ਜੇਐੱਨਐੱਨ, ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐੱਸਜੀਪੀਸੀ) ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਜੰਮੂ-ਕਸ਼ਮੀਰ ਲੋਕ ਸੇਵਾ ਕਮਿਸ਼ਨ 'ਚ ਸਿੱਖਾਂ ਨੂੰ ਸਹੀ ਨੁਮਾਇੰਦਗੀ ਦੇਣ ਦੀ ਮੰਗ ਕੀਤੀ ਹੈ। ਡੀਐੱਸਜੀਪੀਸੀ ਮੁਖੀ ਮਨਜਿੰਦਰ ਸਿੰਘ ਸਿਰਸਾ ਦਾ ਕਹਿਣਾ ਹੈ ਕਿ ਕਮਿਸ਼ਨ 'ਚ ਇਕ ਵੀ ਸਿੱਖ ਨਹੀਂ ਹੈ, ਜਿਸ ਨਾਲ ਲੋਕਾਂ 'ਚ ਰੋਹ ਹੈ।

ਪਾਕਿਸਤਾਨ ਤੋਂ ਆ ਕੇ ਦਿੱਲੀ 'ਚ ਰਹਿ ਰਹੇ ਹਿੰਦੂ ਸ਼ਰਨਾਰਥੀਆਂ ਦਾ ਇਕ ਵਫ਼ਦ ਸ਼ਨਿਚਰਵਾਰ ਨੂੰ ਸਿਰਸਾ ਨਾਲ ਗ੍ਰਹਿ ਮੰਤਰੀ ਨੂੰ ਮਿਲਿਆ ਸੀ। ਇਨ੍ਹਾਂ ਨੂੰ ਛੇਤੀ ਭਾਰਤ ਦੀ ਨਾਗਰਿਕਤਾ ਦੇਣ ਦੀ ਮੰਗ ਕੀਤੀ ਗਈ ਸੀ। ਉਸੇ ਦੌਰਾਨ ਜੰਮੂ-ਕਸ਼ਮੀਰ 'ਚ ਸਿੱਖਾਂ ਦੀ ਸਮੱਸਿਆ ਹੱਲ ਕਰਨ ਦੀ ਮੰਗ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ 'ਚ ਰੁਜ਼ਗਾਰ, ਰਾਖਵਾਂਕਰਨ ਤੇ ਹੋ ਸਹੂਲਤਾਂ ਦੇ ਘੱਟ ਗਿਣਤੀਆਂ ਦਾ ਦਰਜਾ ਦੇਣ 'ਚ ਸਿੱਖਾਂ ਨਾਲ ਵਿਤਕਰਾ ਹੁੰਦਾ ਰਿਹਾ ਹੈ। ਸਿੱਖਾਂ ਨੇ ਵਾਦੀ 'ਚ ਅੱਤਵਾਦੀਆਂ ਨਾਲ ਡਟ ਕੇ ਮੁਕਾਬਲਾ ਕੀਤਾ ਹੈ। ਉਨ੍ਹਾਂ ਉੱਥੋਂ ਹਿਜਰਤ ਨਹੀਂ ਕੀਤੀ। ਫਿਰ ਵੀ ਉਨ੍ਹਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਜੰਮੂ-ਕਸ਼ਮੀਰ ਲੋਕ ਸੇਵਾ ਕਮਿਸ਼ਨ 'ਚ ਸਿੱਖ ਭਾਈਚਾਰੇ ਦੇ ਇਕ ਮੈਂਬਰ ਨੂੰ ਨਾਮਜ਼ਦ ਕੀਤਾ ਜਾਂਦਾ ਰਿਹਾ ਹੈ।

ਇਸ ਰਵਾਇਤ ਨੂੰ ਨਕਾਰਦਿਆਂ ਉੱਥੋਂ ਦੇ ਰਾਜਪਾਲ ਵੱਲੋਂ 24 ਜੂਨ ਨੂੰ ਜਾਰੀ ਨੋਟੀਫਿਕੇਸ਼ਨ 'ਚ ਇਕ ਵੀ ਸਿੱਖ ਨੂੰ ਮੈਂਬਰ ਨਹੀਂ ਬਣਾਇਆ ਗਿਆ। ਉਨ੍ਹਾਂ ਨੇ ਕਮਿਸ਼ਨ ਸਮੇਤ ਸਾਰੀਆਂ ਸੰਵਿਧਾਨਕ ਸੰਸਥਾਵਾਂ 'ਚ ਸਿੱਖਾਂ ਨੂੰ ਸਹੀ ਨੁਮਾਇੰਦਗੀ ਦੇਣ ਦੀ ਮੰਗ ਕੀਤੀ।