Donkey Meat : ਆਂਧਰ ਪ੍ਰਦੇਸ਼ 'ਚ ਲੋਕ ਗਧੇ ਦਾ ਮਾਸ ਖਾ ਰਹੇ ਹਨ। ਮੰਗ ਏਨੀ ਵੱਧ ਗਈ ਹੈ ਕਿ ਸੂਬੇ ਦੇ ਜਗ੍ਹਾ-ਜਗ੍ਹਾ ਨਾਜਾਇਜ਼ ਬੁੱਚੜਖਾਨੇ ਖੁੱਲ੍ਹ ਗਏ ਹਨ। ਹਾਲਾਤ ਇਹ ਹੈ ਕਿ ਲੋਕ ਜ਼ਿਆਦਾ ਕੀਮਤ ਦੇ ਕੇ ਗਧੇ ਦਾ ਮਾਸ ਖਰੀਦ ਤੇ ਖਾ ਰਹੇ ਹਨ। ਆਂਧਰ ਪ੍ਰਦੇਸ਼ ਦੇ ਪੱਛਮੀ ਗੋਦਾਵਰੀ, ਕ੍ਰਿਸ਼ਨਾ, ਪ੍ਰਕਾਸ਼ਮ ਤੇ ਗੁੰਟੂਰ ਜ਼ਿਲ੍ਹਿਆਂ 'ਚ ਗਧਿਆਂ ਦਾ ਕਤਲ ਕੀਤਾ ਜਾ ਰਿਹਾ ਹੈ। ਜਿਹੜੇ ਲੋਕ ਗਧੇ ਦੇ ਮਾਸ ਦਾ ਸੇਵਨ ਕਰਦੇ ਹਨ ਉਨ੍ਹਾਂ ਦਾ ਮੰਨਣਾ ਹੈ ਕਿ ਇਸ ਨਾਲ ਤਾਕਤ ਵਧਦੀ ਹੈ। ਦੱਸ ਦੇਈਏ ਕਿ ਭਾਰਤ 'ਚ ਗਧੇ ਦੇ ਮਾਸ ਨੂੰ ਖ਼ੁਰਾਕ ਦੇ ਰੂਪ 'ਚ ਮਾਨਤਾ ਨਹੀਂ ਹੈ। ਯਾਨੀ ਆਂਧਰ ਪ੍ਰਦੇਸ਼ 'ਚ ਇਹ ਸਬ ਗ਼ੈਰ-ਕਾਨੂੰਨੀ ਢੰਗ ਨਾਲ ਹੋ ਰਿਹਾ ਹੈ। ਮੀਡੀਆ ਰਿਪੋਰਟਸ ਮੁਤਾਬਿਕ, ਕਈ ਅਪਰਾਧਕ ਗਿਰੋਹ ਮਿਲ ਕੇ ਆਂਧਰ ਪ੍ਰਦੇਸ਼ 'ਚ 'ਗਧਾ ਮਾਸ' ਦਾ ਰੈਕੇਟ ਚੱਲ ਰਿਹਾ ਹੈ। ਜ਼ਬਰਦਸਤ ਮੰਗ ਕਾਰਨ ਇਹ ਹਾਲਾਤ ਪੈਦਾ ਹੋਏ ਹਨ। ਐਨੀਮਲ ਰੈਸਕਿਊ ਆਰਗ ਨਾਂ ਦੇ ਐੱਨਜੀਓ ਦੇ ਸਕੱਤਰ ਗੋਪਾਲ ਆਰ ਸੁਰਬਾਥੁਲਾ ਮੁਤਾਬਿਕ, ਗਧਿਆਂ ਨੂੰ ਦੂਸਰੇ ਸੂਬਿਆਂ ਜਿਵੇਂ ਕਿ ਤਾਮਿਲਨਾਡੂ, ਉੱਤਰ ਪ੍ਰਦੇਸ਼ ਤੇ ਮਹਾਰਾਸ਼ਟਰ ਤੋਂ ਮਾਰਨ ਲਈ ਲਿਆਂਦਾ ਜਾ ਰਿਹਾ ਹੈ। ਸੁਰਬਾਥੁਲਾ ਦੇ ਐੱਨਜੀਓ ਨੇ ਪੱਛਮੀ ਗੋਦਾਵਰੀ ਦੇ ਪਾਂਡੂਰੰਗਾ ਰੋਡ 'ਤੇ ਗਧੇ ਦੇ ਮਾਸ ਦੇ ਨਾਜਾਇਜ਼ ਵਪਾਰ ਦੀ ਸੂਚਨਾ ਪੁਲਿਸ ਨੂੰ ਦਿੱਤੀ।

ਸੁਰਬਾਥੁਲਾ ਨੇ ਕਿਹਾ, ਸੂਬਾ ਸਰਕਾਰ ਨੂੰ ਗਧਿਆਂ ਦੀ ਰੱਖਿਆ ਕਰਨੀ ਚਾਹੀਦੀ ਹੈ। ਕਾਨੂੰਨ ਲਾਗੂ ਕਰ ਕੇ ਗਧਿਆਂ ਨੂੰ ਖਾਣੇ ਦੀ ਪਲੇਟ ਤਕ ਜਾਣ ਤੋਂ ਬਚਾਉਣਾ ਚਾਹੀਦਾ ਹੈ। ਅਜਿਹਾ ਨਾ ਕੀਤਾ ਗਿਆ ਤਾਂ ਲੋਕਾਂ ਨੂੰ ਗਧਿਆਂ ਨੂੰ ਦੇਖਣ ਲਈ ਚਿੜੀਆਘਰ ਜਾਣਾ ਪਵੇਗਾ। ਉਨ੍ਹਾਂ ਦੀ ਸ਼ਿਕਾਇਤ 'ਤੇ ਪ੍ਰਤੀਕਿਰਿਆ ਦਿੰਦਿਆਂ ਪੱਛਮੀ ਗੋਦਾਵਰੀ 'ਚ ਪਸ਼ੂਪਾਲਣ ਦੇ ਜੁਆਇੰਟ ਡਾਇਰੈਕਟਰ ਜੀ ਨਹਿਰੂ ਬਾਬੂ ਨੇ ਸਪੱਸ਼ਟ ਕੀਤਾ ਕਿ ਗਧਿਆਂ ਨੂੰ ਮਾਰਨਾ ਗ਼ੈਰ-ਕਾਨੂੰਨੀ ਹੈ।

ਬਾਬੂ ਮੁਤਾਬਕ, ਅਸੀਂ ਅਪਰਾਧ 'ਚ ਸ਼ਾਮਲ ਲੋਕਾਂ ਖ਼ਿਲਾਫ਼ ਗੰਭੀਰ ਕਾਰਵਾਈ ਕਰਾਂਗੇ। ਗੁੰਟੂਰ (ਸ਼ਹਿਰੀ) ਐੱਸਪੀ ਆਰਐੱਨ ਅੰਮੀ ਰੈੱਡੀ ਨੇ ਗਧੇ ਦੇ ਮਾਸ ਦੇ ਕਾਰੋਬਾਰੀਆਂ 'ਤੇ ਨਕੇਲ ਕੱਸਣ ਦਾ ਭਰੋਸਾ ਦਿੱਤਾ ਹੈ।

Posted By: Seema Anand