ਜੇਐੱਨਐੱਨ, ਨਵੀਂ ਦਿੱਲੀ : ਸੁਤੰਤਰਤਾ ਦਿਵਸ ਤੋਂ ਪਹਿਲਾਂ ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਬਿਹਾਰ ਤੇ ਜੰਮੂ-ਕਸ਼ਮੀਰ 'ਚ ਅੱਤਵਾਦੀ ਦਹਿਸ਼ਤ ਫੈਲਾਉਣ ਦੀ ਫਿਰਾਕ 'ਚ ਹਨ। ਜੈਸ਼-ਏ-ਮੁਹੰਮਦ ਤੇ ਤਾਲਿਬਾਨੀ ਸੰਗਠਨ ਦੇ 25 ਤੋਂ 30 ਅੱਤਵਾਦੀਆਂ ਦੇ ਬਿਹਾਰ ਤੇ ਜੰਮੂ ਕਸ਼ਮੀਰ ਦੀ ਸਰਹੱਦ ਰਾਹੀਂ ਦੇਸ਼ 'ਚ ਵੜਨ ਦਾ ਖ਼ਦਸ਼ਾ ਇੰਟੈਲੀਜੈਂਸ ਬਿਊਰੋ (ਆਈਬੀ) ਨੇ ਪ੍ਰਗਟਾਇਆ ਹੈ। ਇਸ ਤੋਂ ਬਾਅਦ ਦਿੱਲੀ 'ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਐੱਲਓਸੀ ਤੇ ਨੇਪਾਲ ਸਰਹੱਦ 'ਤੇ ਇਹ ਘੁਸਪੈਠ ਕਰਨ ਦੀ ਕੋਸ਼ਿਸ਼ 'ਚ ਲੱਗੇ ਹੋਏ ਹਨ।

ਬਿਹਾਰ ਦੀ ਸਥਾਨਕ ਖ਼ੁਫ਼ੀਆ ਇਕਾਈ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਰਿਪੋਰਟ ਦਿੱਤੀ ਹੈ। ਇਸ 'ਚ ਲਿਖਿਆ ਗਿਆ ਹੈ ਕਿ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਇੰਟਰ ਸਰਵਿਸਿਜ ਇੰਟੈਲੀਜੈਂਸ (ਆਈਐੱਸਆਈ) ਭਾਰਤ 'ਚ ਅੱਤਵਾਦੀ ਹਮਲਾ ਕਰਵਾਉਣ ਦੀ ਕੋਸ਼ਿਸ 'ਚ ਹੈ।

ਖ਼ੁਫ਼ੀਆ ਜਾਣਕਾਰੀ ਮੁਤਾਬਕ 20-25 ਅੱਤਵਾਦੀ ਭਾਰਤ-ਨੇਪਾਲ ਸਰਹੱਦ ਰਸਤੇ ਬਿਹਾਰ 'ਚ ਜਦਕਿ 5 ਤੋਂ 6 ਅੱਤਵਾਦੀ ਐੱਲਓਸੀ ਦੇ ਰਸਤੇ ਜੰਮੂ-ਕਸ਼ਮੀਰ 'ਚ ਵੜ ਸਕਦੇ ਹਨ। ਤਾਲਿਬਾਨ ਤੇ ਜੈਸ਼-ਏ-ਮੁਹੰਮਦ ਨਾਲ ਜੁੜੇ ਇਨ੍ਹਾਂ ਅੱਤਵਾਦੀਆਂ ਨੂੰ ਪਾਕਿਸਤਾਨੀ ਫ਼ੌਜ ਨੇ ਵਿਸ਼ੇਸ਼ ਸਿਖਲਾਈ ਦੇ ਕੇ ਤਿਆਰ ਕੀਤਾ ਹੈ। ਜੰਮੂ-ਕਸ਼ਮੀਰ ਤੋਂ ਵੜਨ ਵਾਲੇ ਅੱਤਵਾਦੀਆਂ ਦੇ ਹੀ ਦਿੱਲੀ ਪਹੁੰਚਣ ਦਾ ਖ਼ਦਸ਼ਾ ਪ੍ਰਗਟਾਇਆ ਗਿਆ ਹੈ।

ਦਿੱਲੀ 'ਚ ਹਾਈ ਅਲਰਟ

ਇਸ ਹਾਲਤ 'ਚ ਦਿੱਲੀ ਪੁਲਿਸ ਵੱਲੋਂ ਸਾਰੇ ਗੈਸਟ ਹਾਊਸ, ਹੋਟਲ ਤੇ ਲੋਕਾਂ ਦੇ ਠਹਿਰਣ ਦੀ ਥਾਂ ਦੀ ਜਾਂਚ ਕਰਨ ਦੇ ਨਾਲ ਹੀ ਕਸ਼ਮੀਰ ਦੇ ਨੰਬਰ ਵਾਲੇ ਵਾਹਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਦਿੱਲੀ ਪੁਲਿਸ ਤੋਂ ਇਲਾਵਾ ਐੱਨਸੀਆਰ ਦੇ ਸ਼ਹਿਰਾਂ ਦੀ ਪੁਲਿਸ ਨੂੰ ਵੀ ਅਲਰਟ ਕਰਨ ਦੇ ਨਾਲ ਹੀ ਖ਼ੁਫ਼ੀਆ ਏਜੰਸੀਆਂ ਵੀ ਹਾਈ ਅਲਰਟ 'ਤੇ ਹਨ। ਇਹ ਅੱਤਵਾਦੀ ਦਿੱਲੀ ਦੀਆਂ ਉੱਚੀਆਂ ਇਮਾਰਤਾਂ ਨੂੰ ਵੀ ਨਿਸ਼ਾਨਾ ਬਣਾ ਸਕਦੇ ਹਨ, ਇਸ ਹਾਲਤ 'ਚ ਇਸ ਨਜ਼ਰੀਏ ਤੋਂ ਵੀ ਵਾਧੂ ਸੁਰੱਖਿਆ ਵਰਤੀ ਜਾ ਰਹੀ ਹੈ।

ਤਿੰਨ ਖ਼ਾਲਿਸਤਾਨੀ ਅੱਤਵਾਦੀ ਹੋਏ ਸਨ ਗਿ੍ਫ਼ਤਾਰ

ਦਿੱਲੀ ਪੁਲਿਸ ਦੇ ਸਪੈਸ਼ਨ ਸੈੱਲ ਨੇ ਕੁਝ ਦਿਨ ਪਹਿਲਾਂ ਹੀ ਤਿੰਨ ਖ਼ਾਲਿਸਤਾਨੀ ਅੱਤਵਾਦੀਆਂ ਨੂੰ ਗਿ੍ਫ਼ਤਾਰ ਕਰ ਕੇ ਉਨ੍ਹਾਂ ਦੀ ਵੱਡੀ ਸਾਜ਼ਿਸ਼ ਨਾਕਾਮ ਕਰ ਦਿੱਤੀ ਹੈ। ਪੂਰੀ ਦਿੱਲੀ 'ਚ ਚੱਪੇ-ਚੱਪੇ 'ਤੇ ਪੁਲਿਸ ਤੇ ਨੀਮ ਫ਼ੌਜੀ ਬਲਾਂ ਦੀ ਤਾਇਨਾਤੀ ਕਰ ਦਿੱਤੀ ਗਈ ਹੈ। ਗ੍ਹਿ ਮੰਤਰਾਲੇ ਨੇ ਡੀਜੀ ਬਿਹਾਰ ਜ਼ਰੀਏ ਸਾਰੇ ਜ਼ਿਲਿ੍ਹਆਂ ਨੂੰ ਅਲਰਟ ਕਰ ਦੇਣ ਤੇ ਸੁਰੱਖਿਆ ਚਾਕ ਚੌਬੰਦ ਕਰਨ ਦਾ ਨਿਰਦੇਸ਼ ਦਿੱਤਾ ਹੈ।