ਸਟੇਟ ਬਿਊਰੋ, ਸ੍ਰੀਨਗਰ : ਬਲਾਕ ਵਿਕਾਸ ਕੌਂਸਲਾਂ (BDC) ਦੇ ਗਠਨ ਲਈ ਨਾਮਜ਼ਦਗੀ ਪ੍ਰਕਿਰਿਆ ਨੇਪਰੇ ਚੜ੍ਹਨ ਦੇ ਨਾਲ ਹੀ ਸੂਬਾਈ ਪ੍ਰਸ਼ਾਸਨ ਨੇ ਇਹਤਿਆਤ ਵਜੋਂ ਹਿਰਾਸਤ 'ਚ ਲਏ ਸਿਆਸੀ ਲੋਕਾਂ ਦੀ ਰਿਹਾਈ ਸ਼ੁਰੂ ਕਰ ਦਿੱਤੀ ਹੈ। ਕਾਂਗਰਸ, ਪੀਡੀਪੀ ਤੇ ਨੈਸ਼ਨਲ ਕਾਨਫਰੰਸ ਦੇ ਤਿੰਨ ਸੀਨੀਅਰ ਨੇਤਾਵਾਂ ਨੂੰ ਵੀਰਵਾਰ ਨੂੰ ਸ਼ਰਤਾਂ 'ਤੇ ਰਿਹਾਅ ਕੀਤਾ ਗਿਆ। ਅਗਲੇ ਇਕ ਹਫਤੇ 'ਚ ਸੱਤ ਹੋਰ ਨੇਤਾਵਾਂ ਨੂੰ ਰਿਹਾਅ ਕੀਤਾ ਜਾਵੇਗਾ।

ਯਾਦ ਰਹੇ ਕਿ ਹਾਲਾਤ 'ਚ ਸੁਧਾਰ ਦੇ ਨਾਲ ਹੀ ਹਾਲੇ ਤੱਕ ਚਾਰ ਦਰਜਨ ਨੇਤਾ ਰਿਹਾਅ ਹੋ ਚੁੱਕੇ ਹਨ। ਵੀਰਵਾਰ ਸਵੇਰੇ ਰਿਹਾਅ ਕੀਤੇ ਗਏ ਨੇਤਾਵਾਂ 'ਚ ਕਾਂਗਰਸੀ ਨੇਤਾ ਤੇ ਸਾਬਕਾ ਵਿਧਾਇਕ ਸ਼ੋਏਬ ਲੋਨ, ਪੀਡੀਪੀ ਦੇ ਸਾਬਕਾ ਵਿਧਾਇਕ ਯਾਵਰ ਮੀਰ ਤੇ ਨੈਸ਼ਨਲ ਕਾਨਫਰੰਸ ਦੇ ਸੀਨੀਅਰ ਨੇਤਾ ਨੂਰ ਮੁਹੰਮਦ ਸ਼ਾਮਲ ਹਨ।

ਯਾਵਰ ਮੀਰ ਦੇ ਪਿਤਾ ਦਿਲਾਵਰ ਮੀਰ ਸਾਬਕਾ ਮੰਤਰੀ ਹਨ। ਸ਼ੋਏਬ ਲੋਨ ਉੱਤਰੀ ਕਸ਼ਮੀਰ 'ਚ ਸੰਗ੍ਰਾਮਾ ਤੋਂ ਵਿਧਾਇਕ ਰਹਿ ਚੁੱਕੇ ਹਨ। ਤਿੰਨੇ ਡੱਲ ਝੀਲ ਕੰਢੇ ਸ਼ੇਰ-ਏ-ਕਸ਼ਮੀਰ ਇੰਟਰਨੈਸ਼ਨਲ ਕਨਵੈਂਸ਼ਨ ਸੈਂਟਰ (SKICC) ਕੰਪਲੈਕਸ 'ਚ ਸਥਿਤ ਸੈਂਟੂਰ ਹੋਟਲ 'ਚ ਰੱਖੇ ਗਏ ਸਨ। ਤਿੰਨਾਂ ਨੇ ਬਾਂਡ ਭਰਿਆ ਹੈ ਕਿ ਉਹ ਕੋਈ ਅਜਿਹੀ ਸਰਗਰਮੀ ਨਹੀਂ ਕਰਨਗੇ ਜਿਸ ਨਾਲ ਅਮਨ ਤੇ ਕਾਨੂੰਨ ਦੀ ਹਾਲਤ ਵਿਗੜੇ। ਸੈਂਟੂਰ ਨੂੰ ਸੂਬਾਈ ਪ੍ਰਸ਼ਾਸਨ ਨੇ ਅਗਸਤ 'ਚ ਪੂਰਕ ਜੇਲ੍ਹ ਦਾ ਦਰਜਾ ਦਿੱਤਾ ਸੀ। ਸੈਂਟੂਰ 'ਚ 30 ਸਿਆਸੀ ਨੇਤਾ ਬੰਦ ਹਨ।

ਰਿਹਾਅ ਹੋਣ ਵਾਲਿਆਂ 'ਚ ਸ੍ਰੀਨਗਰ ਦੇ ਮੇਅਰ ਵੀ

ਗ੍ਰਹਿ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਅਗਲੇ ਇਕ ਹਫ਼ਤੇ ਦੌਰਾਨ ਸੱਤ ਹੋਰ ਨੇਤਾਵਾਂ ਨੂੰ ਰਿਹਾਅ ਕੀਤਾ ਜਾ ਸਕਦਾ ਹੈ। ਇਨ੍ਹਾਂ 'ਚ ਪੀਪਲਜ਼ ਕਾਨਫਰੰਸ ਦੇ ਦੋ ਸੀਨੀਅਰ ਨੇਤਾ ਜੁਨੈਦ ਅਜ਼ੀਮ ਮੱਟੂ ਤੇ ਸ਼ੇਖ ਇਮਰਾਨ ਦੇ ਇਲਾਵਾ ਨੈਸ਼ਨਲ ਕਾਨਫਰੰਸ ਦੇ ਸਾਬਕਾ ਵਿਧਾਇਕ ਸ਼ੇਖ ਇਸ਼ਫਾਕ ਜੱਬਾਰ ਸ਼ਾਮਲ ਹਨ। ਸ਼ੇਖ ਸਾਬਕਾ ਵਿਧਾਇਕ ਸਈਦ ਅਹਿਮਦ ਅਖੂਨ ਦੇ ਜਵਾਈ ਹਨ।