ਅਰਵਿੰਦ ਪਾਂਡੇ, ਨਵੀਂ ਦਿੱਲੀ : ਡਰੱਗਜ਼ ਜਾਂ ਫਿਰ ਨਸ਼ੀਲੀਆਂ ਦਵਾਈਆਂ ਦੀ ਗਿ੍ਰਫ਼ਤ ’ਚ ਫਸੇ ਲੋਕਾਂ ਨੂੰ ਫਿਲਹਾਲ ਇਸ ਤੋਂ ਬਾਹਰ ਕੱਢਣ ਲਈ ਸਰਕਾਰ ਹੁਣ ਕਿਸੇ ਤਰ੍ਹਾਂ ਦੀ ਸਖ਼ਤੀ ਦੀ ਥਾਂ ਹਮਦਰਦੀ ਦੇ ਹੱਕ ’ਚ ਹੈ। ਇਹੀ ਕਾਰਨ ਹੈ ਕਿ ਉਹ ਇਸ ਨਾਲ ਜੁੜੇ ਕਾਨੂੰਨ ’ਚ ਤਬਦੀਲੀ ਦੀ ਤਿਆਰੀ ’ਚ ਹੈ। ਲੋਕਾਂ ਕੋਲ ਆਪਣੇ ਖ਼ੁਦ ਦੀ ਵਰਤੋਂ ਲਈ ਜੇ ਸੀਮਤ ਮਾਤਰਾ ’ਚ ਡਰੱਗਜ਼ ਜਾਂ ਨਸ਼ੀਲੀਆਂ ਦਵਾਈਆਂ ਮਿਲਦੀਆਂ ਵੀ ਹਨ ਤਾਂ ਉਨ੍ਹਾਂ ’ਤੇ ਅਪਰਾਧੀਆਂ ਵਰਗਾ ਕੋਈ ਮਾਮਲਾ ਦਰਜ ਨਹੀਂ ਹੋਵੇਗਾ ਤੇ ਨਾ ਹੀ ਉਨ੍ਹਾਂ ਨੂੰ ਜੇਲ੍ਹ ਹੋਵੇਗੀ। ਇਸ ਦੇ ਬਦਲੇ ਉਨ੍ਹਾਂ ਨੂੰ ਨਸ਼ਾ ਮੁਕਤੀ ਕੇਂਦਰ ਭੇਜਿਆ ਜਾਵੇਗਾ।

ਨਸ਼ੇ ਵਿਰੁੱਧ ਦੇਸ਼ ਭਰ ’ਚ ਛੇੜੀ ਗਈ ਜੰਗ ਦਰਮਿਆਨ ਕੇਂਦਰੀ ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰਾਲੇ ਨੇ ਡਰੱਗਜ਼ ਜਾਂ ਨਸ਼ੀਲੀਆਂ ਦਵਾਈਆਂ ਨਾਲ ਫੜੇ ਜਾਣ ਵਾਲਿਆਂ ਵਿਰੁੱਧ ਬਣਾਏ ਗਏ ਕਾਨੂੰਨ ’ਚ ਬਦਲਾਅ ਨੂੰ ਲੈ ਕੇ ਅਹਿਮ ਸੁਝਾਅ ਦਿੱਤੇ ਹਨ। ਇਸ ’ਚ ਸਭ ਤੋਂ ਅਹਿਮ ਸੁਝਾਅ ਹੈ ਕਿ ਡਰੱਗਜ਼ ਜਾਂ ਕਿਸੇ ਤਰ੍ਹਾਂ ਦੇ ਨਸ਼ੇ ਦੀ ਗਿ੍ਰਫ਼ਤ ’ਚ ਫਸੇ ਲੋਕਾਂ ਨੂੰ ਮੁੱਖ ਧਾਰਾ ਨਾਲ ਜੋੜਨ ਲਈ ਉਨ੍ਹਾਂ ਨਾਲ ਅਪਰਾਧੀਆਂ ਵਰਗਾ ਵਿਹਾਰ ਨਾ ਕੀਤਾ ਜਾਵੇ। ਅਜਿਹਾ ਕਰਨ ਨਾਲ ਉਹ ਇਸ ਦਲਦਲ ’ਚ ਹੋਰ ਫਸਦੇ ਜਾਂਦੇ ਹਨ। ਅਜਿਹੇ ’ਚ ਜ਼ਰੂਰੀ ਹੈ ਕਿ ਉਨ੍ਹਾਂ ਨੂੰ ਇਸ ਖ਼ਰਾਬ ਆਦਤ ਤੋਂ ਛੁਟਕਾਰਾ ਦਿਵਾਇਆ ਜਾਵੇ। ਮੰਤਰਾਲੇ ਨੇ ਇਹ ਵੀ ਸਾਫ਼ ਕੀਤਾ ਹੈ ਕਿ ਕਾਨੂੰਨ ’ਚ ਬਦਲਾਅ ਦੇ ਪਿੱਛੇ ਉਸ ਦਾ ਮਕਸਦ ਇਹ ਹਰਗਿਜ਼ ਨਹੀਂ ਕਿ ਜੋ ਲੋਕ ਡਰੱਗਜ਼ ਜਾਂ ਨਸ਼ੀਲੀਆਂ ਦਵਾਈਆਂ ਦੇ ਕਾਰੋਬਾਰ ’ਚ ਲੱਗੇ ਹਨ, ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਮੁਹਲਤ ਦਿੱਤੀ ਜਾਵੇ। ਮੰਤਰਾਲੇ ਦਾ ਮੰਨਣਾ ਹੈ ਕਿ ਜੋ ਲੋਕ ਇਸ ਤਰ੍ਹਾਂ ਦੇ ਕਾਰੋਬਾਰ ’ਚ ਲੱਗੇ ਹਨ, ਉਨ੍ਹਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।

ਮੰਤਰਾਲੇ ਨਾਲ ਜੁੜੇ ਅਧਿਕਾਰੀਆਂ ਮੁਤਾਬਕ ਸੰਸਦ ਦੇ ਸਰਦ ਰੁੱਤ ਇਜਲਾਸ ’ਚ ਇਸ ਨਾਲ ਜੁੜਿਆ ਇਕ ਬਿੱਲ ਲਿਆਉਣ ਦੀ ਪੂਰੀ ਯੋਜਨਾ ਹੈ। ਇਹ ਬਿੱਲ ਮਾਲੀਆ ਵਿਭਾਗ ਵੱਲੋਂ ਲਿਆਂਦਾ ਜਾਵੇਗਾ। ਅਗਲੇ ਹਫ਼ਤੇ ਇਸ ਨੂੰ ਕੈਬਨਿਟ ’ਚ ਵੀ ਭੇਜੇ ਜਾਣ ਦੀ ਤਿਆਰੀ ਹੈ। ਇਸ ਦਰਮਿਆਨ ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰਾਲੇ ਨੇ ਦੱਸਿਆ ਹੈ ਕਿ ਮੌਜੂਦਾ ਸਮੇਂ ਦੇਸ਼ ਭਰ ’ਚ ਕਰੀਬ 600 ਨਸ਼ਾ ਮੁਕਤੀ ਕੇਂਦਰ ਹਨ। ਫਿਰ ਵੀ ਕਾਨੂੰਨ ’ਚ ਬਦਲਾਅ ਪਿੱਛੋਂ ਜੇ ਲੋੜ ਪਈ ਤਾਂ ਅਜਿਹੇ ਹੋਰ ਕੇਂਦਰ ਵੀ ਖੋਲ੍ਹੇ ਜਾ ਸਕਦੇ ਹਨ। ਇਸ ਸਬੰਧੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਗਈ ਹੈ।

---------------

ਸਰਕਾਰ ਨੇ ਛੇੜੀ ਹੋਈ ਹੈ ਮੁਹਿੰਮ

ਸਾਲ 2014 ’ਚ ਸੱਤਾ ’ਚ ਆਉਣ ਤੋਂ ਬਾਅਦ ਤੋਂ ਹੀ ਨਰਿੰਦਰ ਮੋਦੀ ਸਰਕਾਰ ਨੇ ਨਸ਼ਿਆਂ ਵਿਰੁੱਧ ਵੱਡੀ ਮੁਹਿੰਮ ਛੇੜੀ ਹੋਈ ਹੈ। ਡਰੱਗਜ਼ ਦੀ ਗਿ੍ਰਫ਼ਤ ’ਚ ਗੰਭੀਰ ਰੂਪ ਨਾਲ ਫਸੇ ਲੋਕਾਂ ਨੂੰ ਇਸ ਆਦਤ ਤੋਂ ਬਾਹਰ ਕੱਢਣ ਲਈ ਨਸ਼ਾ ਮੁਕਤੀ ਕੇਂਦਰ ਖੋਲ੍ਹੇ ਗਏ ਹਨ। ਇੱਥੇ ਇਨ੍ਹਾਂ ਲੋਕਾਂ ਨੂੰ ਰੱਖਣ ਤੇ ਇਲਾਜ ਕਰਨ ਦਾ ਪ੍ਰਬੰਧ ਹੈ। ਸਰਕਾਰ ਨੇ ਅਜਿਹੇ ਲੋਕਾਂ ਦੀ ਪਛਾਣ ਲਈ ਦੇਸ਼ ਦੇ 186 ਜ਼ਿਲ੍ਹਿਆਂ ’ਚ ਏਮਜ਼ ਦਿੱਲੀ ਨਾਲ ਮਿਲ ਕੇ ਇਕ ਸਰਵੇ ਵੀ ਕਰਵਾਇਆ ਸੀ। ਇਨ੍ਹਾਂ ’ਚ ਸਾਰੇ ਸੂਬਿਆਂ ਦੇ ਨਸ਼ੇ ਦੇ ਲਿਹਾਜ਼ ਨਾਲ ਸੰਵੇਦਨਸ਼ੀਲ ਜ਼ਿਲ੍ਹੇ ਸ਼ਾਮਲ ਹਨ।

---------------

Posted By: Susheel Khanna