ਨਵੀਂ ਦਿੱਲੀ (ਏਜੰਸੀ) : ਭਾਰਤੀ ਮਿਜ਼ਾਈਲਾਂ ਦੀ ਧਮਕ ਦੂਜੇ ਦੇਸ਼ਾਂ ਤਕ ਪੁੱਜ ਚੁੱਕੀ ਹੈ। ਫਿਲਪੀਨ ਨਾਲ ਬ੍ਰਹਮੋਸ ਖ਼ਰੀਦ ਦਾ ਸੌਦਾ ਹੋ ਚੁੱਕਾ ਹੈ। ਇਸ ਦਰਮਿਆਨ ਰੱਖਿਆ ਖੋਜ ਤੇ ਵਿਕਾਸ ਵਿਭਾਗ ਦੇ ਸਕੱਤਰ ਅਤੇ ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀਆਰਡੀਓ) ਦੇ ਮੁਖੀ ਡਾ. ਜੀ ਸਤੀਸ਼ ਰੈੱਡੀ ਨੇ ਕਿਹਾ ਕਿ ਕਈ ਦੇਸ਼ਾਂ ਨੇ ਭਾਰਤ ਦੀਆਂ ਸਤ੍ਹਾ ਤੋਂ ਹਵਾ ’ਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਖ਼ਰੀਦਣ ’ਚ ਦਿਲਚਸਪੀ ਦਿਖਾਈ ਹੈ। ਉਨ੍ਹਾਂ ਕਿਹਾ ਕਿ ਦੇਸ਼ ’ਚ ਬਰਾਮਦ ਸਮਰੱਥਾ ਵਾਲੇ ਜ਼ਿਆਦਾ ਸਿਸਟਮ ਵਿਕਸਿਤ ਕੀਤੇ ਜਾ ਰਹੇ ਹਨ।

ਰੈੱਡੀ ਨੇ ਕਿਹਾ ਕਿ ਏਅਰ ਮਿਜ਼ਾਈਲ ਆਕਾਸ਼, ਐਸਟ੍ਰਾ ਮਿਜ਼ਾਈਲ, ਐਂਟੀ ਟੈਂਕ ਮਿਜ਼ਾਈਲ, ਰਡਾਰ ਤੇ ਤਾਰਪੀਡੋ ਲੈਣ ਦੀ ਕਈ ਦੇਸ਼ਾਂ ਨੇ ਇੱਛਾ ਜ਼ਾਹਰ ਕੀਤੀ ਹੈ। ਅਤਿ ਆਧੁਨਿਕ ਤਕਨੀਕ ਨਾਲ ਲੈਸ ਬਰਾਮਦ ਸਮਰੱਥਾ ਵਾਲੀਆਂ ਹੋਰ ਜ਼ਿਆਦਾ ਰੱਖਿਆ ਪ੍ਰਣਾਲੀਆਂ ਵਿਕਸਿਤ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਆਉਣ ਵਾਲੇ ਸਾਲਾਂ ’ਚ ਦੇਸ਼ ’ਚ ਵਿਕਸਿਤ ਤਕਨੀਕਾਂ ਦੀ ਬਰਾਮਦ ’ਚ ਵਾਧਾ ਹੋਵੇਗਾ।

ਦੱਸ ਦੇਈਏ ਕਿ ਡੀਆਰਡੀਓ ਮੁਖੀ ਦਾ ਇਹ ਬਿਆਨ ਸ਼ੁੱਕਰਵਾਰ ਨੂੰ ਫਿਲਪੀਨ ਨਾਲ ਸੁਪਰਸੋਨਿਕ ਕਰੂਜ਼ ਮਿਜ਼ਾਈਲ ਬ੍ਰਹਮੋਸ ਦੇ ਐਂਟੀਸ਼ਿਪ ਵੈਰੀਐਂਟ ਦੀ ਵਿਕਰੀ ਦੇ ਇਕ ਸਮਝੌਤੇ ’ਤੇ ਦਸਤਖ਼ਤ ਕਰਨ ਤੋਂ ਬਾਅਦ ਆਇਆ ਹੈ। 37.49 ਕਰੋੜ ਡਾਲਰ (2,270 ਕਰੋੜ ਰੁਪਏ) ਦੇ ਇਸ ਸੌਦੇ ਦੇ ਨਾਲ ਹੀ ਭਾਰਤ ਮਿਜ਼ਾਈਲ ਬਰਾਮਦਕਾਰਾਂ ਦੇ ਵਿਸ਼ੇਸ਼ ਸਮੂਹ ’ਚ ਸ਼ਾਮਿਲ ਹੋ ਗਿਆ ਹੈ। ਉਨ੍ਹਾਂ ਬ੍ਰਹਮੋਸ ਮਿਜ਼ਾਈਲ ਸਿਸਟਮ ਦੀ ਬਰਾਮਦਗੀ ਦੇ ਪਹਿਲੇ ਆਰਡਰ ਨੂੰ ਅਹਿਮ ਕਦਮ ਦੱਸਿਆ।

ਸੁਪਰਸੋਨਿਕ ਕਰੂਜ਼ ਮਿਜ਼ਾਈਲ ਬ੍ਰਹਮੋਸ ਨੂੰ ਡੀਆਰਡੀਓ ਦਾ ਇਕ ਵੱਡਾ ਇੰਟਰਪ੍ਰਾਈਜ਼ ਦੱਸਦਿਆਂ ਉਨ੍ਹਾਂ ਕਿਹਾ ਕਿ ਇਸ ਨੂੰ ਭਾਰਤੀ ਫ਼ੌਜ ’ਚ ਸ਼ਾਮਿਲ ਕਰ ਲਿਆ ਗਿਆ ਹੈ। ਰੈੱਡੀ ਨੇ ਕਿਹਾ ਕਿ ਅਜੇ ਤਾਂ ਇਹ ਸ਼ੁਰੂਆਤ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ’ਚ ਇਸ ਦੀ ਬਰਾਮਦਗੀ ਦੇ ਹੋਰ ਆਰਡਰ ਮਿਲਣਗੇ। ਡੀਆਰਡੀਓ ਮੁਖੀ ਨੇ ਕਿਹਾ ਕਿ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਵਦੇਸ਼ੀ ਤਕਨੀਕ ਵਿਕਸਿਤ ਕਰਨ ਦੇ ਨਜ਼ਰੀਏ ’ਤੇ ਆਧਾਰਿਤ ਹੈ। ਪ੍ਰਧਾਨ ਮੰਤਰੀ ਨੇ ਉੱਨਤ ਤਕਨੀਕ ਤੇ ਪ੍ਰਣਾਲੀਆਂ ਵਿਕਸਿਤ ਕਰਨ ਦਾ ਟੀਚਾ ਦਿੱਤਾ ਹੈ ਤੇ ਅਸੀਂ ਇਸ ਕੰਮ ’ਚ ਲੱਗੇ ਹੋਏ ਹਾਂ। ਅਸੀਂ ਬਰਾਮਦ ਸਮਰੱਥਾ ਵਾਲੀਆਂ ਰੱਖਿਆ ਪ੍ਰਣਾਲੀਆਂ ਵਿਕਸਿਤ ਕਰ ਰਹੇ ਹਾਂ।

Posted By: Jatinder Singh