ਜੇਐੱਨਐੱਨ, ਨਵੀਂ ਦਿੱਲੀ : ਇੰਸਟਾਗ੍ਰਾਮ 'ਤੇ 'ਬੁਆਇਜ਼ ਲੌਕਰ ਰੂਮ' 'ਤੇ ਅਸ਼ਲੀਲ ਚੈਟ ਦਾ ਮਾਮਲਾ ਸਾਹਮਣੇ ਆਉਣ 'ਤੇ ਦਿੱਲੀ ਪੁਲਿਸ ਦੇ ਸਾਈਬਰ ਕ੍ਰਾਈਮ ਸੈੱਲ ਨੇ ਖ਼ੁਦ ਨੋਟਿਸ ਲੈਂਦਿਆਂ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੋਸ਼ਲ ਮੀਡੀਆ ਰਿਪੋਰਟਸ ਦੇ ਆਧਾਰ 'ਤੇ ਇਹ ਮਾਮਲਾ ਦਰਜ ਕੀਤਾ ਗਿਆ ਹੈ।

ਬੁਆਇਜ਼ ਲੌਕਰ ਰੂਮ 'ਤੇ ਕੁਝ ਵਿਦਿਆਰਥੀ ਅਸ਼ਲੀਲ ਮੈਸੇਜਿਜ਼ ਜ਼ਰੀਏ ਲੜਕੀਆਂ ਦੀ ਜ਼ਿੰਦਗੀ ਖ਼ਰਾਬ ਕਰਨ ਤੋਂ ਲੈ ਕੇ ਜਬਰ ਜਨਾਹ ਕਰਨ ਤਕ ਦੀਆਂ ਗੱਲਾਂ ਕਰ ਰਹੇ ਹਨ। ਪਹਿਲੀ ਨਜ਼ਰ 'ਚ ਅਜਿਹੇ ਵਿਦਿਆਰਥੀਆਂ ਦੇ ਮੈਸੇਜ ਜਬਰ ਜਨਾਹ ਦੀ ਮਾਨਸਿਕਤਾ ਨੂੰ ਸਪੱਸ਼ਟ ਕਰ ਰਹੇ ਹਨ। ਇਸ ਬਾਰੇ ਦਿੱਲੀ ਮਹਿਲਾ ਕਮਿਸ਼ਨ ਨੇ ਵੀ ਮਾਮਲੇ ਦੇ ਸਾਹਮਣੇ ਆਉਣ 'ਤੇ ਇੰਸਟਾਗ੍ਰਾਮ ਸਮੇਤ ਦਿੱਲੀ ਪੁਲਿਸ ਨੂੰ ਵੀ ਨੋਟਿਸ ਜਾਰੀ ਕਰ ਦਿੱਤਾ ਹੈ। ਇੰਸਟਾਗ੍ਰਾਮ ਨੂੰ ਕੁਝ ਡਿਟੇਲ 8 ਮਈ ਤਕ ਮੁਹੱਈਆ ਕਰਵਾਉਣ ਦਾ ਹੁਕਮ ਵੀ ਦਿੱਤਾ ਗਿਆ ਹੈ, ਉੱਥੇ ਹੀ ਪੁਲਿਸ ਨੂੰ ਸਖ਼ਤ ਕਾਰਵਾਈ ਕਰਨ ਦੀ ਗੱਲ ਕਹਿੰਦਿਆਂ ਮਾਮਲੇ 'ਚ ਸ਼ਾਮਲ ਮੁਲਜ਼ਮਾਂ ਖ਼ਿਲਾਫ਼ ਐੱਫਆਈਆਰ ਦੀ ਡਿਟੇਲ ਵੀ 8 ਮਈ ਤਕ ਮੰਗੀ ਗਈ ਹੈ।

ਇਸ ਤਰ੍ਹਾਂ ਸਾਹਮਣੇ ਆਇਆ ਪੂਰਾ ਮਾਮਲਾ


ਅਸਲ ਵਿਚ ਸੋਮਵਾਰ ਸਵੇਰੇ #boyslockerroom ਟਵਿੱਟਰ 'ਤੇ ਟਰੈਂਡ ਕਰ ਰਿਹਾ ਸੀ। ਇਹ ਇੰਸਟਾਗ੍ਰਾਮ 'ਤੇ ਬਣਾਏ ਗਏ ਇਕ ਅਕਾਊਂਟ ਦਾ ਨਾਂ ਹੈ। ਇਸ 'ਤੇ ਕੁਝ ਵਿਦਿਆਰਥੀ ਨਾ ਸਿਰਫ਼ ਅਸ਼ਲੀਲ ਚੈਟ ਕਰ ਰਹੇ ਸਨ ਬਲਕਿ ਉਹ ਇਸ ਗਰੁੱਪ 'ਚ ਲੜਕੀਆਂ ਦੀਆਂ ਤਸਵੀਰਾਂ ਪਾ ਕੇ ਸਮੂਹਕ ਜਬਰ ਜਨਾਹ ਕਰਨ ਦੀ ਗੱਲ ਤਕ ਕਰ ਰਹੇ ਸਨ। ਇਕ ਟਵਿੱਟਰ ਯੂਜ਼ਰ ਨੇ ਗਰੁੱਪ ਦੇ ਸਕ੍ਰੀਨਸ਼ਾਟ ਲੈ ਕੇ ਸੋਸ਼ਲ ਮੀਡੀਆ 'ਤੇ ਪਾ ਦਿੱਤੇ। ਇਸ ਤੋਂ ਬਾਅਦ ਪੂਰਾ ਮਾਮਲਾ ਸਾਹਮਣੇ ਆਇਆ।

ਉੱਥੇ ਹੀ ਦਿੱਲੀ ਪੁਲਿਸ ਦਾ ਵੀ ਕਹਿਣਾ ਹੈ ਕਿ ਇੰਸਟਾਗ੍ਰਾਮ 'ਤੇ ਬਣਾਏ ਗਏ ਵਿਦਿਆਰਥੀਆਂ ਦੇ ਇਸ ਗਰੁੱਪ 'ਚ ਵਿਦਿਆਰਥੀ ਛੋਟੀਆਂ ਲੜਕੀਆਂ ਦੀਆਂ ਤਸਵੀਰਾਂ ਵੰਡ ਰਹੇ ਹਨ। ਇੰਨਾ ਹੀ ਨਹੀਂ, ਉਨ੍ਹਾਂ ਵੱਲੋਂ ਅਸ਼ਲੀਲ ਗੱਲਾਂ ਕੀਤੀਆਂ ਜਾ ਰਹੀਆਂ ਹਨ ਤੇ ਇਤਰਾਜ਼ਯੋਗ ਸ਼ਬਦਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ।

ਡੀਸੀਪੀ ਅਨਯੇਸ਼ ਰਾਏ ਨੇ ਦੱਸਿਆ ਕਿ ਖ਼ੁਦ ਨੋਟਿਸ ਲੈ ਕੇ ਮਾਮਲਾ ਦਰਜ ਕੀਤਾ ਗਿਆ ਹੈ। ਸਾਈਬਰ ਸੈੱਲ ਮਾਮਲੇ ਦੀ ਜਾਂਚ ਕਰ ਰਿਹਾ ਹੈ। ਇੰਸਟਾਗ੍ਰਾਮ ਨੂੰ ਪੱਤਰ ਲਿਖ ਕੇ ਇਸ ਗਰੁੱਪ ਨਾਲ ਜੁੜੀ ਸਾਰੀ ਜਾਣਕਾਰੀ ਮੰਗੀ ਗਈ ਹੈ। ਇੰਸਟਾਗ੍ਰਾਮ ਤੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਅਗਲੇਰੀ ਕਾਰਵਾਈ ਤੈਅ ਕੀਤੀ ਜਾਵੇਗੀ।

Posted By: Rajnish Kaur