v> Farmers Protest : ਜੇਐੱਨਐੱਨ, ਬਹਾਦਰਗੜ੍ਹ : ਟਿਕਰੀ ਬੈਰੀਅਰ ’ਤੇ ਦਿੱਲੀ ਪੁਲਿਸ ਨੇ ਵਿਧਾਨਕ ਚਿਤਾਵਨੀ ਦੇ ਬੋਰਡ ਲਾਏ ਹਨ। ਇਸ ਵਿਚ ਕਿਹਾ ਗਿਆ ਹੈ ਕਿ ਸੜਕ ’ਤੇ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਵਾਲਿਆਂ ਵੱਲੋਂ ਲਾਇਆ ਗਿਆ ਮਜਮਾ ਕਾਨੂੰਨ ਦੇ ਖ਼ਿਲਾਫ਼ ਹੈ। ਪੁਲਿਸ ਨੇ ਇਹ ਚਿਤਾਵਨੀ ਵੀ ਦਿੱਤੀ ਹੈ ਕਿ ਜੇਕਰ ਕਾਨੂੰਨ ਦੀ ਪਾਲਣਾ ਨਹੀਂ ਕੀਤੀ ਜਾਂਦੀ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਵਿਧਾਨਕ ਚਿਤਾਵਨੀ ਨੂੰ ਹਿੰਦੀ ਤੇ ਪੰਜਾਬੀ ’ਚ ਲਿਖਿਆ ਗਿਆ ਹੈ। ਅੰਦੋਲਨ ਵਾਲੀ ਥਾਂ ’ਤੇ ਜਿੱਥੇ ਕਿਸਾਨਾਂ ਨੇ ਰੈਲੀ ਦੀ ਸਟੇਜ ਬਣਾਈ ਹੋਈ ਹੈ, ਉੱਥੇ ਵੀ ਲਾਈ ਗਈ ਬੈਰੀਕੇਡਿੰਗ ਦੇ ਨਜ਼ਦੀਕ ਪੁਲਿਸ ਨੇ ਇਹ ਚਿਤਾਵਨੀ ਬੋਰਡ ਲਾਇਆ ਹੈ। ਇਸ ਵਿਚ ਲਿਖਿਆ ਗਿਆ ਹੈ ਕਿ ਤੁਹਾਡਾ ਮਜਮਾ, ਮਜਮਾ ਖ਼ਿਲਾਫ਼-ਏ-ਕਾਨੂੰਨ ਕਰਾਰ ਦਿੱਤਾ ਜਾਂਦਾ ਹੈ। ਤੁਹਾਨੂੰ ਆਗਾਹ ਕੀਤਾ ਜਾਂਦਾ ਹੈ ਕਿ ਤੁਸੀਂ ਆਪਣੇ ਮਜਮੇ ਨੂੰ ਤਿੱਤਰ ਬਿੱਤਰ ਕਰ ਲਓ ਵਰਨਾ ਤੁਹਾਡੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉੱਧਰ, ਇਸ ਤਰ੍ਹਾਂ ਦੇ ਬੋਰਡ ਲਾਉਣ ’ਤੇ ਪੰਜਾਬ ਦੀ ਕਿਸਾਨ ਯੂਨੀਅਨ ਦੇ ਆਗੂ ਪਰਗਟ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੀ ਚਿਤਾਵਨੀ ਦੇ ਬੋਰਡ ਪੁਲਿਸ ਵੱਲੋਂ ਕਿਸਾਨਾਂ ਨੂੰ ਡਰਾਉਣ ਦੇ ਇਰਾਦੇ ਨਾਲ ਲਾਏ ਜਾ ਰਹੇ ਹਨ, ਪਰ ਕਿਸਾਨ ਇਸ ਤੋਂ ਡਰਨ ਵਾਲੇ ਨਹੀਂ। ਇਸ ਤਰ੍ਹਾਂ ਦੀ ਸਰਗਰਮੀ ਨੂੰ ਕਿਸਾਨ ਕੋਈ ਤਵੱਜੋ ਵੀ ਨਹੀਂ ਦੇ ਰਹੇ। ਸਾਡਾ ਅੰਦੋਲਨ ਸ਼ਾਂਤੀਪੂਰਨ ਤਰੀਕੇ ਨਾਲ ਚੱਲ ਰਿਹਾ ਹੈ।

Posted By: Seema Anand