ਨਵੀਂ ਦਿੱਲੀ : ਕਸ਼ਮੀਰ ਮੁੱਦੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਿਚੋਲਗੀ ਦੀ ਤਜਵੀਜ਼ ਪੇਸ਼ ਕਰਨ ਸਬੰਧੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਬਿਆਨ 'ਤੇ ਭਾਰਤ ਦੀ ਤਿੱਖੀ ਪ੍ਰਤੀਕਿਰਿਆ ਤੇ ਰਿਸ਼ਤਿਆਂ 'ਤੇ ਮਾੜਾ ਅਸਰ ਪੈਂਦਾ ਦੇਖ ਕੇ ਅਮਰੀਕੀ ਪ੍ਰ੍ਸ਼ਾਸਨ ਨੁਕਸਾਨ ਦੀ ਪੂਰਤੀ 'ਚ ਲੱਗ ਗਿਆ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਕਿਹਾ ਕਿ ਕਸ਼ਮੀਰ ਭਾਰਤ ਤੇ ਪਾਕਿਸਤਾਨ ਦਾ ਆਪਸੀ ਮਸਲਾ ਹੈ। ਉੱਧਰ ਅਮਰੀਕਾ ਦੇ ਇਕ ਪ੍ਰਭਾਵਸ਼ਾਲੀ ਸੰਸਦ ਮੈਂਬਰ ਨੇ ਟਰੰਪ ਦੇ ਬਿਆਨ ਲਈ ਭਾਰਤੀ ਰਾਜਦੂਤ ਤੋਂ ਮਾਫ਼ੀ ਮੰਗੀ ਹੈ। ਅਮਰੀਕਾ ਦੇ ਵਿਦੇਸ਼ ਮੰਤਰਾਲੇ ਦੇ ਦੱਖਣ ਤੇ ਮੱਧ ਏਸ਼ੀਆ ਮਾਮਲਿਆਂ ਨਾਲ ਸਬੰਧਿਤ ਵਿਭਾਗ ਦੇ ਉਪ ਸਕੱਤਰ ਏਲਿਸ ਵੇਲਜ਼ ਨੇ ਕਿਹਾ, 'ਕਸ਼ਮੀਰ ਦੋਵਾਂ ਧਿਰਾਂ (ਭਾਰਤ ਤੇ ਪਾਕਿਸਤਾਨ) ਦਾ ਦੁਵੱਲਾ ਮੁੱਦਾ ਹੈ। ਟਰੰਪ ਪ੍ਰਸ਼ਾਸਨ ਪਾਕਿਸਤਾਨ ਤੇ ਭਾਰਤ ਵੱਲੋਂ ਮਿਲ ਬੈਠ ਕੇ ਇਸ ਦਾ ਹੱਲ ਕੱਢਣ ਦਾ ਸਵਾਗਤ ਕਰਦਾ ਹੈ। ਅਮਰੀਕਾ ਇਸ ਵਿਚ ਸਹਿਯੋਗ ਦੇਣ ਲਈ ਤਿਆਰ ਹੈ।'

ਅਮਰੀਕ ਵਿਦੇਸ਼ ਮੰਤਰਾਲੇ ਨੇ ਇਹ ਵੀ ਕਿਹਾ ਕਿ ਸਾਡਾ ਮੰਨਣਾ ਹੈ ਕਿ ਭਾਰਤ ਤੇ ਪਾਕਿਸਤਾਨ ਵਿਚਕਾਰ ਕੋਈ ਵੀ ਸਫਲ ਗੱਲਬਾਤ ਪਾਕਿਸਤਾਨ ਵੱਲੋਂ ਆਪਣੇ ਦੇਸ਼ ਵਿਚ ਸਰਗਰਮ ਅੱਤਵਾਦੀ ਜਮਾਤਾਂ ਵਿਰੁੱਧ ਉਠਾਏ ਜਾ ਰਹੇ ਲਗਾਤਾਰ ਤੇ ਨਾ ਤਬਦੀਲੀ ਯੋਗ ਕਦਮਾਂ 'ਤੇ ਆਧਾਰਿਤ ਹੈ।

ਦੂਜੇ ਪਾਸੇ ਅਮਰੀਕੀ ਸੰਸਦ ਮੈਂਬਰਾਂ ਨੇ ਵੀ ਕਸ਼ਮੀਰ 'ਤੇ ਭਾਰਤ ਦੇ ਪੱਖ ਦਾ ਸਮਰਥਨ ਕੀਤਾ ਹੈ। ਅਮਰੀਕੀ ਕਾਂਗਰਸ ਦੇ ਸੀਨੀਅਰ ਮੈਂਬਰ ਬ੍ਰੈਡ ਸ਼ੇਰਮੈਨ ਨੇ ਤਾਂ ਕਿਹਾ ਹੈ ਕਿ ਉਨ੍ਹਾਂ ਨੇ ਰਾਸ਼ਟਰਪਤੀ ਟਰੰਪ ਦੇ ਬਚਕਾਨਾ ਤੇ ਸ਼ਰਮਿੰਦਗੀ ਵਾਲੇ ਬਿਆਨ ਲਈ ਭਾਰਤੀ ਰਾਜਦੂਤ ਹਰਸ਼ ਸਿੰਗਲਾ ਤੋਂ ਮਾਫ਼ੀ ਮੰਗ ਲਈ ਹੈ। ਭਾਰਤ ਕਸ਼ਮੀਰ 'ਤੇ ਹਮੇਸ਼ਾ ਹੀ ਤੀਜੀ ਧਿਰ ਦੀ ਵਿਚੋਲਗੀ ਦਾ ਵਿਰੋਧੀ ਰਿਹਾ ਹੈ। ਸਾਰਿਆਂ ਨੂੰ ਪਤਾ ਹੈ ਕਿ ਪੀਐੱਮ ਮੋਦੀ ਇਸ ਤਰ੍ਹਾਂ ਦਾ ਸੁਝਾਅ ਨਹੀਂ ਦੇ ਸਕਦੇ।

ਵਿਦੇਸ਼ੀ ਮਾਮਲਿਆਂ 'ਤੇ ਅਮਰੀਕੀ ਸੰਸਦ ਮੈਂਬਰ ਕਾਂਗਰਸ ਦੀ ਤਾਕਤਵਰ ਕਮੇਟੀ ਦੇ ਮੁਖੀ ਐੱਮਪੀ ਏਲੀਅਟ ਐੱਲ ਏਂਗਲ ਨੇ ਵੀ ਭਾਰਤੀ ਰਾਜਦੂਤ ਸਿੰਗਲਾ ਨਾਲ ਗੱਲ ਕੀਤੀ। ਉਨ੍ਹਾਂ ਕਸ਼ਮੀਰ ਮੁੱਦੇ 'ਤੇ ਅਮਰੀਕਾ ਦੀ ਰਵਾਇਤੀ ਨੀਤੀ ਦਾ ਸਮਰਥਨ ਕਰਦਿਆਂ ਕਿਹਾ ਕਿ ਉਹ ਭਾਰਤ ਤੇ ਪਾਕਿਸਤਾਨ ਵਿਚਕਾਰ ਗੱਲਬਾਤ ਦਾ ਸਮਰਥਨ ਕਰਦੇ ਹਨ ਪਰ ਗੱਲਬਾਤ ਦਾ ਖਰੜਾ ਤੇ ਦਾਇਰਾ ਦੋਵੇਂ ਦੇਸ਼ ਹੀ ਤੈਅ ਕਰ ਸਕਦੇ ਹਨ। ਕਮੇਟੀ ਵੱਲੋਂ ਜਾਰੀ ਬਿਆਨ ਮੁਤਾਬਕ ਏਂਗਲ ਨੇ ਇਹ ਵੀ ਕਿਹਾ ਹੈ ਕਿ ਭਾਰਤ ਨਾਲ ਸਾਰਥਕ ਗੱਲਬਾਤ ਲਈ ਜ਼ਰੂਰੀ ਹੈ ਕਿ ਪਾਕਿਸਤਾਨ ਆਪਣੀ ਧਰਤੀ 'ਤੇ ਅੱਤਵਾਦੀਆਂ ਦੇ ਟਿਕਾਣਿਆਂ ਨੂੰ ਖ਼ਤਮ ਕਰਨ ਲਈ ਠੋਸ ਤੇ ਸਾਰਥਕ ਕਦਮ ਚੁੱਕੇ।

ਪੀਐੱਮ ਮੋਦੀ ਨੇ ਨਹੀਂ ਮੰਗੀ ਵਿਚੋਲਗੀ : ਜੈਸ਼ੰਕਰ

ਟਰੰਪ ਦੇ ਬਿਆਨ ਨੂੰ ਭਾਰਤ ਨੇ ਪੂਰੀ ਤਰ੍ਹਾਂ ਖ਼ਾਰਜ ਕਰ ਦਿੱਤਾ ਹੈ। ਸੰਸਦ 'ਚ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਕਿ ਪੀਐੱਮ ਮੋਦੀ ਨੇ ਇਸ ਤਰ੍ਹਾਂ ਦੀ ਕੋਈ ਵੀ ਤਜਵੀਜ਼ ਰਾਸ਼ਟਰਪਤੀ ਡੋਨਾਲਡ ਟਰੰਪ ਸਾਹਮਣੇ ਨਹੀਂ ਰੱਖੀ ਸੀ।

ਜੈਸ਼ੰਕਰ ਨੇ ਕਿਹਾ ਕਿ ਪੀਐੱਮ ਮੋਦੀ ਨੇ ਵਿਚੋਲਗੀ ਨੂੰ ਲੈ ਕੇ ਰਾਸ਼ਟਰਪਤੀ ਟਰੰਪ ਨੂੰ ਕੋਈ ਬੇਨਤੀ ਨਹੀਂ ਕੀਤੀ ਹੈ। ਪਾਕਿਸਤਾਨ ਨਾਲ ਕਿਸੇ ਵੀ ਲੰਬਿਤ ਮੁੱਦੇ 'ਤੇ ਦੁਵੱਲੇ ਪੱਧਰ 'ਤੇ ਹੀ ਗੱਲਬਾਤ ਹੋ ਸਕਦੀ ਹੈ। ਪਾਕਿਸਤਾਨ ਨਾਲ ਕਈ ਵੀ ਗੱਲਬਾਤ ਉਦੋਂ ਹੀ ਹੋਵੇਗੀ ਜਦੋਂ ਉਹ ਸਰਹੱਦ ਪਾਰਲੇ ਅੱਤਵਾਦ ਦਾ ਖ਼ਾਤਮਾ ਕਰੇ। ਸ਼ਿਮਲਾ ਸਮਝੌਤੇ ਤੇ ਲਾਹੌਰ ਐਲਾਨਨਾਮੇ ਤਹਿਤ ਦੋਵਾਂ ਦੇਸ਼ਾਂ ਵਿਚ ਮੁੱਦਿਆਂ ਨੂੰ ਸੁਲਝਾਉਣ ਦਾ ਲੋੜੀਂਦਾ ਆਧਾਰ ਹੈ।