤੀ ਇੰਤਜ਼ਾਮ ਕੀਤੇ ਜਾਣਗੇ। ਨਤੀਜਿਆਂ ਦੇ ਐਲਾਨ ਤੋਂ ਬਾਅਦ ਜੇਤੂ ਜਲੂਸ ਕੱਢਣ ਦੀ ਮਨਾਹੀ ਹੋਵੇਗੀ। ਯਾਨੀ ਨਾ ਤਾਂ ਰੋਡ ਸ਼ੋਅ ਕੱਢਿਆ ਜਾ ਸਕੇਗਾ ਤੇ ਨਾ ਹੀ ਵਾਹਨ ਰੈਲੀ। ਅਧਿਕਾਰੀਆਂ ਨੇ ਕਿਹਾ ਕਿ ਵੋਟਾਂ ਦੀ ਗਿਣਤੀ ਸਵੇਰੇ ਅੱਠ ਵਜੇ ਸ਼ੁਰੂ ਹੋਵੇਗੀ ਤੇ ਕਰੀਬ 1,100 ਆਬਜ਼ਰਵਰ ਪੂਰੀ ਪ੍ਰਕਿਰਿਆ ’ਤੇ ਨਜ਼ਰ ਰੱਖਣਗੇ। ਕੋਰੋਨਾ ਦੀ ਨੈਗੇਟਿਵ ਰਿਪੋਰਟ ਜਾਂ ਵੈਕਸੀਨ ਦੀਆਂ ਦੋਵੇਂ ਡੋਜ਼ ਦੇ ਸਰਟੀਫਿਕੇਟ ਦੇ ਬਿਨਾਂ ਕਿਸੇ ਵੀ ਉਮੀਦਵਾਰ ਜਾਂ ਏਜੰਟ ਨੂੰ ਗਿਣਤੀ ਕੇਂਦਰ ’ਚ ਦਾਖ਼ਲੇ ਦੀ ਇਜਾਜ਼ਤ ਨਹੀਂ ਹੋਵੇਗੀ।

ਯਾਦ ਰਹੇ ਕਿ ਬੰਗਾਲ ’ਚ 27 ਮਾਰਚ ਤੋਂ 29 ਅਪ੍ਰੈਲ ਤਕ ਅੱਠ ਗੇਡ਼ਾਂ, ਅਸਾਮ ’ਚ 27 ਮਾਰਚ ਤੇ ਛੇ ਅਪ੍ਰੈਲ ਤਕ ਤਿੰਨ ਗੇਡ਼ਾਂ ’ਚ ਤੇ ਤਾਮਿਨਲਾਡੂ, ਕੇਰਲ ਤੇ ਪੁਡੂਚੇਰੀ ’ਚ ਛੇ ਅਪ੍ਰੈਲ ਨੂੰ ਇਕ ਹੀ ਗੇਡ਼ ’ਚ ਪੋਲਿੰਗ ਕਰਵਾਈ ਗਈ ਸੀ।

ਕਸੌਟੀ ’ਤੇ ਐਗਜ਼ਿਟ ਪੋਲ ਦੇ ਦਾਅਵੇ, ਬੰਗਾਲ ’ਚ ਨਜ਼ਦੀਕੀ ਮੁਕਾਬਲੇ ਦਾ ਪ੍ਰਗਟਾਇਆ ਅੰਦਾਜ਼ਾ

ਵੋਟਾਂ ਦੀ ਗਿਣਤੀ ’ਚ ਵੱਖ-ਵੱਖ ਏਜੰਸੀਆਂ ਤੇ ਸਮਾਚਾਰ ਚੈਨਲਾਂ ਦੇ ਐਗਜ਼ਿਟ ਪੋਲ ਦੇ ਦਾਅਵੇ ਕਸੌਟੀ ’ਤੇ ਹੋਣਗੇ ਜਿਨ੍ਹਾਂ ’ਚੋਂ ਜ਼ਿਆਦਾਤਰ ਨੇ ਬੰਗਾਲ ’ਚ ਭਾਜਪਾ ਤੇ ਤ੍ਰਿਣਮੂਲ ਕਾਂਗਰਸ ਵਿਚਾਲੇ ਕਰੀਬੀ ਮੁਕਾਬਲੇ ਦਾ ਅਨੁਮਾਨ ਲਾਇਆ ਹੈ। ਜਦਕਿ ਅਸਾਮ ’ਚ ਉਨ੍ਹਾਂ ਨੇ ਹਾਕਮ ਭਾਜਪਾ ਨੂੰ ਬਡ਼੍ਹਤ ਦੀ ਭਵਿੱਖਵਾਣੀ ਕੀਤੀ ਹੈ। ਜੇਕਰ ਭਾਜਪਾ ਉੱਥੇ ਸੱਤਾ ਬਰਕਰਾਰ ਰੱਖਦੀ ਹੈ ਤਾਂ ਅਜਿਹਾ ਕਰਨ ਵਾਲੀ ਉਹ ਸੂਬੇ ਦੀ ਪਹਿਲੀ ਗ਼ੈਰ-ਕਾਂਗਰਸੀ ਸਰਕਾਰ ਹੋਵੇਗੀ। ਐਗਜ਼ਿਟ ਪੋਲ ਮੁਤਾਬਕ, ਕੇਰਲ ’ਚ ਇਸ ਵਾਰੀ ਪਿਛਲੇ ਚਾਰ ਦਹਾਕਿਆਂ ਤੋਂ ਚੱਲੀ ਆ ਰਹੀ ਰਵਾਇਤ ਟੁੱਟ ਸਕਦੀ ਹੈ। ਇੱਥੇ ਹਾਕਮ ਖੱਬੇ-ਪੱਖੀ ਮੋਰਚਾ ਆਪਣੀ ਸੱਤਾ ਬਰਕਰਾਰ ਰੱਖ ਸਕਦਾ ਹੈ ਤੇ ਕਾਂਗਰਸ ਦੀ ਅਗਵਾਈ ਵਾਲੇ ਯੂਡੀਐੱਫ ਦਾ ਸੱਤਾ ’ਚ ਆਉਣ ਦਾ ਸੁਪਨਾ ਅਧੂਰਾ ਰਹਿ ਸਕਦਾ ਹੈ। ਪੁਡੂਚੇਰੀ ’ਚ ਕਾਂਗਰਸ ਸੱਤਾ ਗੁਆ ਸਕਦੀ ਹੈ ਤੇ ਏਆਈਐੱਨਆਰਸੀ-ਭਾਜਪਾ-ਅੰਨਾਡੀਐੱਮਕੇ ਗਠਜੋਡ਼ ਸਰਕਾਰ ਬਣਾ ਸਕਦਾ ਹੈ। ਐਗਜ਼ਿਟ ਪੋਲ ਮੁਤਾਬਕ, ਕਾਂਗਰਸ ਲਈ ਚੰਗੀ ਖ਼ਬਰ ਸਿਰਫ਼ ਤਾਮਿਲਨਾਡੂ ਤੋਂ ਆ ਸਕਦੀ ਹੈ ਜਿੱਥੇ ਡੀਐੱਮਕੇ ਦੀ ਅਗਵਾਈ ਵਾਲੇ ਵਿਰੋਧੀ ਗਠਜੋਡ਼ ਦੇ ਸੱਤਾ ’ਚ ਆਉਣ ਦਾ ਅਨੁਮਾਨ ਪ੍ਰਗਟਾਇਆ ਗਿਆ ਹੈ। ਕਾਂਗਰਸ ਇਸੇ ਗਠਜੋਡ਼ ਦਾ ਹਿੱਸਾ ਹੈ।

Posted By: Seema Anand