ਜੇਐੱਨਐੱਨ, ਨਵੀਂ ਦਿੱਲੀ : 60 ਸਾਲ ਤੋਂ ਜ਼ਿਆਦਾ ਉਮਰ ਦੇ ਬਜ਼ੁਰਗਾਂ ਤੇ 45 ਤੋਂ 60 ਸਾਲ ਦੇ ਵਿਚਕਾਰ ਗੰਭੀਰ ਬਿਮਾਰੀ ਨਾਲ ਪੀੜਤ ਲੋਕਾਂ ਨੂੰ ਕੋਰੋਨਾ ਵੈਕਸੀਨ ਲਗਾਉਣ ਦੇ ਕਈ ਬਦਲ ਮੁਹੱਈਆ ਹੋਣਗੇ। ਉਹ ਖ਼ੁਦ ਵੀ ਕੋਵਿਨ ਪਲੇਟਫਾਰਮ 'ਤੇ ਰਜਿਸਟ੍ਰੇਸ਼ਨ ਕਰ ਕੇ ਵੈਕਸੀਨ ਲਗਾਉਣ ਦਾ ਦਿਨ ਤੇ ਜਗ੍ਹਾ ਚੁਣ ਸਕਦੇ ਹਨ। ਪਹਿਲਾਂ ਰਜਿਸਟ੍ਰੇਸ਼ਨ ਨਾ ਕਰਵਾ ਸਕਣ ਵਾਲੇ ਬਜ਼ੁਰਗ ਆਪਣੇ ਨਜ਼ਦੀਕੀ ਵੈਕਸੀਨ ਸੈਂਟਰ ਜਾ ਕੇ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਕੇ ਵੈਕਸੀਨ ਲੈ ਸਕਦੇ ਹਨ। ਇਸ ਤੋਂ ਇਲਾਵਾ ਆਸ਼ਾ ਵਰਕਰਾਂ ਤੇ ਹੋਰ ਸਿਹਤ ਮੁਲਾਜ਼ਮਾਂ 'ਤੇ ਵੀ ਆਪੋ-ਆਪਣੇ ਇਲਾਕਿਆਂ 'ਚ ਰਹਿ ਰਹੇ ਬਜ਼ੁਰਗਾਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਵੈਕਸੀਨ ਸੈਂਟਰ ਲਿਆਉਣ ਦੀ ਜ਼ਿੰਮੇਵਾਰੀ ਹੋਵੇਗੀ।

ਸਿਹਤ ਮੰਤਰਾਲੇ ਨੇ ਸੰਸਿਆਂ ਦਾ ਕੱਢਿਆ ਹੱਲ

ਕੇਂਦਰੀ ਸਿਹਤ ਮੰਤਰਾਲੇ ਨੇ ਸੂਬਿਆਂ ਦੇ ਸਿਹਤ ਸਕੱਤਰਾਂ ਤੇ ਨੈਸ਼ਨਲ ਹੈਲਥ ਮਿਸ਼ਨ ਦੇ ਪ੍ਰਮੁੱਖਾਂ ਨੂੰ ਇਕ ਮਾਰਚ ਤੋਂ ਸ਼ੁਰੂ ਹੋਣ ਜਾ ਰਹੇ ਕੋਰੋਨਾ ਦੇ ਵੱਡੇ ਪੈਮਾਨੇ 'ਤੇ ਟੀਕਾਕਰਨ ਦੇ ਤੌਰ-ਤਰੀਕਿਆਂ ਬਾਰੇ ਵਿਸਥਾਰ ਨਾਲ ਦੱਸਿਆ ਤੇ ਉਨ੍ਹਾਂ ਸੰਸਿਆਂ ਦਾ ਹੱਲ ਕੀਤਾ। ਸਿਹਤ ਮੰਤਰਾਲੇ ਅਨੁਸਾਰ ਸਰਕਾਰੀ ਵੈਕਸੀਨ ਸੈਂਟਰ ਪ੍ਰਾਇਮਰੀ ਹੈਲਥ ਸੈਂਟਰਸ, ਸਹਿਯੋਗੀ ਸਿਹਤ ਕੇਂਦਰਾਂ, ਆਯੁਸ਼ਮਾਨ ਭਾਰਤ ਤਹਿਤ ਆਉਣ ਵਾਲੇ ਹੈਲਥ ਤੇ ਵੈੱਲਨੈੱਸ ਸੈਂਟਰਾਂ, ਸਬ ਡਵੀਜ਼ਨ ਤੇ ਜ਼ਿਲ੍ਹਾ ਹਸਪਤਾਲਾਂ ਤੇ ਮੈਡੀਕਲ ਕਾਲਜ ਹਸਪਤਾਲਾਂ 'ਚ ਖੋਲ੍ਹੇ ਜਾ ਸਕਦੇ ਹਨ।

ਕੋਰੋਨਾ ਗਾਈਡਲਾਈਨ ਦੀ ਕਰਨੀ ਪਵੇਗੀ ਪਾਲਣਾ

ਇਸੇ ਤਰ੍ਹਾਂ CGHS ਤੇ ਆਯੁਸ਼ਮਾਨ ਭਾਰਤ ਦੇ ਪ੍ਰਧਾਨ ਮੰਤਰੀ ਜਨ ਆਰੋਗਿਯ ਯੋਜਨਾ ਤਹਿਤ ਮਾਨਤਾ ਪ੍ਰਾਪਤ ਕੇਂਦਰਾਂ ਦੇ ਨਾਲ-ਨਾਲ ਸੂਬਿਆਂ ਦੀਆਂ ਸਿਹਤ ਬੀਮਾ ਯੋਜਨਾਵਾਂ ਤਹਿਤ ਰਜਿਸਟਰਡ ਹਸਪਤਾਲਾਂ 'ਚ ਨਿੱਜੀ ਵੈਕਸੀਨ ਸੈਂਟਰ ਖੋਲ੍ਹੇ ਜਾਣਗੇ। ਸੂਬਾ ਸਰਕਾਰਾਂ ਨੂੰ ਪਹਿਲੀ ਵਾਰ ਨਿੱਜੀ ਹਸਪਤਾਲਾਂ 'ਚ ਸ਼ੁਰੂ ਹੋਣ ਜਾ ਰਹੇ ਟੀਕਾਕਰਨ ਦੌਰਾਨ ਕੋਰੋਨਾ ਦੀ ਗਾਈਡਲਾਈਨਜ਼ ਦੀ ਪਾਲਣਾ ਯਕੀਨੀ ਬਣਾਉਣ ਨੂੰ ਕਿਹਾ ਗਿਆ ਹੈ।

ਨਾਲ ਲਿਆਉਣੇ ਪੈਣਗੇ ਇਹ ਦਸਤਾਵੇਜ਼

ਸੂਬਿਆਂ ਨੂੰ ਇਹ ਵੀ ਦੱਸ ਦਿੱਤਾ ਗਿਆ ਹੈ ਕਿ ਉਮਰ ਦੀ ਵੈਰੀਫਿਕੇਸ਼ਨ ਲਈ ਲਾਭਪਾਤਰੀਆਂ ਨੂੰ ਕਿਹੜੇ-ਕਿਹੜੇ ਦਸਤਾਵੇਜ਼ ਨਾਲ ਲਿਆਉਣੇ ਪੈਣਗੇ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਸ ਦੇ ਲਈ ਆਧਾਰ ਕਾਰਡ ਤੇ ਵੋਟਰ ਆਈਡੀ ਕਾਰਡ ਤੋਂ ਇਲਾਵਾ ਕੋਈ ਹੋਰ ਫੋਟੋ ਪਛਾਣ ਪੱਤਰ ਦਿਖਾਉਣਾ ਪਵੇਗਾ, ਜਿਸ ਵਿਚ ਜਨਮ ਤਰੀਕ ਦਰਜ ਹੋਵੇ। ਸੀਨੀਅਰ ਅਧਿਕਾਰੀ ਅਨੁਸਾਰ ਇਨ੍ਹਾਂ ਵਿਚੋਂ ਇਕ ਵੀ ਦਸਤਾਵੇਜ਼ ਨੂੰ ਦਿਖਾ ਕੇ ਲਾਭਪਾਤਰੀ ਵੈਕਸੀਨ ਲਗਵਾ ਸਕਦੇ ਹਨ।

ਗੰਭੀਰ ਬਿਮਾਰੀ ਨਾਲ ਪੀੜਤ ਲਈ ਇਹ ਹੋਵੇਗੀ ਸ਼ਰਤ

ਕਿਸੇ ਗੰਭੀਰ ਬਿਮਾਰੀ ਨਾਲ ਪੀੜਤ 45 ਤੋਂ 60 ਸਾਲ ਦੇ ਵਿਚਕਾਰ ਉਮਰ ਦੇ ਲਾਭਪਾਤਰੀ ਨੂੰ ਇਸ ਤੋਂ ਇਲਾਵਾ ਰਜਿਸਟਰਡ ਡਾਕਟਰ ਵੱਲੋਂ ਦਿੱਤਾ ਗਿਆ ਬਿਮਾਰੀ ਦਾ ਸਰਟੀਫਿਕੇਟ ਦੇਣਾ ਪਵੇਗਾ। ਸਿਹਤ ਮੰਤਰਾਲੇ ਅਨੁਸਾਰ ਇਸ ਦੌਰਾਨ ਉਹ ਹੈਲਥਕੇਅਰ ਜਾਂ ਫਰੰਟਲਾਈਨ ਵਰਕਰਜ਼ ਵੀ ਵੈਕਸੀਨ ਲੈ ਸਕਣਗੇ, ਜੋ ਪਹਿਲਾਂ ਰਹਿ ਗਏ ਸਨ। ਪਰ ਉਨ੍ਹਾਂ ਦੀ ਉਮਰ 60 ਸਾਲ ਤੋਂ ਜ਼ਿਆਦਾ ਜਾਂ ਫਿਰ 45 ਤੋਂ 60 ਸਾਲ ਦੇ ਵਿਚਕਾਰ ਗੰਭੀਰ ਬਿਮਾਰੀ ਨਾਲ ਪੀੜਤ ਹੋਣਾ ਜ਼ਰੂਰੀ ਹੈ।

ਪਛਾਣ ਪੱਤਰ ਦਿਖਾਉਣਾ ਜ਼ਰੂਰੀ

ਅਜਿਹੇ ਹੈਲਥਕੇਅਰ ਤੇ ਫਰੰਟਲਾਈਨ ਵਰਕਰਜ਼ ਲਈ ਕੰਪਨੀ ਵੱਲੋਂ ਜਾਰੀ ਫੋਟੋ ਸਮੇਤ ਪਛਾਣ ਪੱਤਰ ਜਾਂ ਸਰਟੀਫਿਕੇਟ ਦਿਖਾਉਣਾ ਪਵੇਗਾ। ਕੋਵਿਨ ਪਲੇਟਫਾਰਮ 'ਤੇ ਰਜਿਸਟਰਡ ਹੋਣ ਤੇ ਪਹਿਲੀ ਡੋਜ਼ ਲੈਂਦਿਆਂ ਹੀ ਕਿਊਆਰ ਕੋਡ 'ਤੇ ਆਧਾਰਤ ਆਰਜ਼ੀ ਸਰਟੀਫਿਕੇਟ ਤੇ ਦੂਸਰੀ ਡੋਜ਼ ਲੈਣ ਸਮੇਤ ਸਥਾਈ ਸਰਟੀਫਿਕੇਟ ਜਾਰੀ ਕਰ ਦਿੱਤਾ ਜਾਵੇਗਾ। ਲਾਭਪਾਤਰੀ ਦੇ ਮੋਬਾਈਲ 'ਤੇ ਇਸ ਸਰਟੀਫਿਕੇਟ ਦਾ ਲਿੰਕ ਭੇਜਿਆ ਜਾਵੇਗਾ ਜਿਸ ਨੂੰ ਆਸਾਨੀ ਨਾਲ ਡਾਊਨਲੋਡ ਕੀਤਾ ਜਾ ਸਕਦਾ ਹੈ। ਵੈਕਸੀਨ ਸੈਂਟਰ 'ਤੇ ਇਸ ਦੇ ਪ੍ਰਿੰਟਆਊਟ ਲੈਣ ਦੀ ਵੀ ਸਹੂਲਤ ਮਿਲੇਗੀ।

Posted By: Seema Anand