ਨਵੀਂ ਦਿੱਲੀ (ਪੀਟੀਆਈ) : ਅਗਲੇ ਅਕਾਦਮਿਕ ਵਰ੍ਹੇ ਤੋਂ ਇੰਜੀਨੀਅਰਿੰਗ ਪ੍ਰੋਗਰਾਮ ਸਮੇਤ ਵੱਖ-ਵੱਖ ਟੈਕਨੀਕਲ ਪਾਠਕ੍ਰਮ ਸਥਾਨਕ ਭਾਸ਼ਾਵਾਂ 'ਚ ਵੀ ਉਪਲੱਬਧ ਕਰਵਾਏ ਜਾਣਗੇ। ਮੰਤਰਾਲੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਦੀ ਪ੍ਰਧਾਨਗੀ 'ਚ ਹੋਈ ਬੈਠਕ 'ਚ ਇਹ ਫ਼ੈਸਲਾ ਹੋਇਆ।

ਅਧਿਕਾਰੀ ਨੇ ਦੱਸਿਆ, 'ਤਕਨੀਕੀ ਪੜ੍ਹਾਈ, ਵਿਸ਼ੇਸ਼ ਤੌਰ 'ਤੇ ਇੰਜੀਨੀਅਰਿੰਗ ਪਾਠਕ੍ਰਮਾਂ ਨੂੰ ਮਾਤਾ ਭਾਸ਼ਾ 'ਚ ਵੀ ਉਪਲੱਬਧ ਕਰਵਾਉਣ ਦੀ ਸ਼ੁਰੂਆਤ ਇਸ ਅਕਾਦਮਿਕ ਵਰ੍ਹੇ ਤੋਂ ਹੋਵੇਗੀ। ਕੁਝ ਆਈਆਈਟੀ ਤੇ ਐੱਨਆਈਟੀ ਨੂੰ ਇਸ ਲਈ ਚੁਣਿਆ ਗਿਆ ਹੈ।' ਜੇਈਈ ਤੇ ਨੀਟ ਸਮੇਤ ਵੱਖ-ਵੱਖ ਮੁਕਾਬਲੇ ਵਾਲੀਆਂ ਪ੍ਰੀਖਿਆਵਾਂ ਕਰਵਾਉਣ ਵਾਲੀ ਕੌਮੀ ਪ੍ਰੀਖਿਆ ਏਜੰਸੀ (ਐੱਨਟੀਏ) ਨੇ ਪਿਛਲੇ ਮਹੀਨੇ ਐਲਾਨ ਕੀਤਾ ਸੀ ਕਿ 2021 ਤੋਂ ਹਿੰਦੀ ਤੇ ਅੰਗਰੇਜ਼ੀ ਤੋਂ ਇਲਾਵਾ ਨੌਂ ਸਥਾਨਕ ਭਾਸ਼ਾਵਾਂ 'ਚ ਜੇਈਈ (ਮੇਨ) ਦਾ ਪ੍ਰਬੰਧ ਕੀਤਾ ਜਾਵੇਗਾ। ਹਾਲਾਂਕਿ ਜੇਈਈ (ਐਡਵਾਂਸਡ) ਦਾ ਪ੍ਰਬੰਧ ਸਥਾਨਕ ਭਾਸ਼ਾਵਾਂ 'ਚ ਕਰਵਾਉਣ 'ਤੇ ਵੱਖ-ਵੱਖ ਆਈਆਈਟੀ ਨੇ ਹਾਲੇ ਕੋਈ ਫ਼ੈਸਲਾ ਨਹੀਂ ਲਿਆ ਹੈ।

ਬੈਠਕ 'ਚ ਇਹ ਫ਼ੈਸਲਾ ਵੀ ਕੀਤਾ ਗਿਆ ਕਿ ਐੱਨਟੀਏ ਕੋਰੋਨਾ ਮਹਾਮਾਰੀ ਕਾਰਨ ਵੱਖ-ਵੱਖ ਸਕੂਲੀ ਸਿੱਖਿਆ ਬੋਰਡ ਦੀ ਮੌਜੂਦਾ ਸਥਿਤੀ ਨੂੰ ਦੇਖਦਿਆਂ ਮੁਕਾਬਲੇ ਵਾਲੀਆਂ ਪ੍ਰਰੀਖਿਆਵਾਂ ਦਾ ਪਾਠਕ੍ਰਮ ਨਵੇਂ ਸਿਰੇ ਤੋਂ ਤਿਆਰ ਕਰੇਗੀ। ਯੂਜੀਸੀ ਨੂੰ ਵੀ ਨਿਰਦੇਸ਼ ਦਿੱਤਾ ਗਿਆ ਹੈ ਕਿ ਸਾਰੇ ਵਜ਼ੀਫੇ ਤੇ ਗ੍ਾਂਟਾਂ ਸਮੇਂ ਸਿਰ ਦਿੱਤੀ ਜਾਣਗੀਆਂ। ਨਾਲ ਹੀ ਵਿਦਿਆਰਥੀਆਂ ਦੀਆਂ ਸ਼ਿਕਾਇਤਾਂ ਨੂੰ ਦੂਰ ਕਰਨ ਲਈ ਹੈਲਪਲਾਈਨ ਸ਼ੁਰੂ ਕਰਨ ਨੂੰ ਵੀ ਕਿਹਾ ਗਿਆ ਹੈ।