ਨਵੀਂ ਦੁਨੀਆ, ਗਾਂਧੀਨਗਰ : Dragon Fruit ਦੇ ਨਾਂ ਦੇ ਫਲ ਦਾ ਨਾਂ ਹੁਣ ਬਦਲ ਦਿੱਤਾ ਗਿਆ ਹੈ। ਇਹ ਫ਼ੈਸਲਾ ਗੁਜਰਾਤ ’ਚ ਲਿਆ ਗਿਆ ਹੈ। ਗੁਜਰਾਤ ’ਚ ਹੁਣ Dragon Fruit ਨੂੰ ‘ਕਮਲਮ’ ਦੇ ਨਾਂ ਨਾਲ ਜਾਣਿਆ ਜਾਵੇਗਾ। ਦਰਅਸਲ ਕਮਲ ਦੇ ਫੁੱਲ ਵਰਗਾ ਦਿਖਣ ਕਾਰਨ ਗੁਜਰਾਤ ਸਰਕਾਰ ਨੇ Dragon Fruit ਦਾ ਨਾਂ ਬਦਲ ਕੇ ਹੁਣ ‘ਕਮਲਮ’ ਕਰਨ ਦਾ ਫ਼ੈਸਲਾ ਲਿਆ ਹੈ।

ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਣੀ ਨੇ ਇਹ ਵੀ ਕਿਹਾ ਕਿ ਇਸ ’ਚ ਰਾਜਨੀਤੀ ਜਿਹਾ ਕੁਝ ਵੀ ਨਹੀਂ ਹੈ। ਜ਼ਿਕਰਯੋਗ ਹੈ ਕਿ ‘ਭਾਰਤੀ ਜਨਤਾ ਪਾਰਟੀ’ ਦਾ ਚੋਣ ਨਿਸ਼ਾਨ ਵੀ ਕਮਲ ਹੈ, ਇਸ ਲਈ Dragon Fruit ਦਾ ਨਾਂ ਬਦਲ ਕੇ ‘ਕਮਲਮ’ ਕਰਨ ’ਤੇ ਸਿਆਸਤ ਵੀ ਹੋ ਸਕਦੀ ਹੈ। ਨਾਲ ਹੀ ਦੱਸਣਯੋਗ ਹੈ ਕਿ ਗਾਂਧੀਨਗਰ ’ਚ ਸਥਿਤ ਗੁਜਰਾਤ ਭਾਜਪਾ ਦਫ਼ਤਰ ਦਾ ਨਾਂ ਵੀ ‘ਸ਼੍ਰੀ ਕਮਲਮ’ ਹੈ।


ਰੁਪਾਣੀ ਬੋਲੇ, ਕਿਸੇ ਫਲ ਨੂੰ ਡਰੈਗਨ ਕਹਿਣਾ ਠੀਕ ਨਹੀਂ


ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਣੀ ਨੇ ਇਸ ਮਾਮਲੇ ’ਚ ਜਦੋਂ ਮੰਗਲਵਾਰ ਨੂੰ ਪੱਤਰਕਾਰਾਂ ਨਾਲ ਚਰਚਾ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਫਲ ਨੂੰ ਡਰੈਗਨ ਕਹਿਣਾ ਠੀਕ ਨਹੀਂ ਹੈ। ਡਰੈਗਨ ਨਕਾਰਾਤਮਕਤਾ ਦਾ ਪ੍ਰਤੀਕ ਹੈ ਤੇ ਫਲ ਸਰੀਰ ਨੂੰ ਪੋਸ਼ਣ ਉਪਲਬਧ ਕਰਵਾਉਂਦਾ ਹੈ। ਇਸ ਲਈ ਇਸ ਨੂੰ ਡਰੈਗਨ ਕਹਿਣਾ ਸਹੀ ਨਹੀਂ ਹੈ। ਇਸ ਲਈ ਗੁਜਰਾਤ ਸਰਕਾਰ ਨੇ Dragon fruit ਦਾ ਨਾਂ ‘ਕਮਲਮ’ ਕਰਨ ਲਈ ਅਪਲਾਈ ਕੀਤਾ ਹੈ। ਨਾਲ ਹੀ ਵਿਜੇ ਰੁਪਾਣੀ ਨੇ ਦੱਸਿਆ ਕਿ ‘ਕਮਲਮ’ ਇਕ ਸੱਭਿਆਚਾਰਕ ਸ਼ਬਦ ਹੈ ਤੇ ਫਲ ਵੀ ਦੇਖਣ ’ਚ ਕਮਲ ਜਿਹਾ ਹੀ ਲਗਦਾ ਹੈ, ਇਸ ਲਈ ਅਸੀਂ ਤੈਅ ਕੀਤਾ ਹੈ ਇਕ ਦਾ ਨਾਂ ‘ਕਮਲਮ’ ਹੋਵੇਗਾ।


ਕੈਕਟਸ ਦੇ ਰੂਪ ’ਚ ਹੁੰਦੀ ਹੈ ਖੇਤੀ


ਵਿਜੇ ਰੁਪਾਣੀ ਨੇ ਦੱਸਿਆ ਕਿ ਦੇਸ਼ ’ਚ dragon fruit ਦਾ ਲੰਬੇ ਸਮੇਂ ਤੋਂ ਉਤਪਾਦਨ ਹੋ ਰਿਹਾ ਹੈ ਤੇ ਕੈਕਟਸ ਦੇ ਰੂਪ ’ਚ ਇਸ ਦੀ ਖੇਤੀ ਵੀ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਨਾਂ ਬਦਲਣ ਨਾਲ ਕਿਸੇ ਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਹ ਫਲ ਕਈ ਰੋਗਾਂ ਦੇ ਇਲਾਜ ਦਾ ਵੀ ਕੰਮ ਕਰਦਾ ਹੈ। ਸਰਕਾਰ ਇਸ ਦੇ ਜ਼ਿਆਦਾ ਉਤਪਾਦਨ ’ਤੇ ਜ਼ੋਰ ਦੇ ਰਹੀ ਹੈ ਤੇ ਕਿਸਾਨਾਂ ਨੂੰ ਇਸ ਦੇ ਪ੍ਰੋਡਕਸ਼ਨ ਲਈ ਪ੍ਰੇਰਿਤ ਕਰ ਰਹੀ ਹੈ।

Posted By: Rajnish Kaur