ਪ੍ਰਕਾਸ਼ ਗਿੱਲ, ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਐਲਾਨ ਕੀਤਾ ਹੈ ਕਿ ਦਿੱਲੀ ਪੁਲਿਸ ਵੱਲੋਂ 26 ਜਨਵਰੀ ਦੇ ਕਿਸਾਨ ਅੰਦੋਲਨ ਸਬੰਧੀ ਜੰਮੂ ਦੇ ਗਾਂਧੀ ਨਗਰ ਤੋਂ ਗਿ੍ਫਤਾਰ ਕੀਤੇ ਗਏ ਪ੍ਰਸਿੱਧ ਕੀਰਤਨੀਏ ਭਾਈ ਮਹਿੰਦਰ ਸਿੰਘ ਖ਼ਾਲਸਾ ਦਾ ਕੇਸ ਦਿੱਲੀ ਗੁਰਦੁਆਰਾ ਕਮੇਟੀ ਲੜੇਗੀ ਤੇ ਉਨ੍ਹਾਂ ਨੂੰ ਛੇਤੀ ਤੋਂ ਛੇਤੀ ਜੇਲ੍ਹ 'ਚੋਂ ਬਾਹਰ ਲਿਆਂਦਾ ਜਾਵੇਗਾ। ਸਿਰਸਾ ਨੇ ਦੱਸਿਆ ਕਿ ਭਾਈ ਖ਼ਾਲਸਾ 26 ਜਨਵਰੀ ਨੂੰ ਦਿੱਲੀ ਆਏ ਸਨ ਤੇ ਉਹ ਕਿਸਾਨ ਮਾਰਚ 'ਚ ਸ਼ਾਮਲ ਸਨ ਤੇ ਉਨ੍ਹਾਂ ਦੀ ਗੱਡੀ ਸਭ ਤੋਂ ਪਿੱਛੇ ਸੀ। ਇਸ ਤੋਂ ਇਲਾਵਾ ਉਨ੍ਹਾਂ ਦਾ ਕੋਈ ਕਸੂਰ ਨਹੀਂ ਸੀ। ਸਿਰਸਾ ਨੇ ਜੰਮੂ ਦੀ ਸੰਗਤ ਨੂੰ ਉਚੇਚੇ ਤੌਰ 'ਤੇ ਭਰੋਸਾ ਦਿੱਤਾ ਕਿ ਭਾਈ ਮਹਿੰਦਰ ਸਿੰਘ ਖ਼ਾਲਸਾ ਦਾ ਕੇਸ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੜੇਗੀ ਤੇ ਉਨ੍ਹਾਂ ਦੀ ਰਿਹਾਈ ਲਈ ਯਤਨ ਤੇਜ਼ ਕੀਤੇ ਜਾਣਗੇ। ਸੋਮਵਾਰ ਦੇਰ ਸ਼ਾਮ ਨੂੰ ਵੀ ਹੋਰ ਦੋ ਵਿਅਕਤੀ ਤਿਹਾੜ ਜੇਲ੍ਹ 'ਚੋਂ ਰਿਹਾਅ ਹੋਏ ਸਨ। ਰਵੀ ਕੁਮਾਰ ਤੇ ਰਾਜਿੰਦਰ ਸਿੰਘ ਦਾ ਹਿੰਸਾ ਨਾਲ ਕੋਈ ਸਬੰਧ ਨਹੀਂ ਸੀ। ਪੁਲਿਸ ਨੇ ਇਨ੍ਹਾਂ ਨੂੰ 160 ਦੇ ਨੋਟਿਸ ਤਹਿਤ ਯਾਨੀ ਗਵਾਹ ਵਜੋਂ ਸੱਦਿਆ ਤੇ ਚੁੱਕ ਕੇ ਅੰਦਰ ਦੇ ਦਿੱਤਾ ਸੀ।

Posted By: Susheel Khanna