ਜੇਐੱਨਐੱਨ, ਰੋਹਤਕ : ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੰਜਾਬ ਦੇ ਫਰੀਦਕੋਟ ਵਿਚ ਬੇਅਦਬੀ ਵਿਚ ਪ੍ਰੋਡਕਸ਼ਨ ਵਾਰੰਟ ’ਤੇ ਭੇਜਣ ਦੀ ਤਿਆਰੀ ਚੱਲ ਰਹੀ ਹੈ। ਪੰਜਾਬ ਪੁਲਿਸ ਦੀ ਐੱਸਆਈਟੀ ਨੇ ਡੇਰਾ ਮੁਖੀ ਤੋਂ ਪੁੱਛਗਿੱਛ ਲਈ ਅਦਾਲਤ ਤੋਂ ਪ੍ਰੋਡਕਸ਼ਨ ਵਾਰੰਟ ਹਾਸਲ ਕੀਤਾ ਸੀ। ਰੋਹਤਕ ਪੁਲਿਸ ਨੇ ਸੁਰੱਖਿਆ ਇੰਤਜ਼ਾਮਾਂ ਨੂੰ ਲੈ ਕੇ ਸਮੀਖਿਆ ਕਰਨੀ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਉਸ ਨੂੰ ਭੇਜਣ ਵਿਚ ਕਿਸੇ ਤਰ੍ਹਾਂ ਦਾ ਜ਼ੋਖ਼ਮ ਨਾ ਰਹੇ।

ਪੰਜਾਬ ਪੁਲਿਸ ਵੱਲੋਂ ਡੇਰੀ ਮੁਖੀ ਦੇ ਪ੍ਰੋਡਕਸ਼ਨ ਵਾਰੰਟ ਦੇ ਆਧਾਰ ’ਤੇ ਸੁਨਾਰੀਆ ਜੇਲ੍ਹ ਪ੍ਰਸ਼ਾਸਨ ਤੋਂ ਮਨਜ਼ੂਰੀ ਹਾਸਲ ਕਰਨ ਲਈ ਸੰਪਰਕ ਕੀਤਾ ਗਿਆ। ਜੇਲ੍ਹ ਪ੍ਰਸ਼ਾਸਨ ਨੇ ਪੁਲਿਸ ਸੁਪਰਡੈਂਟ ਰੋਹਤਕ ਨੂੰ ਸੁਰੱਖਿਆ ਇੰਤਜ਼ਾਮ ਨੂੰ ਲੈ ਕੇ ਚਿੱਠੀ ਲਿਖੀ ਹੈ। ਜ਼ਿਲ੍ਹਾ ਪੁਲਸਿ ਨੇ ਸੁਰੱਖਿਆ ਨੂੰ ਲੈ ਕੇ ਉੱਚ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕੀਤਾ। ਹਾਲੇ ਡੇਰਾ ਮੁਖੀ ਨੂੰ ਫਰੀਦਕੋਟ ਭੇਜਣ ਲਈ ਅੰਤਿਮ ਫੈਸਲਾ ਪੁਲਿਸ ਪ੍ਰਸ਼ਾਸਨ ਵੱਲੋਂ ਨਹੀਂ ਲਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਫਰੀਦਕੋਟ ਦੇ ਬਰਗਾਡ਼ੀ ਵਿਚ 2015 ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿਚ ਡੇਰਾ ਮੁਖੀ ਵੀ ਮੁਲਜ਼ਮ ਹੈ। ਇਸ ਮਾਮਲੇ ਦੀ ਜਾਂਚ ਕਰ ਰਹੀ ਐੱਸਆਈਟੀ ਨੇ ਮੁਲਜ਼ਮ ਤੋਂ ਪੁੱਛਗਿੱਛ ਲਈ ਪ੍ਰੋਡਕਸ਼ਨ ਵਾਰੰਟ ਹਾਸਲ ਕੀਤਾ ਹੈ। ਇਸ ਸਮੇਂ ਡੇਰਾ ਮੁਖੀ ਸਾਧਵੀ ਜਿਨਸੀ ਸ਼ੋਸ਼ਣ, ਪੱਤਰਕਾਰ ਰਾਮ ਚੰਦਰ ਛਤਰਪਤੀ ਤੇ ਸਾਬਕਾ ਡੇਰਾ ਮੁਖੀ ਦੇ ਕਤਲ ਵਿਚ ਸੁਨਾਰੀਆ ਜੇਲ੍ਹ ਵਿਚ ਸਜ਼ਾ ਭੁਗਤ ਰਿਹਾ ਹੈ।

ਡੇਰਾ ਮੁਖੀ ਨੂੰ ਫਰੀਦਕੋਟ ਵਿਚ ਅਦਾਲਤ ਦੇ ਪ੍ਰੋਡਕਸ਼ਨ ਵਾਰੰਟ ਦੇ ਆਧਾਰ ’ਤੇ ਭੇਜਣ ਨੂੰ ਲੈ ਕੇ ਸੁਰੱਖਿਆ ਇੰਤਜ਼ਾਮਾਂ ਬਾਰੇ ਵਿਚਾਰਾਂ ਕੀਤੀਆਂ ਜਾ ਰਹੀਆਂ ਹਨ। ਸੁੱਰਖਿਆ ਦੀ ਸਮੀਖਿਆ ਕਰਨ ਦੇ ਬਾਅਦ ਇਸ ’ਤੇ ਆਖਰੀ ਫੈਸਲਾ ਕੀਤਾ ਜਾਵੇਗਾ।

ਉਦੇ ਸਿੰਘ ਮੀਣਾ, ਪੁਲਿਸ ਸੁਪਰਡੈਂਟ, ਰੋਹਤਕ।

Posted By: Tejinder Thind