ਨਵੀਂ ਦਿੱਲੀ (ਪੀਟੀਆਈ) : ਬੀਐੱਸਐੱਫ ਨੇ ਡ੍ਰੋਨ ਨਸ਼ਟ ਕਰਨ ਵਾਲੀ ਆਧੁਨਿਕ ਪ੍ਰਣਾਲੀ ਦੀ ਮੰਗ ਕੀਤੀ ਹੈ ਤਾਂ ਜੋ ਸੰਚਾਲਕ ਖੇਤਰਾਂ ਵਿਚ ਸ਼ੱਕੀ ਹਵਾਈ ਪਲੇਟਫਾਰਮਾਂ ਨੂੰ ਨਸ਼ਟ ਕੀਤਾ ਜਾ ਸਕੇ। ਪਿੱਛੇ ਜਿਹੇ ਹੀ ਭਾਰਤ-ਪਾਕਿ ਕੌਮਾਂਤਰੀ ਸਰਹੱਦ ਕੋਲ ਕਈ ਡ੍ਰੋਨ ਦੇਖੇ ਜਾਣ ਪਿੱਛੋਂ ਬੀਐੱਸਐੱਫ ਨੇ ਇਹ ਮੰਗ ਕੀਤੀ ਹੈ।

ਬੀਐੱਸਐੱਫ ਨੇ ਡ੍ਰੋਨ ਦਾ ਪਤਾ ਲਾਉਣ ਵਾਲੀ ਅਜਿਹੀ ਪ੍ਰਣਾਲੀ ਦੀ ਮੰਗ ਕੀਤੀ ਹੈ ਜਿਸ ਵਿਚ ਰਡਾਰ, ਰੇਡੀਓ ਫ੍ਰੀਕੁਐਂਸੀ ਰਿਸੀਵਰ, ਜੈਮਰ ਤੇ ਹਰ ਕਿਸਮ ਦੇ ਡ੍ਰੋਨ ਪ੍ਰਭਾਵਹੀਣ ਕਰਨ ਲਈ ਪ੍ਰਣਾਲੀ ਕੰਟਰੋਲਰ ਹੋਣ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ, 'ਕੇਂਦਰੀ ਗ੍ਹਿ ਮੰਤਰਾਲੇ ਨੇ ਬੀਐੱਸਐੱਫ ਨੂੰ ਕਿਹਾ ਹੈ ਕਿ ਦੁਸ਼ਮਣ ਦੇ ਡ੍ਰੋਨਾਂ ਦਾ ਪਤਾ ਲਾਉਣ ਤੇ ਉਨ੍ਹਾਂ ਨੂੰ ਨਸ਼ਟ ਕਰਨ ਲਈ ਲੋੜੀਂਦੀ ਤਕਨੀਕ ਹਾਸਲ ਕੀਤੀ ਜਾਵੇ। ਬੀਐੱਸਐੱਫ ਨੂੰ ਕਿਹਾ ਗਿਆ ਹੈ ਕਿ ਜਵਾਨਾਂ ਨੂੰ ਸਿਖਲਾਈ ਦਿੱਤੀ ਜਾਵੇ ਤਾਂ ਜੋ ਜੰਮੂ, ਪੰਜਾਬ, ਰਾਜਸਥਾਨ ਤੇ ਗੁਜਰਾਤ 'ਚ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ 'ਤੇ ਇਨ੍ਹਾਂ ਪ੍ਰਣਾਲੀਆਂ ਨੂੰ ਸੰਭਾਲਿਆ ਜਾ ਸਕੇ।' ਬੀਐੱਸਐੱਫ ਨੇ ਡ੍ਰੋਨ ਭੇਦੀ ਅਜਿਹੀ ਪ੍ਰਣਾਲੀ ਦੀ ਮੰਗ ਕੀਤੀ ਹੈ ਜਿਸ ਜਾਂ ਤਾਂ ਜ਼ਮੀਨ 'ਤੇ ਸਥਾਪਤ ਕੀਤਾ ਜਾ ਸਕੇ ਜਾਂ ਕਿਸੇ ਵਾਹਨ 'ਤੇ ਲਾਇਆ ਜਾ ਸਕੇ। ਬੀਐੱਸਐੱਫ ਦੀ ਮੰਗ ਵਿਚ ਇਹ ਵੀ ਕਿਹਾ ਗਿਆ ਹੈ ਕਿ ਪ੍ਰਣਾਲੀ ਇਕੱਲੀ ਉੱਡ ਰਹੀ ਕਿਸੇ ਵਸਤੂ ਜਾਂ ਸਮੂਹ 'ਚ ਉੱਡ ਰਹੇ ਡ੍ਰੋਨ ਨੂੰ ਦੂਰੋਂ ਹੀ ਪਛਾਨਣ 'ਚ ਸਮਰੱਥ ਹੋਵੇ ਤੇ 10 ਸਕਿੰਟਾਂ 'ਚ ਟੀਚੇ ਦਾ ਪਤਾ ਲਾ ਸਕੇ। ਅਨੁਮਾਨ ਮੁਤਾਬਕ ਭਾਰਤ 'ਚ ਛੇ ਲੱਖ ਤੋਂ ਜ਼ਿਆਦਾ ਦੁਸ਼ਮਣ ਡ੍ਰੋਨ ਜਾਂ ਬਿਨਾਂ ਕੰਟਰੋਲ ਵਾਲੇ ਯੂਏਵੀ ਹਨ ਤੇ ਸੁਰੱਖਿਆ ਏਜੰਸੀਆਂ 'ਸਕਾਈ ਫੈਨਸ' ਤੇ 'ਡ੍ਰੋਨ ਗੰਨ' ਵਰਗੇ ਆਧੁਨਿਕ ਡ੍ਰੋਨ ਨਸ਼ਟ ਕਰਨ ਵਾਲੇ ਹਥਿਆਰਾਂ ਦਾ ਵਿਸ਼ਲੇਸ਼ਣ ਕਰ ਰਹੀਆਂ ਹਨ ਤਾਂ ਜੋ ਇਨ੍ਹਾਂ ਹਵਾਈ ਵਾਹਨਾਂ ਜ਼ਰੀਏ ਅੱਤਵਾਦ ਫੈਲਾਉਣ ਜਾਂ ਭੰਨ-ਤੋੜ ਦੀ ਕਿਸੇ ਘਟਨਾ ਨੂੰ ਰੋਕਿਆ ਜਾ ਸਕੇ।

ਦੱਸਣਾ ਬਣਦਾ ਹੈ ਕਿ ਹਾਲ ਹੀ ਵਿਚ ਪਾਕਿਸਤਾਨ ਨਾਲ ਲੱਗਦੀ ਸਰਹੱਦ ਕੋਲ ਡ੍ਰੋਨਾਂ ਰਾਹੀਂ ਹਥਿਆਰ ਸੁੱਟਣ ਦੀਆਂ ਘਟਨਾਵਾਂ ਵਾਪਰੀਆਂ ਸਨ ਜਿਸ ਪਿੱਛੋਂ ਸਰਕਾਰ ਨੇ ਫ਼ੌਜ ਨੂੰ ਡ੍ਰੋਨ ਨੂੰ ਮਾਰ ਸੁੱਟਣ ਦੇ ਅਧਿਕਾਰ ਦਿੱਤੇ ਹਨ।