ਜੇਐੱਨਐੱਨ, ਅਲੀਗੜ੍ਹ : ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (ਏਐੱਮਯੂ) ਵਿਚ ਭੜਕਾਊ ਭਾਸ਼ਣ ਦੇਣ ਦੇ ਮਾਮਲੇ ਵਿਚ ਅਲੀਗੜ੍ਹ ਪੁਲਿਸ ਨੇ ਸਖ਼ਤ ਕਾਰਵਾਈ ਕਰਦੇ ਹੋਏ ਡਾ. ਕਫੀਲ 'ਤੇ ਰਾਸ਼ਟਰੀ ਸੁਰੱਖਿਆ ਕਾਨੂੰਨ (ਰਾਸੁਕਾ) ਲਾਗੂ ਕੀਤੀ ਹੈ। ਦੇਸ਼ ਭਰ ਵਿਚ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਨੂੰ ਲੈ ਕੇ ਹੋਏ ਵਿਰੋਧ ਪ੍ਰਦਰਸ਼ਨ ਦੌਰਾਨ ਰਾਸ਼ਟਰੀ ਸੁਰੱਖਿਆ ਕਾਨੂੰਨ ਦੀ ਦੇਸ਼ ਵਿਚ ਇਹ ਪਹਿਲੀ ਕਾਰਵਾਈ ਹੈ।

ਡਾ. ਕਫੀਲ ਇਸ ਮਾਮਲੇ ਵਿਚ ਮਥੁਰਾ ਜੇਲ੍ਹ ਵਿਚ ਬੰਦ ਹਨ ਜਿਨ੍ਹਾਂ ਦੀ ਸ਼ੁੱਕਰਵਾਰ ਸਵੇਰੇ ਰਿਹਾਈ ਹੋਣੀ ਸੀ। ਇਸ ਤੋਂ ਪਹਿਲੇ ਹੀ ਪ੍ਰਸ਼ਾਸਨ ਨੇ ਰਾਸ਼ਟਰੀ ਸੁਰੱਖਿਆ ਕਾਨੂੰਨ ਲਗਾਇਆ ਹੈ। ਦੱਸਣਯੋਗ ਹੈ ਕਿ ਡਾ. ਕਫੀਲ ਉਹੀ ਹਨ ਜੋ ਗੋਰਖਪੁਰ ਮੈਡੀਕਲ ਕਾਲਜ ਵਿਚ ਆਕਸੀਜਨ ਦੀ ਕਮੀ ਨਾਲ ਬੱਚਿਆਂ ਦੀ ਮੌਤ ਦੇ ਮਾਮਲੇ 'ਚ ਚਰਚਾ ਕਰਨ ਆਏ ਸਨ।

ਪ੍ਰਸ਼ਾਸਨ ਨੂੰ ਖ਼ਦਸ਼ਾ ਸੀ ਕਿ ਕਫੀਲ ਦੀ ਰਿਹਾਈ ਹੋਣ ਨਾਲ ਅਲੀਗੜ੍ਹ ਦਾ ਮਾਹੌਲ ਵਿਗੜ ਸਕਦਾ ਹੈ। ਇਸ ਪਿੱਛੋਂ ਕਫੀਲ ਦੀ ਰਿਹਾਈ ਰੋਕਣ ਲਈ ਰਾਸ਼ਟਰੀ ਸੁਰੱਖਿਆ ਕਾਨੂੰਨ ਦੀ ਕਾਰਵਾਈ ਨੂੰ ਲੈ ਕੇ ਰਾਤ ਭਰ ਪ੍ਰਕਿਰਿਆ ਚੱਲੀ। ਸਵੇਰੇ ਡੀਐੱਮ ਦੀ ਮਨਜ਼ੂਰੀ 'ਤੇ ਆਖਰੀ ਮੋਹਰ ਲੱਗੀ। ਸੀਏਏ ਖ਼ਿਲਾਫ਼ 12 ਦਸੰਬਰ, 2019 ਨੂੰ ਏਐੱਮਯੂ 'ਚ ਬਾਬੇ ਸੱਯਦ 'ਤੇ ਕਰਵਾਈ ਮੀਟਿੰਗ ਦੌਰਾਨ ਡਾ. ਕਫੀਲ ਨੇ ਭੜਕਾਊ ਭਾਸ਼ਣ ਦਿੰਦੇ ਹੋਏ ਕੇਂਦਰੀ ਗ੍ਹਿ ਮੰਤਰੀ ਅਮਿਤ ਸ਼ਾਹ ਦੇ ਖ਼ਿਲਾਫ਼ ਵੀ ਟਿੱਪਣੀ ਕੀਤੀ ਸੀ। ਇਸ ਮਾਮਲੇ 'ਚ 13 ਦਸੰਬਰ ਨੂੰ ਡਾ. ਕਫੀਲ ਖ਼ਿਲਾਫ਼ ਆਈਟੀ ਐਕਟ 'ਚ ਮੁਕੱਦਮਾ ਦਰਜ ਹੋਇਆ। 29 ਜਨਵਰੀ, 2020 ਨੂੰ ਉੱਤਰ ਪ੍ਰਦੇਸ਼ ਐੱਸਟੀਐੱਫ ਨੇ ਡਾ. ਕਫੀਲ ਨੂੰ ਮੁੰਬਈ ਤੋਂ ਗਿ੍ਫ਼ਤਾਰ ਕਰ ਲਿਆ। ਉਸ ਨੂੰ ਇਕ ਫਰਵਰੀ ਨੂੰ ਅਲੀਗੜ੍ਹ ਲਿਆਉਂਦਾ ਗਿਆ ਜਿਥੋਂ 14 ਦਿਨਾਂ ਦੀ ਨਿਆਇਕ ਹਿਰਾਸਤ ਵਿਚ ਮਥੁਰਾ ਜੇਲ੍ਹ ਭੇਜ ਦਿੱਤਾ ਸੀ।

ਕਫੀਲ ਨੇ ਸੀਜੇਐੱਮ ਅਦਾਲਤ ਵਿਚ ਜ਼ਮਾਨਤ ਅਰਜ਼ੀ ਦਾਇਰ ਕੀਤੀ ਸੀ। 10 ਫਰਵਰੀ ਨੂੰ ਜ਼ਮਾਨਤ ਮਨਜ਼ੂਰ ਹੋ ਗਈ। ਵਕੀਲ ਇਰਫਾਨ ਗਾਜੀ ਨੇ ਦੱਸਿਆ ਕਿ ਬੁੱਧਵਾਰ ਨੂੰ ਮਥੁਰਾ ਜੇਲ੍ਹ ਵਿਚ ਪਰਵਾਨਾ ਭੇਜਿਆ ਗਿਆ ਸੀ ਜੋ ਇਹ ਕਹਿ ਕੇ ਰਿਸੀਵ ਨਹੀਂ ਕੀਤਾ ਗਿਆ ਕਿ ਵਿਸ਼ੇਸ਼ ਸੰਦੇਸ਼ਵਾਹਕ ਨਹੀਂ ਭੇਜਿਆ ਗਿਆ ਜੋ ਦੇਰ ਸ਼ਾਮ ਮਥੁਰਾ ਜੇਲ੍ਹ ਪੁੱਜਾ। ਰਾਤ ਨੂੰ ਹੀ ਕਾਗਜ਼ੀ ਕਾਰਵਾਈ ਪੂਰੀ ਹੋ ਗਈ ਸੀ ਪ੍ਰੰਤੂ ਜ਼ਮਾਨਤ ਮਨਜ਼ੂਰ ਹੋਣ ਦੇ 72 ਘੰਟੇ ਪਿੱਛੋਂ ਵੀ ਰਿਹਾਈ ਨਹੀਂ ਹੋ ਸਕੀ। ਰਿਹਾਈ ਲਈ ਸ਼ੁੱਕਰਵਾਰ ਸਵੇਰੇ 6 ਵਜੇ ਦਾ ਸਮਾਂ ਦੇ ਦਿੱਤਾ ਗਿਆ। ਇਧਰ, ਸਵੇਰ ਹੁੰਦੇ ਹੀ ਪਰਿਵਾਰ ਅਤੇ ਕਫੀਲ ਦੇ ਸਮਰਥਕ ਮਥੁਰਾ ਜੇਲ੍ਹ 'ਚ ਪੁੱਜ ਗਏ। ਮੌਕੇ 'ਤੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਗਈ ਕਿ ਕਫੀਲ 'ਤੇ ਰਾਸ਼ਟਰੀ ਸੁਰੱਖਿਆ ਕਾਨੂੰਨ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।

ਇਹ ਦਿੱਤਾ ਸੀ ਭਾਸ਼ਣ : ਕਫੀਲ ਨੇ ਕਿਹਾ ਸੀ ਕਿ ਰਾਸ਼ਟਰੀ ਸਵੈ-ਸੇਵਕ ਸੰਘ ਨਫ਼ਰਤ ਦੀ ਵਿਚਾਰਧਾਰਾ ਨੂੰ ਫੈਲਾਉਣ ਵਾਲੀ ਹੈ। ਭੀੜ ਹਿੰਸਾ ਸਰਕਾਰ ਦੀ ਸੋਚੀ ਸਮਝੀ ਸਾਜ਼ਿਸ਼ ਹੈ। ਇਸ ਦੀ ਆੜ 'ਚ ਉਹ ਮੁਸਲਮਾਨਾਂ ਨੂੰ ਡਰਾ ਨਹੀਂ ਸਕੇਗੀ। ਅਸੀਂ ਭਾਰਤ ਦੀ ਸੰਸਕ੍ਰਿਤੀ ਵਿਚ ਹਮੇਸ਼ਾਂ ਪੜਿ੍ਹਆ ਅਤੇ ਸੁਣਿਆ ਹੈ ਕਿ ਨਾ ਹਿੰਦੂ ਬਣੇਗਾ ਨਾ ਮੁਸਲਮਾਨ ਬਣੇਗਾ, ਇਨਸਾਨ ਕੀ ਅੌਲਾਦ ਹੈ ਇਨਸਾਨ ਬਣੇਗਾ। ਪ੍ਰੰਤੂ ਸੀਏਏ ਲਿਆ ਕੇ ਅਮਿਤ ਸ਼ਾਹ ਕਹਿ ਰਹੇ ਹਨ ਕਿ ਹਿੰਦੂ ਤਾਂ ਹਿੰਦੂ ਬਣੇਗਾ ਅਤੇ ਮੁਸਲਮਾਨ ਮੁਸਲਿਮ ਹੀ ਬਣੇਗਾ। ਜਿਨ੍ਹਾਂ ਦੇ ਕੱਪੜੇ ਖ਼ੁਦ ਖ਼ੂਨ ਨਾਲ ਰੰਗੇ ਹੋਣ ਉਹ ਸੰਵਿਧਾਨ ਨੂੰ ਕੀ ਸਮਝਣਗੇ? ਸਰਕਾਰ ਨੇ ਸੀਏਏ ਰਾਹੀਂ ਇਹ ਦੱਸਿਆ ਹੈ ਕਿ ਅਸੀਂ ਕਿਰਾਏਦਾਰ ਹਾਂ। ਅਜਿਹਾ ਹੀ ਪਾਕਿਸਤਾਨ ਵਿਚ ਘੱਟ-ਗਿਣਤੀਆਂ ਨੂੰ ਵੀ ਕਿਰਾਏਦਾਰ ਹੋਣ ਦਾ ਅਹਿਸਾਸ ਕਰਵਾਇਆ ਗਿਆ ਹੈ ਪ੍ਰੰਤੂ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਇਹ ਸਾਡੇ ਸਭ ਦੇ ਵਜੂਦ ਦੀ ਲੜਾਈ ਹੈ। ਅਲੀਗੜ੍ਹ ਨੂੰ ਇਸ ਵਿਚ ਲੀਡਰ ਬਣਨਾ ਹੋਵੇਗਾ।