ਨਈ ਦੁਨੀਆ, ਨਵੀਂ ਦਿੱਲੀ : ਨਿਰਭੈਆ ਜਬਰ ਜਨਾਹ ਮਾਮਲੇ ਵਿਚ ਚਾਰੇ ਦਰਿੰਦਿਆਂ ਦੀ ਫਾਂਸੀ ਦਾ ਦਿਨ ਬੇਹੱਦ ਨੇੜੇ ਆ ਗਿਆ ਹੈ। ਕੋਰਟ ਵੱਲੋਂ ਜਾਰੀ ਕੀਤੇ ਗਏ ਡੈਥ ਵਾਰੰਟ ਮੁਤਾਬਕ ਚਾਰਾਂ ਨੂੰ 20 ਮਾਰਚ ਨੂੰ ਸਵੇਰੇ 5.30 ਵਜੇ ਫਾਂਸੀ ਦਿੱਤੀ ਜਾਣੀ ਹੈ। ਫਿਲਹਾਲ ਚਾਰੇ ਦੋਸ਼ੀਆਂ ਨੂੰ ਤਿਹਾੜ ਜੇਲ੍ਹ ਵਿਚ ਬੰਦ ਕੀਤਾ ਹੋਇਆ ਹੈ। ਜੇਲ੍ਹ ਪ੍ਰਸ਼ਾਸਨ ਦੀ ਮੰਗ ਤੋਂ ਬਾਅਦ ਮੰਗਲਵਾਰ ਸ਼ਾਮ ਦੋਸ਼ੀਆਂ ਨੂੰ ਫਾਂਸੀ ਦੇਣ ਲਈ ਪਵਨ ਜੱਲਾਦ ਨੇ ਤਿਹਾੜ ਜੇਲ੍ਹ ਵਿਚ ਰਿਪੋਰਟ ਕਰ ਦਿੱਤੀ ਹੈ। ਫਾਂਸੀ ਦੇਣ ਤੋਂ ਪਹਿਲਾਂ 18 ਅਤੇ 19 ਮਾਰਚ ਨੂੰ ਦੋ ਦਿਨ ਡੰਮੀ ਫਾਂਸੀ ਦਿੱਤੀ ਜਾਵੇਗੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਤਿੰਨ ਵਾਰ ਦੋਸ਼ੀਆਂ ਦਾ ਡੈਥ ਵਾਰੰਟ ਜਾਰੀ ਹੋ ਚੁੱਕਾ ਹੈ ਪਰ ਹਰ ਵਾਰ ਕਾਨੂੰਨੀ ਹੱਥਕੰਡੇ ਅਪਨਾ ਕੇ ਦੋਸ਼ੀ ਫਾਂਸੀ ਨੂੰ ਟਾਲ ਚੁੱਕੇ ਹਨ। ਇਸ ਵਾਰ ਵੀ ਦੋ ਦੋਸ਼ੀਆਂ ਨੇ ਫਾਂਸੀ ਤੋਂ ਬਚਣ ਲਈ ਕੋਰਟ ਦਾ ਸਹਾਰਾ ਲਿਆ ਸੀ।

ਡੰਮੀ ਫਾਂਸੀ ਕਰਾਉਣ ਦਾ ਕਾਰਨ

ਕਿਸੇ ਵੀ ਕੈਦੀ ਨੂੰ ਫਾਂਸੀ ਦੇਣ ਤੋਂ ਪਹਿਲਾਂ ਡੰਮੀ ਫਾਂਸੀ ਲਾਈ ਜਾਂਦੀ ਹੈ। ਇਸ ਦੌਰਾਨ ਕੈਦੀ ਦੇ ਭਾਰ ਦੇ ਬਰਾਬਰ ਦੇ ਡੰਮੀ ਪੁਤਲਿਆਂ ਨੂੰ ਫਾਂਸੀ 'ਤੇ ਲਟਕਾਇਆ ਜਾਂਦਾ ਹੈ। ਫਾਂਸੀ ਦੌਰਾਨ ਵਰਤੀ ਜਾਣ ਵਾਲੀ ਰੱਸੀ ਦੇ ਨਾਲ-ਨਾਲ ਜ਼ਰੂਰੀ ਬਾਰੀਕੀਆਂ ਨੂੰ ਧਿਆਨ ਵਿਚ ਰੱਖਿਆ ਜਾਂਦਾ ਹੈ। ਜੇ ਕੋਈ ਗੜਬੜੀ ਹੁੰਦੀ ਹੈ ਤਾਂ ਉਹ ਡੰਮੀ ਫਾਂਸੀ ਦੌਰਾਨ ਹੀ ਸਾਹਮਣੇ ਆ ਜਾਂਦੀ ਹੈ। ਇਸ ਕਾਰਨ ਫਾਂਸੀ ਵੇਲੇ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਤੋਂ ਬਚਿਆ ਜਾਂਦਾ ਹੈ।

ਬਕਸਰ ਵਿਚ ਬਣਿਆ ਹੈ ਫਾਂਸੀ ਦਾ ਫੰਦਾ

ਨਿਰਭੈਆ ਜਬਰ ਜਨਾਹ ਮਾਮਲੇ ਦੇ ਚਾਰੇ ਦੋਸ਼ੀਆਂ ਪਵਨ, ਮੁਕੇਸ਼, ਵਿਨੈ ਅਤੇ ਅਕਸ਼ੇ ਨੂੰ ਫਾਂਸੀ ਦੇਣ ਲਈ ਬਕਸਰ ਜੇਲ੍ਹ ਵਿਚੋਂ ਫਾਂਸੀ ਦਾ ਫੰਦਾ ਤਿਆਰ ਕਰਵਾਇਆ ਗਿਆ ਹੈ। ਫਾਹੇ ਨੂੰ ਨਰਮ ਰੱਖਣ ਲਈ ਜੇਲ੍ਹ ਪ੍ਰਸ਼ਾਸਨ ਵੱਲੋਂ ਉਸ 'ਤੇ ਕੇਲੇ ਦਾ ਲੇਪ ਕਰਨ ਦੇ ਨਾਲ ਹੀ ਮੱਖਣ ਦੀ ਵਰਤਿਆ ਗਿਆ ਹੈ। ਦੱਸ ਦੇਈਏ ਕਿ ਫਾਂਸੀ ਲਈ ਵਰਤੀ ਜਾਣ ਵਾਲੀ ਰੱਸੀ ਬਣਾਉਣ ਵਿਚ ਬਕਸਰ ਜੇਲ੍ਹ ਦੀ ਖਾਸ ਪਛਾਣ ਹੈ। ਇਥੇ ਖਾਸ ਤਰੀਕੇ ਨਾਲ ਇਸ ਦਾ ਨਿਰਮਾਣ ਕੀਤਾ ਜਾਂਦਾ ਹੈ। ਇਹ ਰੱਸੀ ਬੇਹੱਦ ਮਜਬੂਤ ਹੁੰਦੀ ਹੈ।

ਕਾਨੂੰਨੀ ਹੱਥਕੰਡਾ ਅਪਨਾ ਰਹੇ ਹਨ ਦੋਸ਼ੀ

20 ਮਾਰਚ ਨੂੰ ਹੋਣ ਵਾਲੀ ਫਾਂਸੀ ਨੂੰ ਟਾਲਣ ਲਈ ਇਕ ਵਾਰ ਫਿਰ ਚਾਰੇ ਦੋਸ਼ੀ ਨਵਾਂ ਹੱਥਕੰਡਾ ਅਪਨਾਉਣ ਦੀ ਕੋਸ਼ਿਸ਼ ਵਿਚ ਹੈ। ਇਸ ਲੜੀ ਵਿਚ ਦੋਸ਼ੀ ਅਕਸ਼ੇ ਦੀ ਪਤਨੀ ਨੇ ਬਿਹਾਰ ਵਿਚ ਤਲਾਕ ਦੀ ਅਰਜ਼ੀ ਦਾਇਰ ਕੀਤੀ ਹੈ। ਇਸ ਤੋਂ ਇਲਾਵਾ ਇਕ ਦੋਸ਼ੀ ਨੇ ਸੁਪਰੀਮ ਕੋਰਟ ਤੋਂ ਫਾਂਸੀ ਨਾ ਦੇਣ ਦੀ ਗੁਹਾਰ ਵੀ ਲਾਈ ਹੈ।

Posted By: Tejinder Thind