ਜੇਐੱਨਐੱਨ, ਨਵੀਂ ਦਿੱਲੀ : ਦੰਗਾਕਾਰੀਆਂ ਦੀ ਦਹਿਸ਼ਤ ਕਾਰਨ ਸਾਲਾਂ ਦੀ ਮਿਹਨਤ ਨਾਲ ਬਣਾਏ ਗਏ ਆਸ਼ਿਆਨੇ ਤੇ ਦੁਕਾਨਾਂ ਸੜ ਰਹੀਆਂ ਸਨ ਤੇ ਪੁਲਿਸ ਬੇਵੱਸ ਨਜ਼ਰ ਆ ਰਹੀ ਸੀ। ਕਿਤੇ ਮੋਟਰਸਾਈਕਲ ਸੜ ਰਹੇ ਸਨ ਤੇ ਕਿਤੇ ਕਾਰਾਂ ਤੇ ਸ਼ੋਅਰੂਮ ਅੱਗ ਦੀ ਲਪਟਾਂ ਤੇ ਧੂੰਏਂ ਦੇ ਗੁਬਾਰ 'ਚ ਘਿਰੇ ਹੋਏ ਦਿਸ ਰਹੇ ਸਨ। ਇਹ ਮੰਜ਼ਰ ਮੰਗਲਵਾਰ ਨੂੰ ਉੱਤਰੀ-ਪੂਰਬੀ ਜ਼ਿਲ੍ਹੇ ਦੇ ਕਈ ਇਲਾਕਿਆਂ ਦਾ ਸੀ। ਹਾਲਾਂਕਿ ਹਿੰਸਾ ਦੇ ਤੀਸਰੇ ਦਿਨ ਪੁਲਿਸ ਕਮਿਸ਼ਨਰ ਇਲਾਕੇ 'ਚ ਪੁਲਿਸ ਮੁਲਾਜ਼ਮਾਂ ਤੇ ਪੈਰਾ ਮਿਲਟਰੀ ਦੀ ਗਿਣਤੀ ਵਧਾਉਣ ਦੇ ਨਾਲ ਹੀ ਹਾਲਾਤ ਕਾਬੂ ਹੇਠ ਹੋਣ ਦਾ ਦਾਅਵਾ ਕਰ ਰਹੇ ਸਨ। ਰਾਜਧਾਨੀ 'ਚ ਤਬਾਹੀ ਦਾ ਅਜਿਹਾ ਮੰਜ਼ਰ 1984 ਤੇ 1992 ਤੋਂ ਬਾਅਦ ਤੀਸਰੀ ਵਾਰ ਦੇਖਣ ਨੂੰ ਮਿਲ ਰਿਹਾ ਹੈ।

ਦਿੱਲੀ ਝੁਲਸ ਰਹੀ ਹੈ ਤੇ ਨੇਤਾ ਟਵੀਟ ਕਰ ਕੇ ਲੋਕਾਂ ਨੂੰ ਦਿੱਲੀ 'ਚ ਜਲਦ ਹੀ ਸ਼ਾਂਤੀ ਬਹਾਲੀ ਦਾ ਦਿਲਾਸਾ ਦੇ ਰਹੇ ਹਨ। ਹਾਲਾਤ ਉੱਪਰ ਜਲਦ ਕਾਬੂ ਪਾਉਣ ਲਈ ਮੰਗਲਵਾਰ ਨੂੰ ਗ੍ਰਹਿ ਮੰਤਰਾਲੇ 'ਚ ਉੱਚ ਪੱਧਰੀ ਬੈਠਕ ਵੀ ਹੋਈ। ਇਸ ਵਿਚ ਪੁਲਿਸ ਕਮਿਸ਼ਨਰ ਤੇ ਉਪ ਰਾਜਪਾਲ ਆਦਿ ਅਧਿਕਾਰੀ ਸ਼ਾਮਲ ਹੋਏ। ਦਿੱਲੀ ਦੇ ਲੋਕਾਂ ਨੂੰ ਉਮੀਦ ਸੀ ਕਿ ਬੈਠਕ ਤੋਂ ਬਾਅਦ ਕੋਈ ਠੇਸ ਫੈਸਲਾ ਲਿਆ ਜਾਵੇਗਾ ਜਿਸ ਨਾਲ ਸੁਲਗਦੀ ਦਿੱਲੀ 'ਚ ਸ਼ਾਂਤੀ ਬਹਾਲੀ ਸੰਭਵ ਹੋ ਸਕੇਗੀ, ਪਰ ਨਤੀਜਾ ਕੁਝ ਨਹੀਂ ਨਿਕਲਿਆ। ਉੱਤਰੀ-ਪੂਰਬੀ ਜ਼ਿਲ੍ਹੇ ਦੇ ਲੋਕ ਜਾਨ-ਮਾਲ ਦੀ ਸੁਰੱਖਿਆ ਨੂੰ ਲੈ ਕੇ ਬੇਹੱਦ ਡਰੇ-ਸਹਿਮੇ ਨਜ਼ਰ ਆਏ। ਪਿਛਲੀਆਂ ਤਿੰਨ ਰਾਤਾਂ ਤੋਂ ਉਹ ਸੁੱਤੇ ਨਹੀਂ ਤੇ ਛੱਤਾਂ ਜਾਂ ਬਾਲਕੋਨੀਆਂ 'ਚ ਟਹਿਲ ਕੇ ਆਸ਼ਿਆਨੇ ਦੀ ਸੁਰੱਖਿਆ 'ਚ ਜੁਟੇ ਹੋਏ ਹਨ। ਦਰਜਨਾਂ ਪਰਿਵਾਰ ਆਪਣੇ ਘਰਾਂ ਨੂੰ ਤਾਲ ਜੜ ਕੇ ਰਿਸ਼ਤਾਦਾਰਾਂ ਘਰ ਚਲੇ ਗਏ ਹਨ।

ਇਸ ਘਟਨਾ ਨੇ ਯਮੁਨਾਪਾਰ ਰਹਿਣ ਵਾਲੇ ਲੋਕਾਂ ਦੀਆਂ 1984 ਤੇ 1992 'ਚ ਹੋਏ ਫ਼ਿਰਕੂ ਹਿੰਸਾ ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ। ਉਸ ਵੇਲੇ ਵੀ ਯਮੁਨਾਪਾਰ ਹੀ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਸੀ। 84 'ਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਸਿੱਖ ਬਹੁਤਾਤ ਵਾਲੇ ਇਲਾਕਿਆਂ 'ਚ ਜ਼ਬਰਦਸਤ ਦੰਗੇ ਹੋਏ ਸਨ। ਇਸ ਵਿਚ ਵੱਡੀ ਗਿਣਤੀ ਲੋਕਾਂ ਦੀ ਜਾਨ ਗਈ ਸੀ। ਉੱਥੇ ਹੀ 1992 'ਚ ਅਯੁੱਧਿਆ 'ਚ ਵਿਵਾਦਤ ਢਾਂਚਾ ਢਾਹੇ ਜਾਣ ਤੋਂ ਬਾਅਦ ਫ਼ਿਰਕੂ ਹਿੰਸਾ ਭੜਕੀ ਸੀ। ਉਸ ਵੇਲੇ ਤੱਤਕਾਲੀ ਡੀਸੀਪੀ ਦੀਪਕ ਮਿਸ਼ਰਾ ਨੇ ਸਖ਼ਤ ਕਾਰਵਾਈ ਕਰਦੇ ਹੋਏ ਦੰਗੇ 'ਤੇ ਕਾਬੂ ਪਾ ਲਿਆ ਸੀ। ਉੱਥੇ ਹੀ ਇਸ ਵਾਰ ਜਿਸ ਤਰ੍ਹਾਂ ਸਰੇਆਮ ਦੰਗਾਈ ਪੁਲਿਸ ਦੀ ਮੌਜੂਦਗੀ 'ਚ ਤਿੰਨ ਦਿਨਾਂ ਤੋਂ ਨਾਜਾਇਜ਼ ਹਥਿਆਰ ਲਹਿਰਾ ਕੇ ਗੋਲੀਬਾਰੀ ਤੇ ਹੰਗਾਮੇ ਕਰ ਰਹੇ ਹਨ। ਉਸ ਨਾਲ ਦਿੱਲੀ 'ਚ ਕਾਨੂੰਨ ਵਿਵਸਥਾ ਕਾਇਮ ਕਰਨ ਲਈ ਪੁਲਿਸ ਦੇ ਰਵੱਈਏ 'ਤੇ ਸਵਾਲ ਉੱਠ ਰਹੇ ਹਨ।

ਹੁਣ ਤਕ 20 ਲੋਕਾਂ ਦੀ ਮੌਤ, 200 ਤੋਂ ਜ਼ਿਆਦਾ ਜ਼ਖ਼ਮੀ

ਸੋਮਵਾਰ ਨੂੰ ਸ਼ੁਰੂ ਹੋਈ ਹਿੰਸਾ 'ਚ ਹੁਣ ਤਕ 20 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। ਪੂਰਬੀ-ਦਿੱਲੀ ਸਥਿਤ ਗੁਰੂ ਤੇਗ ਬਹਾਦੁਰ ਹਸਪਤਾਲ (Guru Teg Bahadur Hospital) ਦੇ ਅਧਿਕਾਰੀਆਂ ਮੁਤਾਬਿਕ ਬੁੱਧਵਾਰ ਸਵੇਰੇ ਪੰਜ ਹੋਰ ਲੋਕਾਂ ਦੀ ਮੌਤ ਹੋ ਗਈ। ਅਜਿਹੇ ਵਿਚ ਹਿੰਸਾ 'ਚ ਹੁਣ ਤਕ ਕੁੱਲ 20 ਲੋਕਾਂ ਦੀ ਜਾਨ ਜਾ ਚੁੱਕੀ ਹੈ। ਉੱਥੇ ਹੀ 200 ਤੋਂ ਜ਼ਿਆਦਾ ਲੋਕ ਜ਼ਖ਼ਮੀ ਹਨ ਜਿਨ੍ਹਾਂ ਦਾ ਵੱਖ-ਵੱਖ ਹਸਪਤਾਲਾਂ 'ਚ ਇਲਾਜ ਚੱਲ ਰਿਹਾ ਹੈ।

Posted By: Seema Anand