ਜੇਐੱਨਐੱਨ, ਜੰਮੂ : ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਦੇ ਸਲਾਹਕਾਰ ਤੇ ਜੰਮੂ-ਕਸ਼ਮੀਰ ਪੁਲਿਸ ਦੇ ਸਾਬਕਾ ਡਾਇਰੈਕਟ ਜਨਰਲ ਫਾਰੂਕ ਖ਼ਾਨ ਨੇ ਮੰਗਲਵਾਰ ਨੂੰ ਦੋ ਅੱਤਵਾਦੀਆਂ ਨਾਲ ਫੜੇ ਗਏ ਡੀਐੱਸਪੀ ਦਵਿੰਦਰ ਸਿੰਘ ਨੂੰ ਬਲੈਕ ਸ਼ੀਪ ਦੱਸਿਆ। ਉਨ੍ਹਾਂ ਕਿਹਾ ਕਿ ਉਸ ਨੂੰ ਫੜਨ ਦਾ ਸਿਹਰਾ ਜੰਮੂ-ਕਸ਼ਮੀਰ ਪੁਲਿਸ ਨੂੰ ਹੀ ਜਾਂਦਾ ਹੈ।

ਸੂਬਾਈ ਪੁਲਿਸ ਦਾ ਰਾਸ਼ਟਰੀ ਏਕਤਾ, ਅਖੰਡਤਾ ਤੇ ਸ਼ਾਂਤੀ ਵਿਵਸਥਾ ਨੂੰ ਕਾਇਮ ਰੱਖਣ 'ਚ ਕੁਰਬਾਨੀਆਂ ਦੇਣ ਦਾ ਇਕ ਮਾਣਮੱਤਾ ਇਤਿਹਾਸ ਹੈ। ਪੁਲਿਸ ਦੇ ਸ਼ਹੀਦਾਂ ਨੇ ਆਪਣੇ ਖ਼ੂਨ ਨਾਲ ਜੰਮੂ-ਕਸ਼ਮੀਰ 'ਚ ਹਮੇਸ਼ਾ ਰਾਸ਼ਟਰਵਿਰੋਧੀ ਤੱਤਾਂ ਨੂੰ ਨਾਕਾਮ ਬਣਾਇਆ ਹੈ। ਦਵਿੰਦਰ ਸਿੰਘ ਵਰਗੀ ਕਾਲੀ ਭੇਡ ਕਾਰਨ ਪੁਲਿਸ ਦੇ ਮਨੋਬਲ ਜਾਂ ਨਿਸ਼ਠਾ 'ਚ ਕੋਈ ਕਮੀ ਨਹੀਂ ਆਵੇਗੀ। ਪੁਲਿਸ ਅੱਤਵਾਦ ਨੂੰ ਖ਼ਤਮ ਕਰਨ ਦੀ ਮੁਹਿੰਮ ਨੂੰ ਜਾਰੀ ਰੱਖੇਗੀ।

ਫਾਰੂਕ ਖ਼ਾਨ ਨੇ ਹੀ ਜੰਮੂ ਕਸ਼ਮੀਰ 'ਚ ਅੱਤਵਾਦ ਦਾ ਲੱਕ ਤੋੜਨ ਵਾਲੇ ਜੰਮੂ ਕਸ਼ਮੀਰ ਪੁਲਿਸ ਦੇ ਦਸਤੇ ਜਿਸ ਨੂੰ ਐੱਸਟੀਐੱਫ ਤੇ ਐੱਸਓਜੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਦੀ ਨਹੀਂ ਰੱਖੀ ਸੀ। ਮੰਗਲਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ 'ਚ ਉਨ੍ਹਾਂ ਕਿਹਾ ਕਿ ਬਲੈਕ ਸ਼ੀਪ ਕਿਸੇ ਵੀ ਥਾਂ, ਕਿਸੇ ਵੀ ਸੰਸਥਾ 'ਚ ਹੋ ਸਕਦੀ ਹੈ। ਪੁਲਿਸ ਕੋਈ ਅਪਵਾਦ ਨਹੀਂ ਹੈ। ਜੰਮੂ-ਕਸ਼ਮੀਰ ਪੁਲਿਸ ਨੇ ਹੀ ਉਸ ਨੂੰ ਅੱਤਵਾਦੀ ਨਾਲ ਫੜਿਆ ਹੈ, ਉਸ ਨੂੰ ਲੁਕਾਇਆ ਨਹੀਂ।

ਉਸ ਨਾਲ ਅੱਤਵਾਦੀਆਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਇਸ ਪੂਰੇ ਮਾਮਲ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਜਾਂਚ ਬਾਰੇ ਕਿਸੇ ਤਰ੍ਹਾਂ ਦਾ ਬਿਓਰਾ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਸਾਰੇ ਪਹਿਲੂਆਂ ਨੂੰ ਧਿਆਨ 'ਚ ਰੱਖਦਿਆਂ ਜਾਂਚ ਦਾ ਘੇਰਾ ਅੱਗੇ ਵਧਾਇਆ ਜਾ ਰਿਹਾ ਹੈ। ਜਾਣਕਾਰੀ ਬਾਹਰ ਆਉਣ ਨਾਲ ਜਾਂਚ ਪ੍ਰਭਾਵਿਤ ਹੋ ਸਕਦੀ ਹੈ।

ਪੁਲਿਸ ਦੇ ਅਕਸ ਨੂੰ ਕੋਈ ਨੁਕਸਾਨ ਨਹੀਂ

ਫਾਰੂਕ ਖ਼ਾਨ ਨੇ ਕਿਹਾ ਕਿ ਇਹ ਦੇਸ਼ ਦੀ ਏਕਤਾ ਤੇ ਸੁਰੱਖਿਆ ਨਾਲ ਜੁੜਿਆ ਮਾਮਲਾ ਹੈ। ਅਜਿਹੇ ਮਾਮਲਿਆਂ 'ਚ ਕਿਸੇ ਵੀ ਤਰ੍ਹਾਂ ਦੀ ਸਿਆਸਤ ਨਹੀਂ ਹੋਣੀ ਚਾਹੀਦੀ। ਦਵਿੰਦਰ ਸਿੰਘ ਨੇ ਜੋ ਕੀਤਾ ਉਸ ਕਾਰਨ ਸੂਬਾ ਪੁਲਿਸ ਦੇ ਜਵਾਨਾਂ ਤੇ ਅਧਿਕਾਰੀਆਂ ਦਾ ਮਨੋਬਲ ਤਾਂ ਨਹੀਂ ਡਿੱਗੇਗਾ। ਪੁਲਿਸ ਦੇ ਅਕਸ ਨੂੰ ਕੋਈ ਨੁਕਸਾਨ ਨਹੀਂ ਹੈ। ਕੋਈ ਸੜੀ ਹੋਈ ਮੱਛੀ ਜੰਮੂ-ਕਸ਼ਮੀਰ ਪੁਲਿਸ ਦੇ ਅਕਸ ਨੂੰ ਖ਼ਰਾਬ ਨਹੀਂ ਕਰ ਸਕਦੀ।