ਵੈਭਵ ਸ਼ਰਮਾ, ਹਿਸਾਰ : ਕੋਰੋਨਾ ਵਿਰੁੱਧ ਜੰਗ 'ਚ ਇਹ ਚੰਗੀ ਖ਼ਬਰ ਹੈ। ਡੀਆਰਡੀਓ ਦੀ ਕੋਰੋਨਾ ਰੋਕੂ ਦਵਾਈ 2-ਡੀਜੀ ਛੇਤੀ ਹੀ ਬਾਜ਼ਾਰ ਵਿਚ ਆ ਜਾਵੇਗੀ। ਇਹ ਦਵਾਈ ਪਾਊਡਰ ਦੇ ਰੂਪ ਵਿਚ ਹੈ ਜਿਸ ਨੂੰ ਪਾਣੀ ਵਿਚ ਮਿਲਾ ਕੇ ਰੋਗੀ ਨੂੰ ਦਿੱਤਾ ਜਾਂਦਾ ਹੈ। ਵਿਗਿਆਨੀਆਂ ਮੁਤਾਬਕ ਇਸ 'ਤੇ ਸੁਧਾਰ ਤੇ ਹੋਰ ਪ੍ਰਯੋਗ ਵੀ ਚੱਲ ਰਹੇ ਹਨ।

ਡੀਆਰਡੀਓ ਦੇ ਸੀਨੀਅਰ ਵਿਗਿਆਨੀ ਡਾ. ਅਨੰਤ ਭੱਟ ਨਾਲ ਮਿਲ ਕੇ ਇਸ ਦਵਾਈ ਦੀ ਖੋਜ ਕਰਨ ਵਾਲੇ ਡਾ. ਸੁਧੀਰ ਚਾਂਦਨਾ ਨੇ ਦੱਸਿਆ ਕਿ ਡਾ. ਰੈੱਡੀ ਲੈਬ ਨੇ ਇਸ ਦਵਾਈ ਦਾ ਉਤਪਾਦਨ ਸ਼ੁਰੂ ਕਰ ਦਿੱਤਾ ਹੈ। ਉਮੀਦ ਹੈ ਕਿ ਸੱਤ ਤੋਂ ਦਸ ਦਿਨਾਂ ਵਿਚ ਦਵਾਈ ਬਾਜ਼ਾਰ ਵਿਚ ਆ ਜਾਵੇਗੀ। ਉਨ੍ਹਾਂ ਦੱਸਿਆ ਕਿ ਹਰ ਸੂਬੇ ਵਿਚ ਇਸ ਦੀ ਸਪਲਾਈ ਕੀਤੀ ਜਾਵੇਗੀ।

ਦਵਾਈ ਨੂੰ ਲੈ ਕੇ ਡੀਆਰਡੀਓ ਦੀ ਟੀਮ ਨੂੰ ਸੀ ਵਿਸ਼ਵਾਸ

ਹਿਸਾਰ ਦੇ ਸੈਕਟਰ 13 ਦੇ ਰਹਿਣ ਵਾਲੇ ਡਾ. ਸੁਧੀਰ ਨੇ ਦੱਸਿਆ ਕਿ ਪਿਛਲੇ ਸਾਲ ਜਿਉਂ ਹੀ ਕੋਵਿਡ ਫੈਲਣਾ ਸ਼ੁਰੂ ਹੋਇਆ, ਇਸ 'ਤੇ ਕੰਮ ਸ਼ੁਰੂ ਹੋ ਗਿਆ। ਸਾਨੂੰ ਵਿਸ਼ਵਾਸ ਸੀ ਕਿ 2-ਡੀਆਕਸੀ (2ਡੀਜੀ) ਸਾਰਸ ਕੋਵ-2 'ਤੇ ਅਸਰ ਦਿਖਾ ਸਕਦੀ ਹੈ ਕਿਉਂਕਿ ਇਹ ਦਵਾਈ ਪਹਿਲਾਂ ਵੀ ਕਈ ਖ਼ਤਰਨਾਕ ਵਾਇਰਸਾਂ 'ਤੇ ਕਾਫ਼ੀ ਕਾਰਗਰ ਸਾਬਤ ਹੋਈ ਸੀ। ਉਨ੍ਹਾਂ ਦੱਸਿਆ ਕਿ ਦਵਾਈ ਨੂੰ ਬਣਾਉਣ 'ਚ ਡੀਆਰਡੀਓ ਮੁਖੀ ਦੀ ਸਭ ਤੋਂ ਪ੍ਰਮੁੱਖ ਭੂਮਿਕਾ ਹੈ। ਉਨ੍ਹਾਂ ਹਰ ਕਦਮ 'ਤੇ ਸਾਥ ਦਿੱਤਾ। ਦੇਸ਼ ਦੇ 25 ਤੋਂ ਜ਼ਿਆਦਾ ਹਸਪਤਾਲਾਂ ਵਿਚ ਮਰੀਜ਼ਾਂ 'ਤੇ ਇਸ ਦਵਾਈ ਦਾ ਟਰਾਇਲ ਹੋਇਆ ਹੈ। ਇਹ ਹਸਪਤਾਲ ਦਿੱਲੀ, ਗੁਜਰਾਤ, ਉੱਤਰ ਪ੍ਰਦੇਸ਼, ਰਾਜਸਥਾਨ ਤੇ ਮਹਾਰਾਸ਼ਟਰ ਵਿਚ ਹਨ। ਪਾਇਆ ਗਿਆ ਕਿ ਆਮ ਦਵਾਈਆਂ ਦੇ ਨਾਲ 2-ਡੀਜੀ ਡਰੱਗ ਦਿੱਤੇ ਜਾਣ 'ਤੇ ਵੀ 30 ਫ਼ੀਸਦੀ ਜ਼ਿਆਦਾ ਫ਼ਾਇਦਾ ਮਰੀਜ਼ ਨੂੰ ਮਿਲਿਆ।

ਅਪ੍ਰੈਲ 'ਚ ਸ਼ੁਰੂ ਹੋਈ ਸੀ ਦਵਾਈ ਬਣਾਉਣ ਦੀ ਕੋਸ਼ਿਸ਼

ਪਿਛਲੇ ਸਾਲ ਅਪ੍ਰਰੈਲ ਮਹੀਨੇ ਵਿਚ ਹੀ ਦਵਾਈ 'ਤੇ ਕੰਮ ਸ਼ੁਰੂ ਹੋ ਗਿਆ। ਹੈਦਰਾਬਾਦ ਦੇ ਸੈਂਟਰ ਫਾਰ ਸੁਲਿਊਲਰ ਐਂਡ ਮਲਿਕੁਲਰ ਬਾਇਓਲਾਜੀ (ਸੀਸੀਐੱਮਬੀ) ਵਿਚ ਜਾ ਕੇ ਕੁਝ ਪ੍ਰਯੋਗ ਕੀਤੇ ਗਏ। ਫਿਰ ਮਈ ਮਹੀਨੇ ਵਿਚ ਡਰੱਗ ਕੰਟਰੋਲਰ ਨੂੰ ਅਰਜ਼ੀ ਦਿੱਤੀ ਗਈ ਕਿ ਕਲੀਨਿਕਲ ਟਰਾਇਲ ਦੀ ਪ੍ਰਵਾਨਗੀ ਦਿੱਤੀ ਜਾਵੇ। ਇਹ ਦਵਾਈ ਵਾਇਰਸ ਦੀ ਪੂਰੀ ਗ੍ਰੋਥ ਖ਼ਤਮ ਕਰ ਰਹੀ ਹੈ। ਪਹਿਲਾਂ ਸੇਲਜ਼ ਦੇ ਉੱਪਰ ਪ੍ਰਯੋਗ ਕੀਤੇ ਗਏ। ਇਸ ਤੋਂ ਬਾਅਦ ਟਰਾਇਲ ਦੀ ਪ੍ਰਵਾਨਗੀ ਮਿਲ ਗਈ। ਇਸ ਤੋਂ ਬਾਅਦ ਡੀਆਰਡੀਓ ਤੇ ਬਤੌਰ ਇੰਡਸਟਰੀ ਸਹਿਯੋਗੀ ਡਾ. ਰੈੱਡੀ ਲੈਬ ਨਾਲ ਕਲੀਨਿਕਲ ਟਰਾਇਲ ਕੀਤੇ।

ਅਕਤੂਬਰ ਤਕ 110 ਇਨਫੈਕਟਿਡਾਂ 'ਤੇ ਚੱਲੇ ਫੇਜ਼-2 ਟਰਾਇਲ

ਡਾ. ਸੁਧੀਰ ਦੱਸਦੇ ਹਨ ਕਿ ਮਈ ਤੋਂ ਲੈ ਕੇ ਅਕਤੂਬਰ 2020 ਤਕ ਫੇਜ਼-2 ਦੇ ਟਰਾਇਲ ਚੱਲਦੇ ਰਹੇ ਜਿਸ ਵਿਚ 110 ਕੋਵਿਡ ਮਰੀਜ਼ਾਂ 'ਤੇ ਇਹ ਪ੍ਰਯੋਗ ਕੀਤੇ। ਕਲੀਨਿਕਲ ਟਰਾਇਲ ਵਿਚ ਪਤਾ ਲੱਗਾ ਕਿ ਕਾਫ਼ੀ ਚੰਗਾ ਫ਼ਾਇਦਾ ਹੋ ਰਿਹਾ ਹੈ। ਸਟੈਂਡਰਡ ਕੇਅਰ ਦੀ ਤੁਲਨਾ ਵਿਚ ਅਸੀਂ ਮਰੀਜ਼ਾਂ ਨੂੰ ਦੋ ਤੋਂ ਤਿੰਨ ਦਿਨ ਪਹਿਲਾਂ ਠੀਕ ਕਰਨ ਵਿਚ ਸਫਲ ਰਹੇ ਸਾਂ। ਫੇਜ਼-2 ਦੀ ਸਫਲਤਾ ਤੋਂ ਬਾਅਦ ਡਰੱਗ ਕੰਟਰੋਲਰ ਕੋਲ ਫੇਜ਼-3 ਦੇ ਟਰਾਇਲ ਲਈ ਅਰਜ਼ੀ ਦਿੱਤੀ ਗਈ।

220 ਮਰੀਜ਼ਾਂ 'ਤੇ ਫੇਜ਼-3 ਟਰਾਇਲ ਕੀਤਾ

ਡਾ. ਸੁਧੀਰ ਨੇ ਦੱਸਿਆ ਕਿ ਦਸੰਬਰ ਤੋਂ ਲੈ ਕੇ ਮਾਰਚ 2021 ਤਕ 220 ਮਰੀਜ਼ਾਂ 'ਤੇ ਫੇਜ਼-3 ਟਰਾਇਲ ਕੀਤੇ ਗਏ। ਨਤੀਜੇ ਦੱਸਦੇ ਹਨ ਕਿ ਇਸ ਦੀ ਵਰਤੋਂ ਪਿੱਛੋਂ ਮਰੀਜ਼ ਤੋਂ ਆਕਸੀਜਨ ਹਟ ਗਿਆ। ਅਜਿਹੇ ਵਿਚ ਇਹ ਦਵਾਈ ਸਟੈਂਡਰਡ ਪ੍ਰਰੋਸੀਜਰ ਦੇ ਮੁਕਾਬਲੇ 30 ਫ਼ੀਸਦੀ ਜ਼ਿਆਦਾ ਫ਼ਾਇਦੇਮੰਦ ਰਹੀ ਸੀ। ਇਸ ਦੌਰਾਨ ਸਟੈਂਡਰਡ ਕੇਅਰ ਦਵਾਈ ਦੇ ਨਾਲ ਹੀ ਇਹ ਦਵਾਈ ਵੀ ਦਿੱਤੀ ਗਈ ਸੀ। ਇਸ ਦਾ ਡਾਟਾ ਪ੍ਰਸਤੁਤ ਕੀਤਾ ਗਿਆ। ਇਹ ਆਕਸੀਜਨ ਦੀ ਜ਼ਰੂਰਤ ਨੂੰ ਘੱਟ ਕਰਦੀ ਦਿਸੀ ਤੇ ਮਰੀਜ਼ ਛੇਤੀ ਠੀਕ ਹੁੰਦੇ ਨਜ਼ਰ ਆਏ। ਹੁਣ ਇਸ ਦਵਾਈ ਦੀ ਐਮਰਜੈਂਸੀ ਵਰਤੋਂ ਦੀ ਪ੍ਰਵਾਨਗੀ ਮਿਲ ਗਈ ਹੈ।