ਨਵੀਂ ਦਿੱਲੀ (ਪੀਟੀਆਈ) : ਕੇਂਦਰ ਸਰਕਾਰ ਚਿਪ ਵਰਗੇ ਆਧੁਨਿਕ ਸੁਰੱਖਿਆ ਫੀਚਰ ਵਾਲੇ ਈ-ਪਾਸਪੋਰਟ ਜਾਰੀ ਕਰਨ ਦੀ ਯੋਜਨਾ 'ਤੇ ਕੰਮ ਕਰ ਰਹੀ ਹੈ। ਪਾਸਪੋਰਟ ਬੁੱਕ ਵਿਚ ਲੱਗਣ ਵਾਲੀ ਇਸ ਚਿਪ ਵਿਚ ਬਿਨੈਕਾਰ ਦਾ ਨਿੱਜੀ ਵੇਰਵਾ ਸਟੋਰ ਹੋਵੇਗਾ।

ਰਾਜ ਸਭਾ 'ਚ ਇਕ ਸਵਾਲ ਦੇ ਲਿਖਤੀ ਜਵਾਬ ਵਿਚ ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ ਨੇ ਦੱਸਿਆ ਕਿ ਜੇਕਰ ਕੋਈ ਇਸ ਚਿਪ ਨਾਲ ਛੇੜਛਾੜ ਕਰੇਗਾ ਤਾਂ ਸਿਸਟਮ ਉਸ ਦੀ ਪਛਾਣ ਕਰ ਲਵੇਗਾ ਅਤੇ ਪਾਸਪੋਰਟ ਦੀ ਤਸਦੀਕ ਨਹੀਂ ਹੋ ਸਕੇਗੀ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਇੰਡੀਆ ਸਕਿਓਰਿਟੀ ਪ੍ਰੈੱਸ (ਆਈਐੱਸਪੀ) ਨੂੰ ਈ-ਪਾਸਪੋਰਟ ਉਤਪਾਦਨ ਲਈ ਇਲੈਕਟ੍ਰਾਨਿਕ ਕਾਂਟੈਕਟਲੈੱਸ ਇਨਲੈੱਸ ਖ਼ਰੀਦਣ ਦੀ ਮਨਜ਼ੂਰੀ ਪ੍ਰਦਾਨ ਕਰ ਦਿੱਤੀ ਹੈ। ਇਸ ਸਬੰਧੀ ਆਈਐੱਸਪੀ ਨੂੰ ਤਿੰਨ ਧਿਰੀ ਵਿਸ਼ਵ ਪੱਧਰੀ ਟੈਂਡਰ ਜਾਰੀ ਕਰਨ ਲਈ ਵੀ ਅਧਿਕਾਰਤ ਕਰ ਦਿੱਤਾ ਗਿਆ ਹੈ।

ਮੁਰਲੀਧਰਨ ਨੇ ਦੱਸਿਆ ਕਿ ਆਈਐੱਸਪੀ ਵੱਲੋਂ ਖ਼ਰੀਦ ਪ੍ਰਕਿਰਿਆ ਪੂਰੀ ਕਰ ਲੈਣ ਤੋਂ ਬਾਅਦ ਹੀ ਈ-ਪਾਸਪੋਰਟ ਦਾ ਉਤਪਾਦਨ ਸ਼ੁਰੂ ਹੋਵੇਗਾ। ਇਕ ਹੋਰ ਸਵਾਲ ਦੇ ਜਵਾਬ ਵਿਚ ਉਨ੍ਹਾਂ ਦੱਸਿਆ ਕਿ 2017 ਵਿਚ 1.08 ਕਰੋੜ ਅਤੇ 2018 ਵਿਚ 1.12 ਕਰੋੜ ਪਾਸਪੋਰਟ ਜਾਰੀ ਕੀਤੇ ਗਏ।