ਨਵੀਂ ਦਿੱਲੀ, ਪੀਟੀਆਈ : ਦਿੱਲੀ ਸਰਕਾਰ ਨੇ ਨਿਰਭੈਆ ਦੇ ਚਾਰ ਦੋਸ਼ੀਆਂ 'ਚ ਇਕ ਮੁਕੇਸ਼ ਸਿੰਘ ਦੀ ਤਰਸ ਅਰਜ਼ੀ ਨੂੰ ਖ਼ਾਰਜ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦੱਸਿਆ ਕਿ ਅਸੀਂ ਇਸ ਨੂੰ ਬਹੁਤ ਹੀ ਤੇਜ਼ੀ ਨਾਲ ਐੱਲਜੀ ਕੋਲ ਭੇਜ ਦਿੱਤਾ ਹੈ।

24 ਘੰਟਿਆਂ ਬਾਅਦ ਦਿੱਲੀ ਸਰਕਾਰ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਭੇਜਿਆ

ਮਨੀਸ਼ ਸਿਸੋਦੀਆ ਨੇ ਦੱਸਿਆ ਹੈ ਕਿ ਅਸੀਂ 32 ਸਾਲਾ ਮੁਕੇਸ਼ ਦੀ ਤਰਸ ਅਰਜ਼ੀ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਭੇਜ ਦਿੱਤਾ ਹੈ। ਮੁਕੇਸ਼ ਦੀ ਅਰਜ਼ੀ ਦਾਇਰ ਹੋਣ ਤੋਂ ਇਕ ਦਿਨ ਬਾਅਦ ਹੀ ਭੇਜ ਦਿੱਤਾ ਹੈ। ਕਿਹਾ ਕਿ ਸਾਨੂੰ ਪਤਾ ਲੱਗਿਆ ਕਿ ਇਕ ਅਰਜ਼ੀ ਦਾਇਰ ਕੀਤੀ ਗਈ ਹੈ ਅਤੇ ਇਸ ਤੋਂ ਬਾਅਦ ਅਸੀਂ ਇਸ ਨੂੰ ਮਨਜ਼ੂਰੀ ਨਾ ਦਿੱਤੇ ਜਾਣ ਦੀ ਸਿਫ਼ਾਰਸ਼ ਕੀਤੀ ਹੈ। ਇਸ ਨੂੰ ਐੱਲਜੀ ਕੋਲ ਕਾਫ਼ੀ ਤੇਜ਼ੀ ਨਾਲ ਭੇਜ ਦਿੱਤਾ ਗਿਆ ਹੈ।

ਦਿੱਲੀ ਹਾਈ ਕੋਰਟ ਨੇ ਬੁੱਧਵਾਰ ਨੂੰ ਇਕ ਹੇਠਲੀ ਅਦਾਲਤ ਵੱਲੋਂ ਜਾਰੀ ਕੀਤੇ ਗਏ ਡੈੱਥ ਵਾਰੰਟ ਖ਼ਿਲਾਫ਼ ਸਿੰਘ ਦੀ ਅਰਜ਼ੀ 'ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ ਉਸ ਨੂੰ ਹੇਠਲੀ ਅਦਾਲਤ 'ਚ ਚੁਣੌਤੀ ਦੇਣ ਦੀ ਖੁੱਲ੍ਹ ਦਿੱਤੀ। ਜਸਟਿਸ ਮਨਮੋਹਨ ਅਤੇ ਸੰਗੀਤਾ ਢੀਂਗਰਾ ਸਹਿਗਲ ਦੀ ਬੈਂਚ ਨੇ ਕਿਹਾ ਕਿ ਹੇਠਲੀ ਅਦਾਲਤ ਵੱਲੋਂ ਜਾਰੀ ਡੈੱਥ ਵਾਰੰਟ 'ਚ ਕੋਈ ਤਰੁੱਟੀ ਨਹੀਂ ਹੈ। ਹਾਲਾਂਕਿ ਅਦਾਲਤ ਨੇ ਇਹ ਵੀ ਸਾਫ਼ ਕੀਤਾ ਕਿ ਉਹ ਆਪਣੇ ਖ਼ਿਲਾਫ਼ ਜਾਰੀ ਡੈੱਥ ਵਾਰੰਟ ਨੂੰ ਹੇਠਲੀ ਅਦਾਲਤ 'ਚ ਚੈਲੰਜ ਕਰ ਸਕਦਾ ਹੈ।

ਉੱਧਰ, ਦਿੱਲੀ ਸਰਕਾਰ ਨੇ ਹਾਈ ਕੋਰਟ 'ਚ ਸੁਣਵਾਈ ਦੌਰਾਨ ਇਹ ਸਾਫ਼ ਕੀਤਾ ਕਿ ਉਸ ਨੂੰ 22 ਜਨਵਰੀ ਨੂੰ ਫਾਂਸੀ ਇਸ ਲਈ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਉਸ ਦੀ ਮਰਸੀ ਪਟੀਸ਼ਨ ਅਜੇ ਅਦਾਲਤ 'ਚ ਦਾਖ਼ਲ ਹੈ। ਜ਼ਿਕਰਯੋਗ ਹੈ ਕਿ ਅਦਾਲਤ ਨੇ ਨਿਰਭੈਆ ਦੇ ਚਹੁੰ ਦੋਸ਼ੀਆਂ ਨੂੰ 22 ਜਨਵਰੀ ਸਵੇਰੇ ਸੱਤ ਵਜੇ ਫਾਂਸੀ ਦੇਣ ਦੀ ਸਜ਼ਾ ਸੁਣਾਈ ਹੈ।

Posted By: Jagjit Singh