ਜੇਐੱਨਐੱਨ, ਨਵੀਂ ਦਿੱਲੀ : ਪੂਰਬੀ ਦਿੱਲੀ ਦੇ ਪੌਸ਼ ਇਲਾਕੇ ਵਸੁੰਦਰਾ 'ਚ ਮਾਂ-ਧੀ ਦੀ ਹੱਤਿਆ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਵਸੁੰਧਰਾ ਐਨਕਲੇਵ 'ਚ ਮਾਂ-ਧੀ ਦੀ ਚਾਕੂ ਮਾਰ ਕੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਸੋਮਵਾਰ ਸਵੇਰੇ ਦੋਵਾਂ ਦੀਆਂ ਲਾਸ਼ਾਂ ਫਲੈਟ 'ਚੋਂ ਬਰਾਮਦ ਹੋਈਆਂ ਹਨ। ਮ੍ਰਿਤਕਾਂ ਦੀ ਪਛਾਣ ਸੁਮਿਤਾ (ਮਾਂ) ਤੇ ਸਮ੍ਰਿਤਾ (ਬੇਟੀ) ਦੇ ਰੂਪ 'ਚ ਹੋਈ ਹੈ।

ਸਵੇਰੇ ਹੋਇਆ ਡਬਲ ਮਰਡਰ ਦਾ ਖੁਲਾਸਾ

ਦੱਸਿਆ ਜਾ ਰਿਹਾ ਹੈ ਕਿ ਪਤੀ ਦੀ ਮੌਤ ਤੋਂ ਬਾਅਦ ਸੁਮਿਤਾ ਆਪਣੀ ਧੀ ਸਮ੍ਰਿਤਾ ਨਾਲ ਵਸੁੰਧਰਾ ਐਨਕਲੇਵ ਦੇ ਮਾਨਸਾਰਾ ਅਪਾਰਟਮੈਂਟ 'ਚ ਰਹਿੰਦੀ ਸੀ। ਸੋਮਵਾਰ ਸਵੇਰੇ ਘਰੇਲੂ ਸਹਾਇਕ ਕੰਮ ਲਈ ਪਹੁੰਚੀ ਤਾਂ ਮਾਂ-ਧੀ ਦੀਆਂ ਲਾਸ਼ਾਂ ਸਾਹਮਣੇ ਪਈਆਂ ਸਨ। ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਉੱਥੇ ਹੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਪੋਸਟਮਾਰਟਮ 'ਚ ਹੀ ਪਤਾ ਚੱਲ ਸਕੇਗਾ ਕਿ ਦੋਵਾਂ ਦੀ ਹੱਤਿਆ ਕਦੋਂ ਹੋਈ?

ਈਵੈਂਟ ਮੈਨੇਜਮੈਂਟ ਦਾ ਕੰਮ ਕਰਦੀ ਸੀ ਮਾਂ

ਸ਼ੁਰੂਆਤੀ ਜਾਂਚ 'ਚ ਪਤਾ ਚੱਲਿਆ ਹੈ ਕਿ ਜਾਨ ਗਵਾਉਣ ਵਾਲੀ ਮਾਂ ਸੁਮਿਤਾ ਈਵੈਂਟ ਮੈਨੇਜਮੈਂਟ ਦਾ ਕੰਮ ਕਰਦੀ ਸੀ ਜਦਕਿ ਬੇਟੀ ਹਾਸਪੀਟੈਲਿਟੀ ਸੈਕਟਰ ਦੀ ਟ੍ਰੇਨਿੰਗ ਲੈ ਰਹੀ ਸੀ। ਪੁਲਿਸ ਮੁਤਾਬਿਕ ਦੋਵਾਂ ਦੇ ਸਰੀਰ 'ਤੇ ਚਾਕੂ ਦੇ ਗਹਿਰੇ ਜ਼ਖ਼ਮ ਹਨ। ਪਹਿਲੀ ਨਜ਼ਰ 'ਚ ਲੱਗ ਰਿਹਾ ਹੈ ਕਿ ਹੱਤਿਆ 'ਚ ਇਕ ਤੋਂ ਜ਼ਿਆਦਾ ਲੋਕ ਸ਼ਾਮਲ ਸਨ।

ਜਾਣ-ਪਛਾਣ ਵਾਲੇ 'ਤੇ ਸ਼ੱਕ

ਫਿਲਹਾਲ ਪੁਲਿਸ ਨੇ ਹੱਤਿਆ ਦਾ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੁਸਾਇਟੀ 'ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਪੁਲਿਸ ਸੂਤਰਾਂ ਦੀ ਮੰਨੀਏ ਤਾਂ ਹੱਤਿਆ 'ਚ ਕਿਸੇ ਜਾਣ-ਪਛਾਣ ਵਾਲੇ ਦਾ ਹੱਥ ਹੋ ਸਕਦਾ ਹੈ।

ਕਾਲ ਡਿਟੇਲ ਜੁਟਾ ਰਹੀ ਪੁਲਿਸ

ਜਾਂਚ ਦੀ ਕੜੀ 'ਚ ਪੁਲਿਸ ਮਾਂ-ਧੀ ਦੇ ਫੋਨ ਜ਼ਬਤ ਕਰ ਕੇ ਕਾਲ ਡਿਟੇਲ ਵੀ ਇਕੱਠੀ ਕਰ ਰਹੀ ਹੈ ਜਿਸ ਤੋਂ ਪਤਾ ਚੱਲ ਸਕੇ ਕਿ ਹੱਤਿਆ ਤੋਂ ਪਹਿਲਾਂ ਕਿਸ-ਕਿਸ ਨਾਲ ਦੋਵਾਂ ਦੀ ਗੱਲਬਾਤ ਹੋਈ।

Posted By: Seema Anand