ਜੇਐੱਨਐੱਨ, ਪੰਚਕੂਲਾ : ਸਾਧਵੀ ਜਿਨਸੀ ਸ਼ੋਸ਼ਣ ਕੇਸ ਤੇ ਪੱਤਰਕਾਰ ਰਾਮ ਚੰਦਰ ਛੱਤਰਪਤੀ ਦੇ ਕਤਲ ਦੇ ਮੁਲਜ਼ਮ ਡੇਰਾ ਸੱਚਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ ਸਹਿਯੋਗੀ ਤੇ ਸਾਬਕਾ ਡੇਰਾ ਪ੍ਰੇਮੀ ਰਣਜੀਤ ਸਿੰਘ ਕਤਲ ਕੇਸ 'ਚ ਸਹਿ ਮੁਲਜ਼ਮ ਕ੍ਰਿਸ਼ਨ ਲਾਲ ਨੇ ਵਿਸ਼ੇਸ਼ ਸੀਬੀਆਈ ਅਦਾਲਤ 'ਚ ਪਟੀਸ਼ਨ ਦਿੱਤੀ ਹੈ। ਇਸ ਜ਼ਰੀਏ ਕਿਹਾ ਗਿਆ ਹੈ ਕਿ ਰਣਜੀਤ ਸਿੰਘ ਕਤਲ ਮਾਮਲੇ 'ਚ ਉਹ ਵਿਸ਼ੇਸ਼ ਜੱਜ ਜਗਦੀਪ ਸਿੰਘ ਤੋਂ ਸੁਣਵਾਈ ਨਹੀਂ ਕਰਵਾਉਣਾ ਚਾਹੁੰਦੇ। ਸ਼ਨਿਚਰਵਾਰ ਦਾਇਰ ਪਟੀਸ਼ਨ 'ਚ ਬਚਾਅ ਪੱਖ ਨੇ ਕਿਹਾ ਕਿ ਗੁਰਮੀਤ ਰਾਮ ਰਹੀਮ ਖ਼ਿਲਾਫ਼ ਪਹਿਲਾਂ ਹੀ ਦੋ ਮਾਮਲਿਆਂ 'ਚ ਵਿਸ਼ੇਸ਼ ਜੱਜ ਜਗਦੀਪ ਸਿੰਘ ਸਜ਼ਾ ਸੁਣਾ ਚੁੱਕੇ ਹਨ, ਇਸ ਲਈ ਤੀਜੇ ਮਾਮਲੇ 'ਚ ਉਹ ਕਿਸੇ ਹੋਰ ਜੱਜ ਤੋਂ ਸੁਣਵਾਈ ਕਰਵਾਉਣਾ ਚਾਹੁੰਦੇ ਹਨ।

ਕਿਹਾ ਹੈ ਕਿ ਵਿਸ਼ੇਸ਼ ਜੱਜ ਜਗਦੀਪ ਸਿੰਘ 'ਤੇ ਉਨ੍ਹਾਂ ਨੂੰ ਬਿਲਕੁਲ ਵੀ ਵਿਸ਼ਵਾਸ ਨਹੀਂ ਹੈ। ਉਨ੍ਹਾਂ ਨੂੰ ਅਜਿਹਾ ਲੱਗਦਾ ਹੈ ਕਿ ਇਸ ਵਾਰ ਵੀ ਉਨ੍ਹਾਂ ਖ਼ਿਲਾਫ਼ ਹੀ ਫ਼ੈਸਲਾ ਦੇਣਗੇ। ਓਧਰ, ਇਸ ਮਾਮਲੇ 'ਚ ਸੀਬੀਆਈ ਨੇ ਵੀ ਆਪਣਾ ਜਵਾਬ ਦਾਖ਼ਲ ਕਰ ਦਿੱਤਾ ਹੈ। ਸੀਬੀਆਈ ਨੇ ਆਪਣੇ ਜਵਾਬ 'ਚ ਪਟੀਸ਼ਨ 'ਚ ਕਹੀਆਂ ਗਈਆਂ ਗੱਲਾਂ ਨੂੰ ਝੂਠਾ ਕਰਾਰ ਦਿੱਤਾ ਹੈ। ਸੀਬੀਆਈ ਵੱਲੋਂ ਮਾਮਲੇ 'ਚ ਜਾਣਬੁੱਝ ਕੇ ਦੇਰੀ ਕਰਵਾਉਣ ਦੀ ਗੱਲ ਕਹੀ ਗਈ ਹੈ।

ਵੀਸੀ ਰਾਹੀਂ ਹੋਈ ਡੇਰਾ ਮੁਖੀ ਦੀ ਪੇਸ਼ੀ

ਇਸ ਵਿਚਾਲੇ ਸ਼ਨਿਚਰਵਾਰ ਨੂੰ ਡੇਰਾ ਪ੍ਰਬੰਧਕ ਰਣਜੀਤ ਕਤਲ ਮਾਮਲੇ 'ਚ ਪੰਚਕੂਲਾ ਸਥਿਤ ਵਿਸ਼ੇਸ਼ ਸੀਬੀਆਈ ਅਦਾਲਤ 'ਚ ਸੁਣਵਾਈ ਹੋਈ। ਇਸ ਦੌਰਾਨ ਗੁਰਮੀਤ ਰਾਮ ਰਹੀਮ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਏ। ਬਾਕੀ ਮੁਲਜ਼ਮ ਪ੍ਰਤੱਖ ਰੂਪ 'ਚ ਅਦਾਲਤ 'ਚ ਪੇਸ਼ ਹੋਏ। ਸੁਣਵਾਈ 'ਚ ਆਖ਼ਰੀ ਬਹਿਸ ਸ਼ੁਰੂ ਹੋਣੀ ਸੀ, ਜੋ ਨਹੀਂ ਹੋ ਸਕੀ। ਸ਼ਨਿਚਰਵਾਰ ਦੀ ਸੁਣਵਾਈ 'ਚ ਬਚਾਅ ਪੱਖ ਨੇ ਵਿਸ਼ੇਸ਼ ਸੀਬੀਆਈ ਅਦਾਲਤ 'ਚ ਇਕ ਪਟੀਸ਼ਨ ਲਾਈ। ਪਟੀਸ਼ਨ ਲਾ ਕੇ ਬਚਾਅ ਪੱਖ ਨੇ ਸੀਬੀਆਈ ਕੋਰਟ ਤੋਂ ਮੰਗ ਕੀਤੀ ਕਿ ਉਹ ਇਸ ਮਾਮਲੇ ਦੀ ਸੁਣਵਾਈ ਸੀਬੀਆਈ ਅਦਾਲਤ 'ਚ ਨਹੀਂ ਕਰਵਾਉਣਾ ਚਾਹੁੰਦੇ। ਬਲਕਿ ਕਿਸੇ ਹੋਰ ਅਦਾਲਤ 'ਚ ਕਰਵਾਉਣਾ ਚਾਹੁੰਦੇ ਹਨ। ਬਚਾਅ ਪੱਖ ਵੱਲੋਂ ਲਾਈ ਗਈ ਪਟੀਸ਼ਨ 'ਤੇ ਸੀਬੀਆਈ ਵਿਸ਼ੇਸ਼ ਅਦਾਲਤ ਨੇ ਸੀਬੀਆਈ ਤੋਂ ਜਵਾਬ ਮੰਗਿਆ ਹੈ। ਮਾਮਲੇ ਦੀ ਅਗਵਾਈ ਸੁਣਵਾਈ ਹੁਣ 10 ਦਸੰਬਰ ਨੂੰ ਹੋਵੇਗੀ। ਸੀਬੀਆਈ ਦੇ ਵਕੀਲ ਐੱਚਪੀਐੱਸ ਵਰਮਾ ਨੇ ਕਿਹਾ ਕਿ ਇਕ ਮੁਲਜ਼ਮ ਕ੍ਰਿਸ਼ਨ ਲਾਲ ਵੱਲੋਂ ਪਟੀਸ਼ਨ ਲਾਈ ਗਈ ਸੀ, ਜਿਸ 'ਚ ਉਨ੍ਹਾਂ ਨੇ ਸੀਬੀਆਈ ਦੇ ਵਿਸ਼ੇਸ਼ ਜੱਜ ਜਗਦੀਪ ਸਿੰਘ ਨੂੰ ਰਣਜੀਤ ਕਤਲ ਕੇਸ 'ਚ ਬਦਲਣ ਲਈ ਕਿਹਾ ਸੀ, ਜਿਸ 'ਤੇ ਸੀਬੀਆਈ ਨੇ ਜਵਾਬ ਦਿੰਦਿਆਂ ਪਟੀਸ਼ਨ 'ਚ ਕਹੀਆਂ ਗੱਲਾਂ ਨੂੰ ਸਿਰੇ ਤੋਂ ਨਕਾਰ ਦਿੱਤਾ।