ਮੁੰਬਈ (ਪੀਟੀਆਈ) : ਕੋਰੋਨਾ ਤੋਂ ਬਾਅਦ ਘਰੇਲੂ ਪੱਧਰ ’ਤੇ ਹਵਾਈ ਯਾਤਰਾ ’ਚ ਲਗਾਤਾਰ ਸੁਧਾਰ ਹੋ ਰਿਹਾ ਹੈ। ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ (ਡੀਜੀਸੀਏ) ਦੇ ਡਾਟਾ ਮੁਤਾਬਕ, ਇਸ ਸਾਲ ਮਈ ’ਚ 1.20 ਕਰੋਡ਼ ਯਾਤਰੀਆਂ ਨੇ ਹਵਾਈ ਸਫ਼ਰ ਕੀਤਾ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਵਿਚ ਪੰਜ ਗੁਣਾ ਦਾ ਵਾਧਾ ਰਿਹਾ ਹੈ। ਮਈ 2021 ’ਚ 21 ਲੱਖ ਯਾਤਰੀਆਂ ਨੇ ਹਵਾਈ ਸਫ਼ਰ ਕੀਤਾ ਸੀ।

ਡਾਟਾ ਮੁਤਾਬਕ, ਮਈ ’ਚ ਕੁੱਲ 1.20 ਕਰੋਡ਼ ’ਚੋਂ 70 ਲੱਖ ਜਾਂ 57.9 ਫ਼ੀਸਦੀ ਯਾਤਰੀਆਂ ਨੇ ਇੰਡੀਗੋ ’ਚ ਸਫ਼ਰ ਕੀਤਾ। ਇਸ ਤੋਂ ਬਾਅਦ 12.76 ਲੱਖ ਯਾਤਰੀਆਂ ਨੂੰ ਹਵਾਈ ਸਫ਼ਰ ਕਰਵਾਉਣ ਵਾਲੀ ਗੋਫਰਸਟ ਦਾ ਨੰਬਰ ਹੈ। ਟਾਟਾ ਸਮੂਹ ਦੀ ਕੰਪਨੀ ਏਅਰ ਇੰਡੀਆ ਤੇ ਏਅਰ ਵਿਸਤਾਰਾ ਵਿਚ ਪਿਛਲੇ ਮਹੀਨੇ ਕ੍ਰਮਵਾਰ 8.23 ਲੱਖ ਅਤੇ 9.83 ਲੱਖ ਯਾਤਰੀਆਂ ਨੇ ਸਫ਼ਰ ਕੀਤਾ। ਉਥੇ, ਏਅਰ ਏਸ਼ੀਆ ਇੰਡੀਆ ਤੋਂ 6.86 ਲੱਖ ਯਾਤਰੀਆਂ ਨੇ ਹਵਾਈ ਸਫ਼ਰ ਕੀਤਾ। ਡਾਟਾ ਮੁਤਾਬਕ, ਮਈ ਵਿਚ ਬਜਟ ਏਅਰਲਾਈਨ ਸਪਾਈਸਜੈੱਟ ਦਾ ਲੋਡ ਫੈਕਟਰ 89.1 ਫ਼ੀਸਦੀ ਰਿਹਾ, ਜਦਕਿ ਗੋਫਰਸਟ ਦਾ ਲੋਡ ਫੈਕਟਰ 86.5 ਫ਼ੀਸਦੀ ਰਿਹਾ। ਸਮੇਂ ’ਤੇ ਪ੍ਰਦਰਸ਼ਨ (ਓਟੀਪੀ) ਦੇ ਮਾਮਲੇ ਵਿਚ ਏਅਰ ਏਸ਼ੀਆ ਇੰਡੀਆ ਸਿਖਰ ’ਤੇ ਰਹੀ ਹੈ। ਦੇਸ਼ ਦੇ ਚਾਰ ਪ੍ਰਮੁੱਖ ਹਵਾਈ ਅੱਡਿਆਂ ’ਤੇ ਇਸ ਦਾ ਓਟੀਪੀ 90.8 ਫ਼ੀਸਦੀ ਰਿਹਾ ਹੈ. 87.5 ਫ਼ੀਸਦੀ ਨਾਲ ਓਟੀਪੀ ਦੇ ਮਾਮਲੇ ਵਿਚ ਵਿਸਤਾਰਾ ਦੂਜੇ ਨੰਬਰ ’ਤੇ ਰਹੀ ਹੈ। ਡੀਜੀਸੀਏ ਦੇਸ਼ ਦੇ ਚਾਰ ਪ੍ਰਮੁੱਖ ਸ਼ਹਿਰਾਂ ਦਿੱਲੀ, ਮੁੰਬਈ, ਬੈਂਗਲੁਰੂ ਅਤੇ ਹੈਦਰਾਬਾਦ ਸਥਿਤ ਹਵਾਈ ਅੱਡਿਆਂ ਦੇ ਆਧਾਰ ’ਤੇ ਮਾਸਿਕ ਓਟੀਪੀ ਜਾਰੀ ਕਰਦਾ ਹੈ।

Posted By: Sandip Kaur