R-day Violence : ਜੇਐੱਨਐੱਨ, ਜੰਮੂ : ਗਣਤੰਤਰ ਦਿਵਸ 'ਤੇ ਦਿੱਲੀ ਦੇ ਲਾਲ ਕਿਲ੍ਹੇ 'ਚ ਹੋਈ ਹਿੰਸਾ ਮਾਮਲੇ 'ਚ ਦਿੱਲੀ ਪੁਲਿਸ ਨੇ ਜੰਮੂ ਤੋਂ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿਚ ਦਿੱਲੀ ਪੁਲਿਸ ਨੇ ਜੰਮੂ ਦੇ ਸਤਵਾਰੀ (ਚੱਠਾ) 'ਚ ਰਹਿਣ ਵਾਲੇ 47 ਸਾਲਾ ਅਵਤਾਰ ਸਿੰਘ ਖਾਲਸਾ ਜਦਕਿ ਗਾਂਧੀ ਨਗਰ ਥਾਣਾ ਤਹਿਤ ਡਿਗਿਆਨਾ ਆਸ਼ਰਮ ਇਲਾਕੇ 'ਚ ਰਹਿਣ ਵਾਲੇ 23 ਸਾਲਾ ਨੌਜਵਾਨ ਮਨਦੀਪ ਸਿੰਘ ਸ਼ਾਮਲ ਹਨ।

ਦਿੱਲੀ ਤੋਂ ਇੱਥੇ ਪੁੱਜੀ ਪੁਲਿਸ ਦੀ ਇਕ ਟੀਮ ਨੇ ਜੰਮੂ ਪੁਲਿਸ ਦੀ ਮਦਦ ਨਾਲ ਇਹ ਗ੍ਰਿਫ਼ਤਾਰੀਆਂ ਕੀਤੀਆਂ ਹਨ। ਉੱਥੇ ਹੀ ਇਨ੍ਹਾਂ ਗ੍ਰਿਫ਼ਤਾਰੀਆਂ ਦੇ ਵਿਰੋਧ 'ਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਜੰਮੂ-ਪਠਾਨਕੋਟ ਨੈਸ਼ਨਲ ਹਾਈਵੇ 'ਤੇ ਸਥਿਤ ਡਿਗਿਆਨ ਕੈਂਪ 'ਤੇ ਆਵਾਜਾਈ 'ਚ ਅੜਿੱਕਾ ਪੈਦਾ ਕਰ ਦਿੱਤਾ ਹੈ। ਪਰਿਵਾਰਕ ਮੈਂਬਰ ਤੇ ਉਨ੍ਹਾਂ ਦੇ ਸਮਰਥਨ 'ਚ ਨਿੱਤਰੇ ਸਥਾਨਕ ਲੋਕ ਦੋਵਾਂ ਦੀ ਰਿਹਾਈ ਦੀ ਮੰਗ ਕਰ ਰਹੇ ਹਨ।

ਪ੍ਰਦਰਸ਼ਨ 'ਚ ਸ਼ਾਮਲ ਕਾਂਗਰਸੀ ਮਹਿਲਾ ਆਗੂ ਗੁਰਮੀਤ ਕੌਰ ਨੇ ਦਿੱਲੀ ਪੁਲਿਸ ਸਮੇਤ ਜੰਮੂ ਪੁਲਿਸ 'ਤੇ ਸੰਗੀਨ ਦੋਸ਼ ਲਗਾਏ। ਉਨ੍ਹਾਂ ਦਾ ਕਹਿਣਾ ਹੈ ਕਿ ਮੋਹਿੰਦਰ ਸਿੰਘ ਤੇ ਮਨਦੀਪ ਸਿੰਘ ਨੂੰ ਗਾਂਧੀ ਨਗਰ ਪੁਲਿਸ ਨੇ ਧੋਖੇ ਨਾਲ ਘਰੋਂ ਸੱਦ ਕੇ ਦਿੱਲੀ ਪੁਲਿਸ ਨੂੰ ਸੌਂਪ ਦਿੱਤਾ। ਉਨ੍ਹਾਂ ਦੀ ਗ੍ਰਿਫ਼ਤਾਰੀ ਬਾਰੇ ਨਾ ਤਾਂ ਦਿੱਲੀ ਪੁਲਿਸ ਤੇ ਨਾ ਹੀ ਜੰਮੂ ਪੁਲਿਸ ਨੇ ਦੋਵਾਂ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕੀਤਾ ਹੈ। ਏਨਾ ਹੀ ਨਹੀਂ ਦੋਵਾਂ ਦੇ ਮੋਬਾਈਲ ਫੋਨ ਵੀ ਪੁਲਿਸ ਮੁਲਾਜ਼ਮਾਂ ਨੇ ਖੋਹ ਲਏ ਹਨ। ਜ਼ਿਕਰਯੋਗ ਹੈ ਕਿ 18 ਫਰਵਰੀ ਨੂੰ ਜੰਮੂ 'ਚ ਰੇਲ ਰੋਕੋ ਅੰਦੋਲਨ 'ਚ ਵੀ ਮੋਹਿੰਦਰ ਸਿੰਘ ਖਾਲਸਾ ਨੇ ਵੱਧ-ਚੜ੍ਹ ਕੇ ਹਿੱਸਾ ਲਿਆ ਸੀ।

ਤੁਹਾਨੂੰ ਦੱਸ ਦੇਈਏ ਕਿ ਲਾਲ ਕਿਲ੍ਹੇ 'ਚ ਹੋਈ ਹਿੰਸਾ ਦੇ ਦੋਸ਼ 'ਚ ਫੜੇ ਗਏ ਮੋਹਿੰਦਰ ਸਿੰਘ ਖਾਲਸਾ ਤੇ ਮਨਦੀਪ ਸਿੰਘ ਨੂੰ ਦਿੱਲੀ ਪੁਲਿਸ ਬੀਤੀ ਸੋਮਵਾਰ ਦੇਰ ਰਾਤ ਨੂੰ ਹੀ ਸੜਕ ਮਾਰਗ ਤੋਂ ਲੈ ਕੇ ਰਵਾਨਾ ਹੋ ਗਈ ਸੀ। ਉੱਥੇ ਹੀ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਚਿਤਾਵਨੀ ਦਿੱਤੀ ਕਿ ਜਦੋਂ ਤਕ ਦੋਵਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ, ਅੰਦੋਲਨ ਦਾ ਇਹ ਸਿਲਸਿਲਾ ਜਾਰੀ ਰਹੇਗਾ।

Posted By: Seema Anand