ਅਰੁਣਦੀਪ, ਜਲੰਧਰ : ਸ਼੍ਰੋਮਣੀ ਗੁਰਦੁਆਰਾ ਪ੍ਬੰਧਕ ਕਮੇਟੀ ਦੀਆਂ ਵਿਦਿਅਕ ਸੰਸਥਾਵਾਂ ਦਾ ਸਰਕਾਰ ਵੱਲ ਐੱਸਸੀ ਸਕਾਲਰਸ਼ਿਪ ਸਕੀਮ ਦਾ 39 ਕਰੋੜ ਰੁਪਏ ਬਕਾਇਆ ਹੈ। ਵਾਰ-ਵਾਰ ਯਾਦ ਪੱਤਰ ਦੇਣ ਦੇ ਬਾਵਜੂਦ ਸਰਕਾਰ ਵੱਲੋਂ ਇਹ ਪੈਸਾ ਕਮੇਟੀ ਨੂੰ ਨਹੀਂ ਦਿੱਤਾ ਜਾ ਰਿਹਾ ਹੈ। ਇਹ ਖ਼ੁਲਾਸਾ ਮੰਗਲਵਾਰ ਨੂੰ ਇੱਥੇ ਕਮੇਟੀ ਦੀਆਂ ਵਿਦਿਅਕ ਸੰਸਥਾਵਾਂ ਦੇ ਡਾਇਰੈਕਟਰ ਡਾ. ਜਤਿੰਦਰ ਸਿੰਘ ਸਿੱਧੂ ਨੇ ਕੀਤਾ। ਉਹ ਜਾਗਰਣ ਸਮੂਹ ਦੇ ਵਿਹੜੇ ਵਿਸ਼ੇਸ਼ ਤੌਰ 'ਤੇ ਪਧਾਰੇ ਸਨ।

ਉਨ੍ਹਾਂ ਕਿਹਾ ਕਿ ਇਸ ਬਾਬਤ ਸ਼੍ਰੋਮਣੀ ਕਮੇਟੀ ਪ੍ਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਵੀ ਕੀਤੀ ਪਰ ਇਸ ਦੇ ਬਾਵਜੂਦ ਸਰਕਾਰ ਨੇ ਕਮੇਟੀ ਨੂੰ ਇਹ ਬਕਾਇਆ ਰਾਸ਼ੀ ਜਾਰੀ ਨਹੀਂ ਕੀਤੀ। ਸਾਲ-2015-16 ਦੀ ਕੁਝ ਰਾਸ਼ੀ ਬਕਾਇਆ ਹੈ ਜਦਕਿ ਉਸ ਤੋਂ ਬਾਅਦ ਤਾਂ ਇਕ ਪੈਸਾ ਵੀ ਨਹੀਂ ਆਇਆ। ਇਸ ਨਾਲ ਸੂਬੇ ਦੇ ਦਲਿਤ ਵਿਦਿਆਰਥੀਆਂ ਦੀ ਪੜ੍ਹਾਈ ਦਾ ਵੱਡੇ ਪੱਧਰ 'ਤੇ ਨੁਕਸਾਨ ਹੋ ਰਿਹਾ ਹੈ। ਸਰਕਾਰ ਨੂੰ ਇਸ ਪਾਸੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ। ਇਹੀ ਹਾਲ ਏਡਿਡ ਕਾਲਜਾਂ ਤੇ ਸਕੂਲਾਂ ਨੂੰ ਮਿਲਣ ਵਾਲੀ 70 ਫ਼ੀਸਦੀ ਗ੍ਰਾਂਟ ਦਾ ਵੀ ਹੈ, ਉਹ ਵੀ ਲੰਙੇ ਡੰਗ ਹੀ ਮਿਲਦੀ ਹੈ। ਅਸਲ ਵਿਚ ਤਾਂ ਸਿਹਤ ਤੇ ਸਿੱਖਿਆ ਸਰਕਾਰਾਂ ਦੀਆਂ ਤਰਜੀਹਾਂ ਵਿਚ ਸ਼ੁਮਾਰ ਹੀ ਨਹੀਂ ਹਨ ਵਰਨਾ ਇਸ ਪਾਸੇ ਏਨੀ ਅਣਗਹਿਲੀ ਕਿਵੇਂ ਹੋ ਸਕਦੀ ਹੈ। ਸਮਾਜਿਕ ਢਾਂਚਾ ਤਾਂ ਇਸ ਵੇਲੇ ਹੀ ਨਿਘਾਰ ਦਾ ਸ਼ਿਕਾਰ ਹੋ ਚੁੱਕਾ ਹੈ। ਜੇਕਰ ਇਸ ਪਾਸੇ ਸਮਾਂ ਰਹਿੰਦੇ ਧਿਆਨ ਨਾ ਦਿੱਤਾ ਗਿਆ ਤਾਂ ਇਸ ਦਾ ਸਮਾਜਿਕ ਢਾਂਚੇ 'ਤੇ ਵਿਆਪਕ ਅਸਰ ਹੋਵੇਗਾ, ਜਿਸ ਦਾ ਖਾਮਿਆਜ਼ਾ ਆਉਣ ਵਾਲੇ ਸਮੇਂ ਵਿਚ ਭੁਗਤਣਾ ਪਵੇਗਾ।

ਡਾ. ਸਿੱਧੂ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਕਾਸ਼ ਉਤਸਵ ਸ਼ਰਧਾ ਤੇ ਉਤਸ਼ਾਹ ਨਾਲ ਮਨਾਉਣ ਲਈ ਐੱਸਜੀਪੀਸੀ ਨੇ ਕਈ ਪ੍ਰੋਗਰਾਮ ਉਲੀਕੇ ਹਨ। ਇਸ ਵਿਚ ਕਮੇਟੀ ਦੀਆਂ ਵਿਦਿਅਕ ਸੰਸਥਾਵਾਂ ਵੀ ਅਹਿਮ ਭੂਮਿਕਾ ਨਿਭਾਉਣਗੀਆਂ। ਉਨ੍ਹਾਂ ਕਿਹਾ ਕਿ ਪ੍ਕਾਸ਼ ਪੁਰਬ ਨੂੰ ਯਾਦਗਾਰੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਕਈ ਯੋਜਨਾਵਾਂ 'ਤੇ ਕੰਮ ਕਰ ਰਹੀ ਹੈ, ਜਿਨ੍ਹਾਂ ਬਾਰੇ ਜਲਦੀ ਹੀ ਐਲਾਨ ਕੀਤੇ ਜਾਣਗੇ।

ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ , ਉੱਤਰ ਪ੍ਦੇਸ਼ ਅਤੇ ਮਹਾਰਾਸ਼ਟਰ ਵਿਚ ਸ਼੍ਰੋਮਣੀ ਕਮੇਟੀ ਦੀਆਂ 125 ਵਿਦਿਅਕ ਸੰਸਥਾਵਾਂ ਦਾ ਪ੍ਬੰਧ ਦੇਖਣ ਵਾਲੇ ਡਾ. ਸਿੱਧੂ ਦਾ ਅਕਾਦਮਿਕ ਖੇਤਰ ਵਿਚ ਮਿਸਾਲੀ ਯੋਗਦਾਨ ਰਿਹਾ ਹੈ। ਐੱਸਜੀਪੀਸੀ ਦੀ ਵਿਦਿਅਕ ਸੰਸਥਾਵਾਂ ਵਿਚ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਲਈ ਉਨ੍ਹਾਂ ਸ਼ਲਾਘਾਯੋਗ ਕੰਮ ਕੀਤੇ। ਜਿੱਥੇ ਉਨ੍ਹਾਂ ਦੇ ਕਾਰਜਕਾਲ ਦੌਰਾਨ ਸਕੂਲਾਂ-ਕਾਲਜਾਂ ਵਿਚ ਵਿਦਿਆਰਥੀਆਂ ਦੇ ਦਾਖ਼ਲੇ ਵਧੇ ਉੱਥੇ ਅੰਤਰਰਾਸ਼ਟਰੀ ਪੱਧਰ 'ਤੇ ਕੈਂਬਰਿਜ ਯੂਨੀਵਰਸਿਟੀ ਨਾਲ ਸਕਾਲਰਸ਼ਿਪ ਪ੍ਰੋਗਰਾਮ ਸ਼ੁਰੂ ਹੋਇਆ। ਇਸ ਤੋਂ ਇਲਾਵਾ ਕੈਨੇਡਾ, ਸਪੇਨ, ਨਿਊਜ਼ੀਲੈਂਡ ਦੀਆਂ ਪ੍ਮੁੱਖ ਵਿਦਿਅਕ ਸੰਸਥਾਵਾਂ ਨਾਲ ਐਕਸਚੇਂਜ ਪ੍ਰੋਗਰਾਮ ਵੀ ਸ਼ੁਰੂ ਕੀਤੇ ਗਏ। ਸ਼੍ਰੋਮਣੀ ਕਮੇਟੀ ਨੇ ਪਿਛਲੇ ਦੌਰ ਵਿਚ ਪੱਛੜੇ ਖੇਤਰਾਂ ਵਿਚ ਵਿਦਿਆ ਦਾ ਚਾਨਣ ਫੈਲਾਉਣ ਲਈ ਸਕੂਲ-ਕਾਲਜ ਖੋਲ੍ਹਣ ਦੀ ਪਹਿਲਕਦਮੀ ਕੀਤੀ। ਸਾਰੇ ਸਕੂਲਾਂ-ਕਾਲਜਾਂ ਦੀ ਪੇਪਰ ਸੈਟਿੰਗ ਤੋਂ ਲੈ ਕੇ ਪੇਪਰ ਮਾਰਕਿੰਗ ਤਕ ਸੈਂਟਰਲਾਈਜ਼ਡ ਕੀਤੀ ਜਾ ਰਹੀ ਹੈ। ਸਕੂਲ-ਕਾਲਜਾਂ 'ਚ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਲਈ ਯਤਨ ਚੱਲ ਰਹੇ ਹਨ। ਟੀਚਿੰਗ ਸਟਾਫ ਲਈ ਲਗਾਤਾਰ ਵਰਕਸ਼ਾਪਸ, ਰਿਫਰੈਸ਼ਰ ਕੋਰਸ, ਟ੍ਰੇਨਿੰਗ ਪ੍ਰੋਗਰਾਮ ਕਰਵਾਏ ਜਾ ਰਹੇ ਹਨ।

ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਤਹਿਤ ਇਸ ਵੇਲੇ ਸੂਬੇ ਵਿਚ ਸਿੱਧੇ ਤੌਰ 'ਤੇ 52 ਸਕੂਲ, 38 ਡਿਗਰੀ ਕਾਲਜ, ਦੋ ਯੂਨੀਵਰਸਿਟੀਆਂ, ਇਕ ਡੈਂਟਲ ਕਾਲਜ, ਨਰਸਿੰਗ ਕਾਲਜ, 2 ਇੰਜੀਨੀਅਰਿੰਗ ਕਾਲਜ ਚੱਲ ਰਹੇ ਹਨ, ਜਿਨ੍ਹਾਂ ਵਿਚ 70 ਹਜ਼ਾਰ ਦੇ ਲਗਪਗ ਵਿਦਿਆਰਥੀ ਪੜ੍ਹਾਈ ਕਰ ਰਹੇ ਹਨ। 7 ਹਜ਼ਾਰ ਦੇ ਲਗਪਗ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਕੰਮ ਕਰ ਰਿਹਾ ਹੈ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਕਮੇਟੀ ਦੇ ਵਿਦਿਅਕ ਅਦਾਰਿਆਂ ਤੋਂ ਤਵੱਕੋ ਕੀਤੀ ਜਾਂਦੀ ਹੈ ਕਿ ਉਹ ਮੁਫ਼ਤ ਵਿਦਿਆ ਦੇਣ ਜਦਕਿ ਇਹ ਸੰਭਵ ਹੀ ਨਹੀਂ ਹੈ। ਐੱਸਜੀਪੀਸੀ ਦਾ ਵਿਦਿਅਕ ਅਦਾਰਿਆਂ ਲਈ ਸਾਲਾਨਾ ਬਜਟ 32 ਕਰੋੜ ਰੁਪਏ ਦੇ ਲਗਪਗ ਹੈ, ਜਿਹੜਾ ਕਿ ਆਉਣ ਵਾਲੇ ਸਮੇਂ ਵਿਚ ਹੋਰ ਵਧੇਗਾ।

ਵਿਦਿਅਕ ਸੰਸਥਾਵਾਂ ਵਿਚ ਨਸ਼ਿਆਂ ਦੇ ਰੁਝਾਨ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਇਹ ਸਮੱਸਿਆ ਓਨੀ ਨਹੀਂ ਹੈ ਜਿੰਨੀ ਕਿ ਪ੍ਚਾਰੀ ਜਾ ਰਹੀ ਹੈ। ਅਜਿਹਾ ਮਾਹੌਲ ਸਾਰੀ ਦੁਨੀਆ ਵਿਚ ਇੱਕੋ ਜਿਹਾ ਹੀ ਹੈ। ਪੰਜਾਬ ਵਿਚੋਂ ਹੋ ਰਹੇ ਬ੍ਰੇਨ ਡਰੇਨ' ਨੂੰ ਉਨ੍ਹਾਂ ਸੂਬੇ ਲਈ ਘਾਤਕ ਦੱਸਦਿਆਂ ਕਿਹਾ ਕਿ ਅਸਲ ਵਿਚ ਤਾਂ ਹਰ ਦੌਰ ਵਿਚ ਪੰਜਾਬ ਦਾ ਨੁਕਸਾਨ ਕਰਨ ਦੀਆਂ ਸਾਜਿਸ਼ਾਂ ਹੁੰਦੀਆਂ ਰਹੀਆਂ ਹਨ ਅਤੇ ਇਹ ਵੀ ਡੂੰਘੀ ਸਾਜਿਸ਼ ਦਾ ਹੀ ਹਿੱਸਾ ਹੈ। ਇਸ ਨਾਲ ਪੰਜਾਬ ਦਾ ਭੂ-ਦਿ੍ਸ਼ ਹੀ ਬਦਲ ਜਾਵੇਗਾ। ਉਨ੍ਹਾਂ ਵਿਦਿਆ ਦੇ ਮੌਜੂਦਾ ਮੁਹਾਂਦਰੇ ਨੂੰ ਹੋਰ ਲੋਕਪੱਖੀ ਤੇ ਨੈਤਿਕ ਕਦਰਾਂ-ਕੀਮਤਾਂ 'ਤੇ ਅਧਾਰਿਤ ਕਰਨ ਦੀ ਜ਼ਰੂਰਤ 'ਤੇ ਬਲ ਦਿੱਤਾ, ਜਿਸ ਨਾਲ ਕਿ ਸਮਾਜ ਦੀ ਦਸ਼ਾ ਤੇ ਦਿਸ਼ਾ ਬਦਲੀ ਜਾ ਸਕੇ। ਡਾ. ਸਿੱਧੂ ਦਾ ਕਹਿਣਾ ਹੈ ਕਿ ਵਿਦਿਆ ਦਾ ਮੰਤਵ ਕਲਿਆਣਕਾਰੀ ਹੀ ਰਹਿਣਾ ਚਾਹੀਦਾ ਹੈ।