ਆਨਲਾਈਨ ਡੈਸਕ, ਨਵੀਂ ਦਿੱਲੀ : ਭਾਰਤ ’ਚ ਵੱਧਦੇ ਕੋਰੋਨਾ ਸੰਕ੍ਰਮਣ ਦੇ ਮਾਮਲਿਆਂ ਨੇ ਸਰਕਾਰ ਸਮੇਤ ਸਾਰਿਆਂ ਨੂੰ ਡਰਾ ਰੱਖਿਆ ਹੈ। ਇਸਤੋਂ ਬਾਅਦ ਵੀ ਕੁਝ ਲੋਕਾਂ ਦੇ ਮਨ ’ਚ ਵੈਕਸੀਨ ਨੂੰ ਲੈ ਕੇ ਉਥਲ-ਪੁਥਲ ਮਚੀ ਹੋਈ ਹੈ, ਤਾਂ ਕੁਝ ਅਜਿਹੇ ਵੀ ਹਨ, ਜੋ ਇਸਨੂੰ ਲਗਵਾਉਣ ’ਚ ਕਤਰਾ ਰਹੇ ਹਨ। ਇਹ ਹਾਲ ਉਦੋਂ ਤੋਂ ਹੈ ਜਦੋਂ ਸਰਕਾਰ ਅਤੇ ਮਾਹਿਰ ਲਗਾਤਾਰ ਇਸ ਗੱਲ ਨੂੰ ਕਹਿ ਰਹੇ ਹਨ ਕਿ ਤੁਹਾਡੀ ਵਾਰੀ ਆਉਣ ’ਤੇ ਵੈਕਸੀਨ ਜ਼ਰੂਰ ਲਓ, ਇਸ ਨਾਲ ਹੀ ਕੋਰੋਨਾ ਸੰਕ੍ਰਮਣ ਦੀ ਵੱਧਦੀ ਹੋਈ ਚੇਨ ਨੂੰ ਤੋੜਿਆ ਜਾ ਸਕਦਾ ਹੈ।

ਪੂਰੇ ਦੇਸ਼ ’ਚ ਕਈ ਥਾਂਵਾਂ ’ਤੇ 24 ਘੰਟੇ ਟੀਕਾਕਰਨ ਤੇ ਟੈਸਟਿੰਗ ਦੀ ਸੁਵਿਧਾ ਦਿੱਤੀ ਗਈ ਹੈ। ਇਸਤੋਂ ਬਾਅਦ ਵੀ ਲੋਕਾਂ ਦਾ ਇਸਤੋਂ ਦੂਰ ਭੱਜਣਾ ਇਕ ਵੱਡੀ ਸਮੱਸਿਆ ਬਣਦਾ ਜਾ ਰਿਹਾ ਹੈ। ਇਸ ’ਚ ਵੀ ਕੋਈ ਸ਼ੱਕ ਨਹੀਂ ਹੈ ਕਿ ਅਜਿਹੇ ਸਮੇਂ ’ਚ ਵੀ ਕਈ ਥਾਂਵਾਂ ’ਤੇ ਲੋਕ ਬਿਨਾਂ ਮਾਸਕ ਦੇ ਘੁੰਮਦੇ ਦਿਖਾਈ ਦਿੰਦੇ ਹਨ ਜੋ ਆਪਣੇ ਤੋਂ ਇਲਾਵਾ ਦੂਸਰਿਆਂ ਲਈ ਵੀ ਖ਼ਤਰਨਾਕ ਸਾਬਿਤ ਹੋ ਰਹੇ ਹਨ। ਇਸ ਲਾਪਰਵਾਹੀ ਨੂੰ ਰੋਕਣ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਨੇ ਸਖ਼ਤ ਕਦਮ ਵੀ ਬਣਾਏ ਹਨ।

ਵੈਕਸੀਨ ਤੋਂ ਕਤਰਾਉਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਇਸਨੂੰ ਲਗਵਾਉਣ ’ਤੇ ਵੀ ਲੋਕ ਸੰਕ੍ਰਮਿਤ ਹੋ ਰਹੇ ਹਨ ਤਾਂ ਫਿਰ ਇਸ ਦਾ ਕੀ ਫਾਇਦਾ। ਇਸ ਸਵਾਲ ਦਾ ਬੇਹੱਦ ਸਿੱਧਾ ਜਵਾਬ ਹੈ ਕਿ ਕੋਰੋਨਾ ਵੈਕਸੀਨ ਨਾ ਲਗਵਾਉਣ ਵਾਲੇ ਗੰਭੀਰ ਸੰਕ੍ਰਮਣ ਦਾ ਸ਼ਿਕਾਰ ਹੋ ਰਹੇ ਹਨ, ਜਦਕਿ ਵੈਕਸੀਨ ਲੈਣ ਵਾਲੇ ਇਸ ਤਰ੍ਹਾਂ ਦੇ ਗੰਭੀਰ ਸੰਕ੍ਰਮਣ ਤੋਂ ਬਚ ਸਕਦੇ ਹਨ।

ਕੁਝ ਲੋਕ ਅਜਿਹੇ ਵੀ ਹਨ, ਜਿਨ੍ਹਾਂ ਨੂੰ ਪਹਿਲਾਂ ਕੋਰੋਨਾ ਹੋਇਆ ਸੀ ਪਰ ਹੁਣ ਉਹ ਠੀਕ ਹੋ ਚੁੱਕੇ ਹਨ। ਅਜਿਹੇ ’ਚ ਉਨ੍ਹਾਂ ਨੂੰ ਵੈਕਸੀਨ ਨੂੰ ਲੈ ਕੇ ਗਲ਼ਤ-ਫਹਿਮੀ ਹੈ। ਜਦਕਿ ਹਾਲ ਹੀ ’ਚ ਆਈ ਇਕ ਖੋਜ ਦੱਸਦੀ ਹੈ ਕਿ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਹੈ ਕਿ ਪਹਿਲਾਂ ਸੰਕ੍ਰਮਣ ਤੋਂ ਠੀਕ ਹੋਣ ਵਾਲੇ ਲੋਕ ਇਸਦੇ ਦੁਬਾਰਾ ਸ਼ਿਕਾਰ ਨਹੀਂ ਹੋ ਸਕਦੇ। ਉਹ ਵੀ ਦੁਬਾਰਾ ਸੰਕ੍ਰਮਿਤ ਹੋ ਸਕਦੇ ਹਨ।

ਭਾਰਤ ਦੀ ਗੱਲ ਕਰੀਏ ਤਾਂ ਦੇਸ਼ ’ਚ ਫਿਲਹਾਲ ਦੋ ਸਵਦੇਸ਼ੀ ਵੈਕਸੀਨ ਰਾਹੀਂ ਟੀਕਾਕਰਨ ਮੁਹਿੰਮ ਚੱਲ ਰਹੀ ਹੈ। ਸਰਕਾਰ ਨੇ ਹੁਣ ਰੂਸੀ ਵੈਕਸੀਨ ਸਪੁਤਨਿਕ-ਵੀ ਨੂੰ ਵੀ ਐਮਰਜੈਂਸੀ ਸੇਵਾ ਦੇ ਤੌਰ ’ਤੇ ਇਸਤੇਮਾਲ ਕਰਨ ਦੀ ਆਗਿਆ ਦੇ ਦਿੱਤੀ ਹੈ। ਇਸਤੋਂ ਇਲਾਵਾ ਕੋਰੋਨਾ ਮਾਮਲਿਆਂ ’ਚ ਆਈ ਤੇਜ਼ੀ ਦੇ ਮੱਦੇਨਜ਼ਰ ਕੁਝ ਹੋਰ ਵੈਕਸੀਨ ਨੂੰ ਵੀ ਇਸ ਤਰ੍ਹਾਂ ਮਨਜ਼ੂਰੀ ਦਿੱਤੀ ਗਈ ਹੈ। ਆਉਣ ਵਾਲੇ ਕੁਝ ਮਹੀਨਿਆਂ ਅੰਦਰ ਭਾਰਤ ’ਚ ਕੁਝ ਹੋਰ ਵੈਕਸੀਨ ਉਪਲੱਬਧ ਹੋ ਜਾਵੇਗੀ।

Posted By: Ramanjit Kaur