ਨਵੀਂ ਦਿੱਲੀ, ਏਐੱਨਆਈ: ਕਸ਼ਮੀਰ 'ਚ ਧਾਰਾ 370 ਹਟਾਏ ਜਾਣ ਅਤੇ ਜ਼ਾਕਿਰ ਨਾਈਕ ਨੂੰ ਲੈ ਕੇ ਕਾਂਗਰਸ ਨੇਤਾ ਦਿਗਵਿਜੈ ਸਿੰਘ ਨੇ ਇਕ ਸਨਸਨੀਖੇਜ਼ ਬਿਆਨ ਦਿੱਤਾ ਜਿਸ ਤੋਂ ਬਾਅਦ ਦਿਗਵਿਜੈ ਸਿੰਘ ਆਪਣੀ ਹੀ ਬਿਆਨਬਾਜ਼ੀ 'ਚ ਫਸ ਗਏ ਹਨ। ਭਾਜਪਾ ਨੇ ਦਿਗਵਿਜੈ ਸਿੰਘ ਦੇ ਦੋਸ਼ਾਂ 'ਤੇ ਪਲਟਵਾਰ ਕੀਤਾ ਹੈ।

ਆਪਣੇ ਵਿਵਾਦਿਤ ਬਿਆਨ 'ਚ ਦਿਗਵਿਜੈ ਸਿੰਘ ਨੇ ਕਿਹਾ ਕਿ ਜ਼ਾਕਿਰ ਨਾਈਕ ਨੇ ਸਤੰਬਰ 2019 'ਚ ਬਿਆਨ ਦਿੱਤਾ ਸੀ ਕਿ ਪੀਐੱਮ ਮੋਦੀ ਅਤੇ ਅਮਿਤ ਸ਼ਾਹ ਨੇ ਉਨ੍ਹਾਂ ਕੋਲ ਆਪਣਾ ਦੂਤ ਭੇਜਿਆ ਸੀ। ਨਾਈਕ ਨੇ ਕਿਹਾ ਸੀ ਕਿ ਉਸ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਧਾਰਾ 370 ਹਟਾਉਣ ਦੀ ਹਮਾਇਤ ਕਰਨ 'ਤੇ ਉਨ੍ਹਾਂ ਖ਼ਿਲਾਫ਼ ਸਾਰੇ ਕੇਸ ਵਾਪਸ ਲੈ ਲਏ ਜਾਣਗੇ ਅਤੇ ਉਨ੍ਹਾਂ ਨੂੰ ਵਾਪਸ ਆਉਣ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਸਿੰਘ ਨੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਪੀਐੱਮ ਮੋਦੀ ਅਤੇ ਸ਼ਾਹ ਨੇ ਬਿਆਨ ਦੀ ਨਿੰਦਿਆ ਕਿਉਂ ਨਹੀਂ ਕੀਤੀ।

ਭਾਜਪਾ ਨੇ ਕਾਂਗਰਸ ਪਾਰਟੀ ਅਤੇ ਦਿਗਵਿਜੈ ਸਿੰਘ 'ਤੇ ਹਮਲਾ ਬੋਲਿਆ ਹੈ। ਦਿਗਵਿਜੈ ਸਿੰਘ ਦੇ ਦੋਸ਼ 'ਤੇ ਪਲਟਵਾਰ ਕਰਦਿਆਂ ਭਾਜਪਾ ਦੇ ਜਨਰਲ ਸਕੱਤਰ ਕੈਲਾਸ਼ ਵਿਜੈਵਰਗੀਯ ਨੇ ਕਿਹਾ ਕਿ ਦਿਗਵਿਜੈ ਸਿੰਘ ਕੋਲ ਇਹ ਖ਼ਬਰ ਕਿੱਥੋਂ ਆਈ ਹੈ? ਕੀ ਉਨ੍ਹਾਂ ਦੇ ਤਾਰ ਜ਼ਾਕਿਰ ਨਾਈਕ ਨਾਲ ਜੁੜੇ ਹੋਏ ਹਨ?

ਭਾਜਪਾ ਦੇ ਪਲਟਵਾਰ 'ਤੇ ਕਾਂਗਰਸ ਨੇਤਾ ਦਿਗਵਿਜੈ ਸਿੰਘ ਨੇ ਕਿਹਾ ਕਿ ਇਹ ਦੋਸ਼ ਬਿਲਕੁਲ ਗਲਤ ਹਨ। ਕਾਂਗਰਸ ਨੇ ਕਦੇ ਵੀ ਅਧਿਕਾਰਿਕ ਤੌਰ 'ਤੇ ਡਾ. ਜ਼ਾਕਿਰ ਨਾਈਕ ਦੀ ਹਮਾਇਤ ਨਹੀਂ ਕੀਤੀ। ਇਹ ਸੱਚ ਹੈ ਕਿ ਮੈਂ ਮੁੰਬਈ 'ਚ ਆਪਣੇ ਮੰਚ ਤੋਂ ਇਕ ਸੰਮੇਲਨ ਨੂੰ ਸੰਬੋਧਨ ਕੀਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਸ ਦੌਰਾਨ ਦਿੱਤੇ ਭਾਸ਼ਣ 'ਚ ਕਿਸੇ ਵੀ ਬਿੰਦੂ 'ਤੇ ਉਨ੍ਹਾਂ ਨੇ ਫਿਰਕਾਪ੍ਰਸਤੀ ਦੇ ਰੂਪ 'ਚ ਸੰਵੇਦਨਸ਼ੀਲ ਬਿਆਨ ਨਹੀਂ ਦਿੱਤਾ ਸੀ।

ਜ਼ਿਕਰਯੋਗ ਹੈ ਕਿ ਭਾਰਤ 'ਚ ਲੋੜੀਂਦੇ ਮੁਸਲਿਮ ਧਰਮ ਉਪਦੇਸ਼ਕ ਡਾ. ਜ਼ਾਕਿਰ ਨਾਈਕ ਨੇ ਮਲੇਸ਼ੀਆ 'ਚ ਸ਼ਰਨ ਲੈ ਰੱਖੀ ਹੈ। ਕਾਂਗਰਸ ਨੇਤਾ ਦਿਗਵਿਜੈ ਸਿੰਘ ਨੇ ਆਪਣੇ ਟਵਿੱਟਰ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਉਸ 'ਚ ਇਕ ਸ਼ਖ਼ਸ ਦੀ ਆਵਾਜ਼ ਆ ਰਹੀ ਹੈ ਜੋ ਕਹਿ ਰਿਹਾ ਹੈ ਕਿ ਪੀਐੱਮ ਮੋਦੀ ਅਤੇ ਅਮਿਤ ਸ਼ਾਹ ਨੇ ਜੰਮੂ-ਕਸ਼ਮੀਰ 'ਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਜ਼ਾਕਿਰ ਨਾਈਕ ਨੂੰ ਇਸ ਦੇ ਸਮੱਰਥਨ ਦੀ ਗੱਲ ਆਖੀ ਸੀ। ਇਸ ਵੀਡੀਓ 'ਚ ਦੱਸਿਆ ਗਿਆ ਹੈ ਕਿ ਇਸ ਕਦਮ ਤੋਂ ਬਾਅਦ ਮੋਦੀ ਸਰਕਾਰ ਜ਼ਾਕਿਰ ਨਾਈਕ ਨਾਲ ਜੁੜੇ ਸਾਰੇ ਮੁਕੱਦਮੇ ਵਾਪਸ ਲੈ ਲਵੇਗੀ।

Posted By: Jagjit Singh