ਨਵੀਂ ਦਿੱਲੀ (ਪੀਟੀਆਈ) : ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ ਤਹਿਤ ਗੁਜਰਾਤ ਦੀ ਇਕ ਕੰਪਨੀ ਦੀ 34 ਕਰੋੜ ਰੁਪਏ ਦੀ ਜਾਇਦਾਦ ਨੂੰ ਅਟੈਚ ਕੀਤਾ ਹੈ। ਈਡੀ ਨੇ ਸ਼ਨਿਚਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਈਡੀ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਬਾਇਓਟੋਰ ਇੰਡਸਟ੍ਰੀਜ਼ ਲਿਮਟਿਡ ਅਤੇ ਉਸ ਦੇ ਪ੍ਰਬੰਧ ਨਿਰਦੇਸ਼ਕ ਰਾਜੇਸ਼ ਐੱਮ ਕਪਾੜੀਆ ਅਤੇ ਹੋਰ ਖ਼ਿਲਾਫ਼ ਜਾਂਚ ਕੀਤੀ ਜਾ ਰਹੀ ਹੈ।

ਇਨ੍ਹਾਂ ਸਾਰਿਆਂ ਖ਼ਿਲਾਫ਼ ਗੁਜਰਾਤ ਪੁਲਿਸ ਅਤੇ ਸੀਬੀਆਈ ਦੀ ਵੀ ਜਾਂਚ ਜਾਰੀ ਹੈ। ਉਸ ਨੇ ਕਿਹਾ ਕਿ ਜਾਂਚ ਵਿਚ ਦੋਸ਼ੀਆਂ ਵੱਲੋਂ 2007 ਤੋਂ 2009 ਦੌਰਾਨ ਫ਼ਰਜ਼ੀ ਬਿੱਲਾਂ ਅਤੇ ਰਸੀਦਾਂ ਰਾਹੀਂ ਕਰੀਬ 250 ਕਰੋੜ ਰੁਪਏ ਦੇ ਹੇਰਫੇਰ ਕਰਨ ਦਾ ਪਤਾ ਲੱਗਾ ਹੈ। ਈਡੀ ਨੇ ਕਿਹਾ ਕਿ ਕੇਜੀਐੱਨ ਗਰੁੱਪ ਆਫ ਕੰਪਨੀਜ਼ ਦੇ ਮਾਲਕ ਆਰਿਫ ਇਸਮਾਈਲ ਭਾਈ ਮੇਮਨ ਨੇ ਰਾਜੇਸ਼ ਕਪਾੜੀਆ ਅਤੇ ਹੋਰ ਨਾਲ ਸਾਂਝ ਪਾ ਕੇ ਹੇਰਾਫੇਰੀ ਵਿਚ ਵੱਡੀ ਭੂਮਿਕਾ ਨਿਭਾਈ। ਉਸ ਨੇ ਕਿਹਾ ਕਿ ਮੇਮਨ ਨੇ ਫ਼ਰਜ਼ੀਵਾੜੇ ਰਾਹੀਂ ਕਰੀਬ 62 ਕਰੋੜ ਰੁਪਏ ਕੇਜੀਐੱਨ ਗਰੁੱਪ ਆਫ ਕੰਪਨੀਜ਼ ਦੇ ਖਾਤਿਆਂ ਵਿਚ ਜਮ੍ਹਾਂ ਕੀਤੇ। ਈਡੀ ਨੇ ਮਨੀ ਲਾਂਡਰਿੰਗ ਰੋਕਥਾਮ ਐਕਟ ਤਹਿਤ ਕੇਜੀਐੱਨ ਇੰਟਰਪ੍ਰਾਈਜਿਜ਼ ਲਿਮਟਿਡ ਅਤੇ ਸੈਲਾਨੀ ਐਗਰੋਟੈੱਕ ਇੰਡਸਟ੍ਰੀਜ਼ ਲਿਮਟਿਡ ਦੀ ਗੁਜਰਾਤ ਦੇ ਖੇੜਾ ਜ਼ਿਲ੍ਹੇ ਵਿਚ ਸਥਿਤ ਜ਼ਮੀਨ, ਪਲਾਂਟ ਅਤੇ ਮਸ਼ੀਨਾਂ ਅਤੇ ਅਹਿਮਦਾਬਾਦ ਵਿਚ ਸਥਿਤ ਮੇਮਨ ਦੀ ਆਵਾਸੀ ਸੰਪਤੀ ਨੂੰ ਅਟੈਚ ਕੀਤਾ। ਅਟੈਚ ਜਾਇਦਾਦਾਂ ਦਾ ਕੁਲ ਮੁੱਲ 34.47 ਕਰੋੜ ਰੁਪਏ ਹੈ। ਈਡੀ ਇਸ ਮਾਮਲੇ ਵਿਚ ਪਹਿਲੇ ਹੀ 149 ਕਰੋੜ ਰੁਪਏ ਦੀਆਂ ਜਾਇਦਾਦਾਂ ਅਟੈਚ ਕਰ ਕੇ ਦੋਸ਼-ਪੱਤਰ ਦਾਖ਼ਲ ਕਰ ਚੁੱਕਾ ਹੈ।