ਔਰੰਗਾਬਾਦ (ਪੀਟੀਆਈ) : ਮਹਾਰਾਸ਼ਟਰ ਦੇ ਬੀਡ ਜ਼ਿਲ੍ਹੇ 'ਚ ਇਕ ਆਰਜ਼ੀ ਸ਼ਮਸ਼ਾਨਘਾਟ 'ਚ ਇਕ ਹੀ ਚਿਖਾ 'ਤੇ ਕੋਵਿਡ-19 ਨਾਲ ਮਰੇ ਅੱਠ ਲੋਕਾਂ ਦੀਆਂ ਲਾਸ਼ਾਂ ਨੂੰ ਇਕੱਠਿਆਂ ਸਾੜਿਆ ਗਿਆ। ਕਿਉਂਕਿ ਅੰਬਾਜੋਗਈ ਕਸਬੇ 'ਚ ਸਥਿਤ ਸ਼ਮਸ਼ਾਨਘਾਟ 'ਚ ਕੋਵਿਡ-19 ਦੇ ਮਰੀਜ਼ਾਂ ਦੀਆਂ ਲਾਸ਼ਾਂ ਦਾ ਸਸਕਾਰ ਕੀਤੇ ਜਾਣ ਦਾ ਸਥਾਨਕ ਲੋਕਾਂ ਨੇ ਵਿਰੋਧ ਕੀਤਾ ਸੀ, ਇਸ ਲਈ ਸਥਾਨਕ ਪ੍ਰਸ਼ਾਸਨ ਨੇ ਪੀੜਤਾਂ ਲਈ ਦੂਰ-ਦਰਾਡੇ ਇਕ ਆਰਜ਼ੀ ਸ਼ਮਸ਼ਾਨ ਦੀ ਵਿਵਸਥਾ ਕੀਤੀ ਹੈ ਪਰ ਇੱਥੇ ਵੀ ਕੋਰੋਨਾ ਮਰੀਜ਼ਾਂ ਦੇ ਮਰਨ ਦੀ ਵਧਦੀ ਰਫ਼ਤਾਰ ਨਾਲ ਥਾਂ ਘੱਟ ਪੈਂਦੀ ਜਾ ਰਹੀ ਹੈ।

ਅੰਬਾਜੋਗਈ ਨਗਰ ਕੌਂਸਲ ਦੇ ਮੁਖੀ ਅਸ਼ੋਕ ਸਬਾਲੇ ਨੇ ਬੁੱਧਵਾਰ ਨੂੰ ਕਿਹਾ ਕਿ ਮਾਂਡਵਾ ਰੋਡ 'ਤੇ ਕਸਬੇ ਤੋਂ ਕਰੀਬ ਦੋ ਕਿਲੋਮੀਟਰ ਦੂਰ ਇਕ ਵੱਖਰੀ ਥਾਂ 'ਤੇ ਕੋਵਿਡ-19 ਦੇ ਸ਼ਿਕਾਰ ਲੋਕਾਂ ਦੇ ਸਸਕਾਰ ਦੀ ਵਿਵਸਥਾ ਕੀਤੀ ਗਈ ਹੈ ਪਰ ਇਹ ਥਾਂ ਵੀ ਹੁਣ ਘੱਟ ਪੈ ਰਹੀ ਹੈ। ਇਸ ਲਈ ਮਜਬੂਰੀ 'ਚ ਅਸੀਂ ਲੋਕਾਂ ਨੂੰ ਮੰਗਲਵਾਰ ਨੂੰ ਇਕ ਵੱਡੀ ਚਿਖਾ ਬਣਾ ਕੇ ਉਸੇ 'ਚ ਇਕੱਠੀਆਂ ਅੱਠ ਲਾਸ਼ਾਂ ਦਾ ਸਸਕਾਰ ਕਰਨਾ ਪਿਆ। ਹਾਲਾਂਕਿ ਇਨ੍ਹਾਂ ਲਾਸ਼ਾਂ ਵਿਚਾਲੇ ਕਾਫ਼ੀ ਦੂਰੀ ਰੱਖੀ ਗਈ।

ਉਨ੍ਹਾਂ ਕਿਹਾ ਕਿ ਕੋਰੋਨਾ ਦਾ ਇਨਫੈਕਸ਼ਨ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ। ਇਸ ਨਾਲ ਹੋਰ ਮੌਤਾਂ ਹੋਣ ਦਾ ਖਦਸ਼ਾ ਬਣਿਆ ਹੋਇਆ ਹੈ। ਇਸੇ ਲਈ ਅਸੀਂ ਹੁਣ ਇਸ ਆਰਜ਼ੀ ਸ਼ਮਸ਼ਾਨ ਦਾ ਵਿਸਥਾਰ ਕਰਨ ਦੀ ਯੋਜਨਾ ਬਣਾ ਰਹੇ ਹਾਂ। ਇਸ ਥਾਂ ਨੂੰ ਮੌਨਸੂਨ ਆਉਣ ਤੋਂ ਪਹਿਲਾਂ ਵਾਟਰਪ੍ਰੂਫ ਵੀ ਬਣਾਇਆ ਜਾਵੇਗਾ। ਅਧਿਕਾਰੀ ਨੇ ਇਹ ਵੀ ਕਿਹਾ ਕਿ ਲੋਕ ਜੇ ਕੋਰੋਨਾ ਦੇ ਇਨਫੈਕਸ਼ਨ ਦਾ ਇਲਾਜ ਕਰਵਾਉਣ ਲਈ ਛੇਤੀ ਅੱਗੇ ਆਉਣਗੇ ਤਾਂ ਉਨ੍ਹਾਂ ਨੂੰ ਬਚਾਇਆ ਜਾ ਸਕਦਾ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਮੰਗਲਵਾਰ ਨੂੰ ਬੀਡ ਜ਼ਿਲ੍ਹੇ 'ਚ ਕੋਰੋਨਾ ਇਨਫੈਕਸ਼ਨ ਦੇ 716 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਹੁਣ ਇੱਥੇ ਕੁੱਲ 28,491 ਇਨਫੈਕਟਿਡ ਲੋਕ ਹਨ। ਜ਼ਿਲ੍ਹੇ 'ਚ ਕੋਰੋਨਾ ਨਾਲ 672 ਮੌਤਾਂ ਹੋ ਚੁੱਕੀਆਂ ਹਨ।