ਸਟੇਟ ਬਿਊਰੋ, ਕੋਲਕਾਤਾ : ਈਡੀ ਨੇ ਬੰਗਲਾਦੇਸ਼ ਨਾਲ ਜੁੜੇ ਮਨੀ ਲਾਂਡਰਿੰਗ ਤੇ ਹਵਾਲਾ ਰੈਕਟ ਮਾਮਲੇ ’ਚ ਬੰਗਾਲ ’ਚ ਕਰੀਬ 9 ਟਿਕਾਣਿਆਂ ’ਤੇ ਛਾਪੇਮਾਰੀ ਕਰ ਕੇ ਦੋ ਲੋਕਾਂ ਨੂੰ ਗਿ੍ਰਫ਼ਤਾਰ ਕੀਤਾ ਹੈ। ਸੂਤਰਾਂ ਮੁਤਾਬਕ ਛਾਪੇਮਾਰੀ ਮੁਹਿੰਮ ਬੰਗਲਾਦੇਸ਼ ਸਥਿਤ ਐੱਨਆਰਬੀ ਗਲੋਬਲ ਬੈਂਕ ਦੇ ਸਾਬਕਾ ਮੈਨੇਜਿੰਗ ਡਾਇਰੈਕਟਰ ਪ੍ਰਸ਼ਾਂਤ ਕੁਮਾਰ ਹਲਦਰ ਤੇ ਬੰਗਾਲ ਦੇ ਉੱਤਰ 24 ਪਰਗਨਾ ਜ਼ਿਲ੍ਹੇ ਦੇ ਅਸ਼ੋਕ ਨਗਰ ਵਾਸੀ ਸੁਕੁਮਾਰ ਮਿ੍ਰਧਾ ਵੱਲੋਂ ਪੈਸੇ ਦੇ ਗਬਨ ਨਾਲ ਸਬੰਧਿਤ ਹੈ। ਉਨ੍ਹਾਂ ਨਾਜਾਇਜ਼ ਤੌਰ ’ਤੇ ਕਮਾਏ ਪੈਸਿਆਂ ਦੀ ਵਰਤੋਂ ਜਾਇਦਾਦ ਖ਼ਰੀਦਣ ਲਈ ਕੀਤੀ ਸੀ। ਸੁਕੁਮਾਰ ਬੰਗਾਲ ’ਚ ਪ੍ਰ੍ਰਸ਼ਾਂਤ ਦੇ ਏਜੰਟ ਵਜੋਂ ਕੰਮ ਕਰਦਾ ਸੀ। ਪ੍ਰਸ਼ਾਂਤ ਦਾ ਅਸ਼ੋਕ ਨਗਰ ਦੇ ਨਬਪੱਲੀ ਇਲਾਕੇ ’ਚ ਘਰ ਹੈ।

ਈਡੀ ਦੇ ਇਕ ਅਧਿਕਾਰੀ ਨੇ ਨਾਂ ਨਾ ਛਾਪਣ ਦੀ ਸ਼ਰਤ ’ਤੇ ਕਿਹਾ ਕਿ ਸੁਕੁਮਾਰ ਤੇ ਪ੍ਰਸ਼ਾਂਤ ਕੋਲ ਹੋਰਨਾਂ ਸ਼ਹਿਰਾਂ ’ਚ ਵੀ ਕਈ ਜਾਇਦਾਦਾਂ ਹਨ। ਅਸੀਂ ਬੰਗਾਲ ’ਚ ਇਨ੍ਹਾਂ ਦੋਵਾਂ ਦੇ ਰਿਸ਼ਤੇਦਾਰਾਂ ਤੋਂ ਪੁੱਛਗਿੱਛ ਕਰ ਰਹੇ ਹਾਂ। ਇਸ ਸਿਲਸਿਲੇ ’ਚ ਸੁਕੁਮਾਰ ਦੇ ਜਵਾਈ ਸੰਜੀਬ ਹਵਲਦਾਰ ਤੋਂ ਵੀ ਪੁੱਛਗਿੱਛ ਕੀਤੀ ਗਈ ਜਿਹੜਾ ਅਸ਼ੋਕ ਨਗਰ ’ਚ ਰਹਿੰਦਾ ਹੈ। ਸੰਜੀਬ ਨੇ ਦੱਸਿਆ ਕਿ ਉਸ ਦਾ ਸਹੁਰਾ ਦੋ ਸਾਲ ਪਹਿਲਾਂ ਅਸ਼ੋਕ ਨਗਰ ਆਇਆ ਸੀ। ਉਸ ਨੂੰ ਮਨੀ ਲਾਂਡਰਿੰਗ ਤੇ ਹਵਾਲਾ ਘੁਟਾਲਿਆਂ ’ਚ ਆਪਣੇ ਸਹੁਰੇ ਦੀ ਸ਼ਮੂਲੀਅਤ ਬਾਰੇ ਕੋਈ ਜਾਣਕਾਰੀ ਨਹੀਂ ਸੀ।

ਜ਼ਿਕਰਯੋਗ ਹੈ ਕਿ ਈਡੀ ਦੇ ਅਧਿਕਾਰੀਆਂ ਨੇ ਬੀਤੇ ਸ਼ੁੱਕਰਵਾਰ ਬੰਗਾਲ ’ਚ 9 ਥਾਵਾਂ ’ਤੇ ਛਾਪੇਮਾਰੀ ਕੀਤੀ ਸੀ। ਇਸ ’ਚ ਅਸ਼ੋਕ ਨਗਰ ’ਚ ਇੱਕੋ ਵੇਲੇ ਤਿੰਨ ਥਾਵਾਂ ’ਤੇ ਛਾਪੇਮਾਰੀ ਕੀਤੀ ਗਈ। ਅਸ਼ੋਕ ਨਗਰ ਦੇ ਨੰਬਰ ਅੱਠ ਭਾਰਤੀ ਮੱਠ ਇਲਾਕੇ ’ਚ ਸਵਪਨ ਮਿੱਤਰਾ ਨਾਂ ਦੇ ਆਦਮੀ ਦੇ ਘਰ ਈਡੀ ਨੇ ਛਾਪੇਮਾਰੀ ਕੀਤੀ ਜਿਸ ਤੋਂ ਬਾਅਦ ਸਵਪਨ ਤੇ ਉਸ ਦੇ ਭਰਾ ਉੱਤਮ ਮਿੱਤਰਾ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ। ਈਡੀ ਨੂੰ ਸ਼ੱਕ ਹੈ ਕਿ ਗਿ੍ਰਫ਼ਤਾਰ ਕੀਤੇ ਗਏ ਦੋਵੇਂ ਵਿਅਕਤੀ ਸੁਕੁਮਾਰ ਦੇ ਮੁੱਖ ਭਾਈਵਾਲ ਹਨ। ਸਵਪਨ ਕੋਲੋਂ ਕਈ ਅਹਿਮ ਦਸਤਾਵੇਜ਼ ਮਿਲੇ ਹਨ। ਪਤਾ ਲੱਗਾ ਹੈ ਕਿ ਸਵਪਨ ਸੁਕੁਮਾਰ ਨਾਲ ਮੱਛੀਆਂ ਦਾ ਕਾਰੋਬਾਰ ਕਰਦਾ ਸੀ। ਸਵਪਨ ਤੇ ਉਸ ਦੇ ਭਰਾ ਉੱਤਮ ਨੂੰ ਹਿਰਾਸਤ ’ਚ ਲੈ ਕੇ ਈਡੀ ਵੱਖ-ਵੱਖ ਜਾਣਕਾਰੀਆਂ ਇਕੱਠੀਆਂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

Posted By: Shubham Kumar