ਧੀਰੇਂਦਰ ਸਿਨ੍ਹਾ, ਬਿਲਾਸਪੁਰ : ਛੱਤੀਸਗੜ੍ਹ 'ਚ ਬਿਲਾਸਪੁਰ ਦੀ ਗੁਰੂ ਘਾਸੀਦਾਸ ਕੇਂਦਰੀ ਯੂਨੀਵਰਸਿਟੀ 'ਚ ਪ੍ਰਾਣੀ ਵਿਗਿਆਨ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਡਾ. ਕੋਮਲ ਸਿੰਘ ਸੁਮਨ ਕੁਦਰਤ 'ਚ ਡੱਡੂਆਂ ਦੀ ਮੌਜੂਦਗੀ 'ਤੇ ਨਾ ਸਿਰਫ਼ ਰਿਸਰਚ ਕਰ ਰਹੇ ਹਨ ਬਲਕਿ ਚਾਰ ਸਾਲ ਤੋਂ ਉਨ੍ਹਾਂ ਦੀ ਸੁਰੱਖਿਆ ਲਈ ਮੁਹਿੰਮ ਵੀ ਚਲਾ ਰਹੇ ਹਨ। ਡਾ. ਸਿੰਘ ਦਾ ਕਹਿਣਾ ਹੈ ਕਿ ਰਿਸਰਚ ਦੇ ਨਾਂ 'ਤੇ ਅਤੇ ਕੀਟਨਾਸ਼ਕਾਂ ਦੀ ਵਰਤੋਂ ਕਾਰਨ ਵੱਡੀ ਗਿਣਤੀ 'ਚ ਡੱਡੂਆਂ ਦਾ ਖ਼ਾਤਮਾ ਹੋਇਆ ਹੈ। ਇਹੀ ਮਲੇਰੀਆ, ਡੇਂਗੂ, ਚਿਕਨਗੁਨੀਆ ਵਰਗੀਆਂ ਕਈ ਖ਼ਤਰਨਾਕ ਬਿਮਾਰੀਆਂ ਦੇ ਵਿਸਤਾਰ ਦਾ ਕਾਰਨ ਬਣ ਗਿਆ ਹੈ।

ਦੇਸ਼ ਵਿਚ ਡੱਡੂਆਂ ਦੀ ਗਿਣਤੀ ਘਟੀ

ਖੋਜੀਆਂ ਦਾ ਦਾਅਵਾ ਹੈ ਕਿ ਛੱਤੀਸਗੜ੍ਹ ਹੀ ਨਹੀਂ, ਦੇਸ਼ ਵਿਚ ਡੱਡੂਆਂ ਦੀ ਗਿਣਤੀ ਤੇਜ਼ੀ ਨਾਲ ਘਟ ਰਹੀ ਹੈ। ਡਾ. ਕੋਮਲ ਦੇਸ਼ ਦੇ ਅਲੱਗ-ਅਲੱਗ ਇਲਾਕਿਆਂ 'ਚ ਜਾ ਕੇ ਡੱਡੂਆਂ ਨੂੰ ਬਚਾਉਣ ਦੀ ਲੋਕਾਂ ਨੂੰ ਅਪੀਲ ਕਰ ਰਹੇ ਹਨ। ਸੁਰੱਖਿਆ ਸਬੰਧੀ ਚਲਾਈ ਜਾ ਰਹੀ ਇਸ ਮੁਹਿੰਮ ਨਾਲ 500 ਤੋਂ ਜ਼ਿਆਦਾ ਨੌਜਵਾਨ ਜੁੜ ਚੁੱਕੇ ਹਨ। ਡਾ. ਕੋਮਲ ਮੁਤਾਬਿਕ ਹੁਣ ਘਰ ਤੇ ਆਸਪਾਸ ਮੀਂਹ ਦੇ ਦਿਨਾਂ 'ਚ ਟਰਰ-ਟਰਰ ਦੀ ਆਵਾਜ਼ ਘੱਟ ਸੁਣਾਈ ਦਿੰਦੀ ਹੈ।

ਪ੍ਰਦੂਸ਼ਣ ਕਾਰਨ ਡੱਡੂਆਂ ਦੀ ਗਿਣਤੀ ਘਟੀ

ਡੱਡੂ ਘਟਣ ਨਾਲ ਡੇਂਗੂ, ਮਲੇਰੀਆ ਵਰਗੀਆਂ ਬਿਮਾਰੀਆਂ ਦੇ ਵਾਹਕ ਮੱਛਰਾਂ ਤੇ ਫ਼ਸਲਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੀਟ, ਟਿੱਡੇ, ਕੰਨਖਜੂਰੇ, ਕੀੜੀਆਂ, ਘੁਣ ਅਤੇ ਮਕੜੀ ਤੇਜ਼ੀ ਨਾਲ ਪੈਦਾ ਹੋਣ ਲੱਗੇ ਹਨ। ਪ੍ਰਦੂਸ਼ਣ ਕਾਰਨ ਡੱਡੂ ਘਟੇ ਹਨ। ਖੇਤਾਂ 'ਚ ਕੀਟਨਾਸ਼ਕ ਉਨ੍ਹਾਂ ਲਈ ਸਭ ਤੋਂ ਖ਼ਤਰਨਾਕ ਸਾਬਿਤ ਹੋ ਰਹੇ ਹਨ। ਇਨਸਾਨੀ ਦਖ਼ਲਅੰਦਾਜ਼ੀ ਇਨ੍ਹਾਂ ਜੰਤੂਆਂ ਦੀ ਮੌਤ ਦੀ ਸਭ ਤੋਂ ਵੱਡੀ ਵਜ੍ਹਾ ਹੈ।

ਕੀ ਹੈ ਡੱਡੂ ਦੀ ਖ਼ਾਸੀਅਤ

ਬਰਸਾਤ ਡੱਡੂਆਂ ਦਾ ਪ੍ਰਜਣਨ ਕਾਲ ਹੁੰਦੀ ਹੈ। ਇਹ ਪਾਣੀ ਦੀ ਸਪਲਾਈ ਨੂੰ ਸ਼ੁੱਧ ਰੱਖਦੇ ਹਨ। ਸਾਲ 1980 ਦੇ ਆਸ-ਪਾਸ ਇਨ੍ਹਾਂ ਦੀ ਬਰਾਮਦ ਹੁੰਦੀ ਸੀ। ਕੇਂਦਰ ਸਰਕਾਰ ਨੇ ਹੁਣ ਪਾਬੰਦੀ ਲਗਾ ਦਿੱਤੀ ਹੈ। ਡੱਡੂ 'ਚ ਕਰੀਬ 200 ਤਰ੍ਹਾਂ ਦੇ ਲਾਭਕਾਰੀ ਅਲਕਿਲਾਇਡ ਪਾਏ ਜਾਂਦੇ ਹਨ। ਬੰਗਾਲ, ਸਿੱਕਮ, ਅਸਾਮ ਤੇ ਗੋਆ 'ਚ ਲੋਕ ਇਸ ਦਾ ਭੋਜਨ 'ਚ ਇਸਤੇਮਾਲ ਕਰਦੇ ਹਨ।

ਕੁਦਰਤ ਲਈ ਵਰਦਾਨ ਹਨ ਡੱਡੂ

ਡਾ. ਕੋਮਲ ਸਿੰਘ ਸੁਮਨ ਕਹਿੰਦੇ ਹਨ ਕਿ ਕੁਦਰਤ 'ਚ ਡੱਡੂਆਂ ਦੀ ਮੌਜੂਦਗੀ ਲਾਜ਼ਮੀ ਹੈ। 1982 'ਚ ਦੇਸ਼ ਤੋਂ 2500 ਟਨ ਤੋਂ ਜ਼ਿਆਦਾ ਡੱਡੂ ਬਰਾਮਦ ਕੀਤੇ ਗਏ ਸਨ। ਬਾਅਦ 'ਚ ਇਸ 'ਤੇ ਪਾਬੰਦੀ ਲਗਾ ਦਿੱਤੀ ਗਈ। ਡੱਡੂ ਉਸ ਸਮੇਂ ਤੋਂ ਘੱਟ ਹੁੰਦੇ ਜਾ ਰਹੇ ਹਨ। ਇਨ੍ਹਾਂ 'ਤੇ ਖੋਜ ਤੇ ਖੇਤਾਂ 'ਚ ਕੀਟਨਾਸ਼ਕਾਂ ਦੀ ਵਰਤੋਂ ਕਾਰਨ ਇਨ੍ਹਾਂ ਦੀ ਗਿਣਤੀ ਘਟੀ ਹੈ।

Posted By: Seema Anand