ਏਐੱਨਆਈ, ਨਵੀਂ ਦਿੱਲੀ : ਬ੍ਰਿਟੇਨ ਦੇ ਵਿਦੇਸ਼ ਮੰਤਰੀ ਡੋਮਿਨਿਕ ਰਾਬ ਚਾਰ ਦਿਨ ਦੀ ਯਾਤਰਾ ਲਈ ਸੋਮਵਾਰ ਨੂੰ ਭਾਰਤ ਆਉਣ ਵਾਲੇ ਹਨ। ਇਸ ਦੌਰਾਨ ਉਹ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਦੇ ਨਾਲ ਦੁਵੱਲੀ, ਖੇਤਰੀ ਤੇ ਅੰਤਰਰਾਸ਼ਟਰੀ ਹਿੱਤਾਂ ਦੇ ਆਪਸੀ ਮੁੱਦਿਆਂ 'ਤੇ ਗੱਲਬਾਤ ਕਰਨਗੇ। ਵਿਦੇਸ਼ ਮੰਤਰਾਲੇ ਨੇ ਸੋਮਵਾਰ ਨੂੰ ਇਸਦੀ ਜਾਣਕਾਰੀ ਦਿੱਤੀ। ਇਸ ਦੌਰਾਨ ਉਹ ਵਾਤਾਵਰਨ, ਜੰਗਲ ਤੇ ਜਲਵਾਯੂ ਪਰਿਵਰਤਨ ਮੰਤਰੀ ਪ੍ਰਕਾਸ਼ ਜਾਵੜੇਕਰ ਅਤੇ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਦੇ ਨਾਲ ਅਧਿਕਾਰਿਤ ਬੈਠਕਾਂ ਕਰਨਗੇ। ਮੰਤਰਾਲੇ ਨੇ ਕਿਹਾ ਕਿ ਰਾਬ ਦੀ ਇਹ ਯਾਤਰਾ ਕੋਵਿਡ ਅਤੇ ਬ੍ਰੇਕਸਿਟ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਵਪਾਰ, ਸੁਰੱਖਿਆ, ਜਲਵਾਯੂ ਅਤੇ ਗਤੀਸ਼ੀਲਤਾ, ਸਿੱਖਿਆ ਅਤੇ ਸਿਹਤ ਖੇਤਰ 'ਚ ਸਾਂਝੇਦਾਰੀ ਅਤੇ ਮਜ਼ਬੂਤ ਕਰਨ ਦਾ ਮਾਰਗ ਖੋਲ੍ਹਣ ਲਈ ਹੋਵੇਗੀ।

ਵਿਦੇਸ਼ ਮੰਤਰਾਲੇ ਨੇ ਇਕ ਬਿਆਨ 'ਚ ਕਿਹਾ ਕਿ ਡੋਮਿਨਿਕ ਰਾਬ 14 ਤੋਂ 17 ਦਸੰਬਰ ਤਕ ਭਾਰਤ ਦੀ ਅਧਿਕਾਰਿਤ ਯਾਤਰਾ 'ਤੇ ਰਹਿਣਗੇ। ਰਾਬ 15 ਦਸੰਬਰ, 2020 ਨੂੰ ਆਪਸੀ ਹਿੱਤ ਦੇ ਦੋ-ਪੱਖੀ, ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ 'ਤੇ ਵਿਦੇਸ਼ ਮੰਤਰੀ ਡਾ. ਸੁਬਰਾਮਨੀਅਨ ਜੈਸ਼ੰਕਰ ਦੇ ਨਾਲ ਗੱਲਬਾਤ ਕਰਨਗੇ। ਇਸ ਦੌਰਾਨ ਉਹ ਬੈਂਗਲੁਰੂ ਦੀ ਵੀ ਯਾਤਰਾ ਕਰਨਗੇ। ਇਥੇ ਉਹ 17 ਦਸੰਬਰ ਨੂੰ ਕਰਨਾਟਕ ਦੇ ਮੁੱਖ ਮੰਤਰੀ ਬੀਐੱਸ ਯੇਦਿਯੁਰੱਪਾ ਨਾਲ ਮੁਲਾਕਾਤ ਕਰਨਗੇ। ਇਸਨੂੰ ਨਿਯਮਿਤ ਰੂਪ ਨਾਲ ਉੱਚ ਪੱਧਰੀ ਆਦਾਨ-ਪ੍ਰਦਾਨ ਅਤੇ ਵੱਖ-ਵੱਖ ਖੇਤਰਾਂ 'ਚ ਵੱਧਦੇ ਸਹਿਯੋਗ ਦੁਆਰਾ ਨਿਸ਼ਾਨਬੱਧ ਕੀਤਾ ਜਾਂਦਾ ਰਿਹਾ ਹੈ।

Posted By: Ramanjit Kaur