ਸਟੇਟ ਬਿਊਰੋ, ਕੋਲਕਾਤਾ : ਬੰਗਾਲ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਹੋਈ ਹਿੰਸਾ ਨਾਲ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਦੇ ਕ੍ਰਮ ਵਿਚ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਸ਼ਨਿਚਰਵਾਰ ਨੂੰ ਨੰਦੀਗ੍ਰਾਮ ਪਹੁੰਚੇ। ਸਵੇਰੇ ਬੀਐੱਸਐੱਫ ਦੇ ਹੈਲੀਕਾਪਟਰ ਰਾਹੀਂ ਨੰਦੀਗ੍ਰਾਮ ਪਹੁੰਚਣ ਤੋਂ ਬਾਅਦ ਰਾਜਪਾਲ ਮੋਟਰਸਾਈਕਲ 'ਤੇ ਹੀ ਬੈਠ ਕੇ ਹਿੰਸਾ ਪ੍ਰਭਾਵਿਤ ਪਿੰਡਾਂ ਲਈ ਨਿਕਲ ਪਏ। ਰਾਜਪਾਲ ਕਈ ਪਿੰਡਾਂ ਵਿਚ ਹਿੰਸਾ ਪੀੜਤ ਪਰਿਵਾਰਾਂ ਨਾਲ ਮਿਲੇ। ਬੱਚਿਆਂ, ਬਜ਼ੁਰਗਾਂ ਤੇ ਔਰਤਾਂ ਨੇ ਰਾਜਪਾਲ ਨੂੰ ਹਿੰਸਾ ਵਾਲੀ ਰਾਤ ਦੀ ਦਰਦ ਭਰੀ ਦਾਸਤਾਨ ਸੁਣਾਈ। ਲੋਕਾਂ ਦੀ ਆਪਬੀਤੀ ਸੁਣ ਕੇ ਰਾਜਪਾਲ ਭਾਵੁਕ ਹੋ ਗਏ।

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰਾਜਪਾਲ ਨੇ ਕਿਹਾ ਕਿ ਦੇਸ਼ ਇਸ ਵੇਲੇ ਕੋਰੋਨਾ ਸੰਕਟ ਤੋਂ ਗੁਜ਼ਰ ਰਿਹਾ ਹੈ ਅਤੇ ਬੰਗਾਲ ਕੋਰੋਨਾ ਤੇ ਹਿੰਸਾ ਦੋਵਾਂ ਦੇ ਗੰਭੀਰ ਸੰਕਟ ਨਾਲ ਜੂਝ ਰਿਹਾ ਹੈ। ਇਹ ਅਜਿਹਾ ਸਮਾਂ ਹੈ, ਜਦੋਂ ਅਸੀਂ ਸੌਂ ਵੀ ਨਹੀਂ ਸਕਦੇ। ਮਮਤਾ ਸਰਕਾਰ ਨੂੰ ਨਿਸ਼ਾਨੇ 'ਤੇ ਲੈਂਦੇ ਹੋਏ ਉਨ੍ਹਾਂ ਕਿਹਾ ਕਿ ਅਸੀਂ ਇਕ ਜਵਾਲਾਮੁਖੀ 'ਤੇ ਬੈਠੇ ਹਾਂ, ਜਿੱਥੇ ਇਸ ਸੰਕਟ ਦੌਰਾਨ ਲੋਕ ਆਪਣਾ ਘਰ-ਪਰਿਵਾਰ ਛੱਡ ਤੇ ਹਿਜਰਤ ਕਰਨ ਲਈ ਮਜਬੂਰ ਹਨ, ਕੈਂਪਾਂ ਵਿਚ ਸ਼ਰਨ ਲਏ ਹੋਏ ਹਨ। ਉਨ੍ਹਾਂ ਨੂੰ ਹਰ ਤਰ੍ਹਾਂ ਦੇ ਅਪਮਾਨ, ਹੱਤਿਆ, ਜਬਰ ਜਨਾਹ, ਲੁੱਟ ਤੇ ਜਬਰਨ ਵਸੂਲੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਧਨਖੜ ਨੇ ਕਿਹਾ ਕਿ ਟੀਐੱਮਸੀ ਸੁਪਰੀਮੋ ਨੇ ਸ਼ੀਤਲਕੂਚੀ ਦੀ ਫਾਇਰਿੰਗ ਵਿਚ ਚਾਰ ਲੋਕਾਂ ਦੇ ਮਾਰੇ ਜਾਣ ਦੀ ਘਟਨਾ ਨੂੰ ਕਤਲੇਆਮ ਕਰਾਰ ਦਿੱਤਾ ਸੀ, ਪਰ ਕੀ ਉਨ੍ਹਾਂ ਨੰਦੀਗ੍ਰਾਮ ਦੀਆਂ ਅੌਰਤਾਂ ਅਤੇ ਬੱਚਿਆਂ ਦੀਆਂ ਚੀਕਾਂ ਨਹੀਂ ਸੁਣੀਆਂ ਜਿੱਥੇ ਵੱਡੀ ਗਿਣਤੀ ਵਿਚ ਲੋਕ ਬੇਘਰ ਹੋ ਗਏ ਹਨ। ਬੰਗਾਲ ਦੀ ਸਥਿਤੀ ਦੇਖ ਕੇ ਦੁੱਖ ਹੁੰਦਾ ਹੈ। ਮੈਂ ਮੁੱਖ ਮੰਤਰੀ ਨੂੰ ਅਪੀਲ ਕਰਦਾ ਹਾਂ ਕਿ ਉਹ ਪੀੜਤਾਂ ਦੇ ਮੁੜ ਵਸੇਬੇ, ਮੁਆਵਜ਼ਾ ਅਤੇ ਸ਼ਾਂਤੀ ਵਿਵਸਥਾ ਬਣਾਉਣ ਦੀ ਦਿਸ਼ਾ ਵਿਚ ਉਚਿਤ ਕਦਮ ਉਠਾਉਣ ਅਤੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ। ਇਸ ਤੋਂ ਪਹਿਲਾਂ ਨੰਦੀਗ੍ਰਾਮ ਪਹੁੰਚਣ 'ਤੇ ਭਾਜਪਾ ਵਿਧਾਇਕ ਸੁਵੇਂਦੂ ਅਧਿਕਾਰੀ ਨੇ ਰਾਜਪਾਲ ਜਗਦੀਪ ਧਨਖੜ ਦਾ ਸਵਾਗਤ ਕੀਤਾ।