Corona Vaccine Update : ਦੇਸ਼ ਵਿਚ ਇਕ ਵਾਰ ਫਿਰ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਵਧਣ ਲੱਗੇ ਹਨ ਉੱਥੇ ਹੀ ਕੋਰੋਨਾ ਵੈਕਸੀਨ ਲਈ ਲੋਕਾਂ ਨੂੰ ਲੰਬੀਆਂ-ਲੰਬੀਆਂ ਲਾਈਨਾਂ ਲਗਾਉਣੀਆਂ ਪੈ ਰਹੀਆਂ ਹਨ। ਹਾਲੇ ਵੀ ਕੇਂਦਰ ਸਰਕਾਰ ਸੂਬਿਆਂ ਨੂੰ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਵੈਕਸੀਨ ਨਹੀਂ ਦੇ ਪਾ ਰਹੀਆਂ ਹਨ। ਅਜਿਹੇ ਵਿਚ ਇਕ ਵਧੀਆ ਖ਼ਬਰ ਹੈ ਕਿ ਜਲਦ ਹੀ ਇਕ ਹੋਰ ਵੈਕਸੀਨ ਲੋਕਾਂ ਲਈ ਉਪਲਬਧ ਹੋ ਜਾਵੇਗੀ। DGCI ਯਾਨੀ ਭਾਰਤ ਦੇ ਔਸ਼ਧੀ ਮਹਾ ਕੰਟਰੋਲਰ ਨੇ ਸ਼ੁੱਕਰਵਾਰ ਨੂੰ ਅਮਰੀਕੀ ਫਾਰਮਾਸਿਊਟੀਕਲ ਕੰਪਨੀ ਮੌਡਰਨਾ ਦੀ ਕੋਰੋਨਾ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜਾਣਕਾਰੀ ਮੁਤਾਬਕ ਮੌਡਰਨਾ ਦੀ ਵੈਕਸੀਨ ਨੂੰ ਫਿਲਹਾਲ ਐਮਰਜੈਂਸੀ ਹਾਲਾਤ 'ਚ ਸੀਮਤ ਵਰਤੋਂ ਲਈ ਇਜਾਜ਼ਤ ਦਿੱਤੀ ਗਈ ਹੈ। ਦੱਸਿਆ ਜਾਂਦਾ ਹੈ ਕਿ ਮੌਡਰਨਾ ਦੀ ਵੈਕਸੀਨ ਨੂੰ ਭਾਰਤੀ ਦਵਾਈ ਕੰਪਨੀ ਸਿਪਲਾ ਦਰਾਮਦ ਕਰੇਗੀ।

ਜਾਣਕਾਰੀ ਮੁਤਾਬਕ ਭਾਰਤ 'ਚ ਫਿਲਹਾਲ ਮੌਡਰਨਾ ਦੀ ਵੈਕਸੀਨ 'ਕੋਵੈਕਸ' ਦੀਆਂ 75 ਲੱਖ ਖੁਰਾਕਾਂ ਦੀ ਦਰਾਮਦ ਕੀਤੀ ਜਾਵੇਗੀ। DGCI ਨੇ ਕੇਂਦਰੀ ਔਸ਼ਧੀ ਮਾਪਦੰਡ ਕੰਟਰੋਲ ਸੰਗਠਨ ਦੀ ਵਿਸ਼ੇਸ਼ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਸਵੀਕਾਰ ਕਰਦੇ ਹੋਏ ਇਹ ਮਨਜ਼ੂਰੀ ਦਿੱਤੀ ਸੀ। ਇਨ੍ਹਾਂ ਸਿਫਾਰਸ਼ਾਂ 'ਚ 75 ਲੱਖ ਖੁਰਾਕ ਲਿਆਉਣ ਦੀ ਗੱਲ ਕਹੀ ਗਈ ਸੀ। ਤੁਹਾਨੂੰ ਦੱਸ ਦੇਈਏ ਕਿ ਕੋਰੋਨਾ ਖਿਲਾਫ਼ ਲੜਾਈ 'ਚ ਮੌਡਰਨਾ ਦੀ ਵੈਕਸੀਨ ਦੀਆਂ ਵੀ ਦੋ ਖੁਰਾਕਾਂ ਲੈਣੀਆਂ ਪੈਣਗੀਆਂ ਤੇ ਫਿਲਹਾਲ ਇਸ ਨੂੰ 18 ਸਾਲ ਜਾਂ ਜ਼ਿਆਦਾ ਉਮਰ ਵਾਲੇ ਲੋਕਾਂ ਨੂੰ ਹੀ ਦਿੱਤਾ ਜਾਵੇਗਾ। ਦੇਸ਼ ਵਿਚ ਕੋਵੀਸ਼ੀਲਡ, ਕੋਵੈਕਸੀਨ ਤੇ ਸਪੁਤਨਿਕ-ਵੀ ਤੋਂ ਬਾਅਦ ਮੌਡਰਨਾ ਦੀ ਵੈਕਸੀਵ ਭਾਰਤ 'ਚ ਚੌਥੀ ਵੈਕਸੀਨ ਹੋਵੇਗੀ, ਜਿਸ ਨੂੰ ਕੋਰੋਨਾ ਖਿਲਾਫ਼ ਲੜਾਈ 'ਚ ਵਰਤੋਂ 'ਚ ਲਿਆਂਦਾ ਜਾਵੇਗਾ।

ਪਿਛਲੇ ਕਈ ਮਹੀਨਿਆਂ ਤੋਂ ਮੌਡਰਨਾ ਵੈਕਸੀਨ ਪੱਛਮੀ ਦੇਸ਼ਾਂ ਵਿਚ ਲਗਾਈ ਜਾ ਰਹੀ ਹੈ। ਇਹ ਕੋਰੋਨਾ ਮਹਾਮਾਰੀ ਨੂੰ ਰੋਕਣ 'ਚ ਕਾਫੀ ਕਾਮਯਾਬ ਵੀ ਰਹੀ। ਹੁਣ ਭਾਰਤ 'ਚ ਇਸ ਵੈਕਸੀਨ ਦੇ ਆਉਣ ਤੋਂ ਟੀਕਾਕਰਨ ਨੂੰ ਹੋਰ ਰਫ਼ਤਾਰ ਮਿਲੇਗੀ। ਫਿਲਹਾਲ ਇਸ ਵੈਕਸੀਨ ਦੀ ਦਰਾਮਦ ਦੀ ਹੀ ਇਜਾਜ਼ਤ ਮਿਲੀ ਹੈ, ਪਰ ਮੰਨਿਆ ਜਾ ਰਿਹਾ ਹੈਕਿ ਜਲਦ ਹੀ ਇਸ ਦਾ ਦੇਸ਼ ਵਿਚ ਵੀ ਉਤਪਾਦਨ ਸ਼ੁਰੂ ਹੋ ਸਕੇਗਾ।

Posted By: Seema Anand